ਨਵੀਂ ਦਿੱਲੀ : ਅਖਿਲ ਭਾਰਤੀ ਦਲਿਤ ਮਹਾਂਪੰਚਾਇਤ ਦੇ ਕੌਮੀ ਪ੍ਰਧਾਨ ਮੌਰ ਸਿੰਘ ਪਹਿਲਵਾਨ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਚੌਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਚੋਣਾਂ ਲੜ ਰਹੇ ਚਾਰੋਂ ਉਮੀਦਵਾਰਾਂ ਨੂੰ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦਫਤਰ ਵਿਖੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸ ਬਾਬਤ ਸਮਰਥਨ ਪੱਤਰ ਸੌਂਪਣ ਉਪਰੰਤ ਪਹਿਲਵਾਨ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਦਲਿਤ ਭਾਈਚਾਰੇ ਵੱਲੋਂ ਦਿੱਲੀ ਵਿਖੇ ਭਾਜਪਾ ਦੇ ਉਮੀਦਵਾਰਾਂ ਨੂੰ ਹਿਮਾਇਤ ਕਰਨ ਦੇ ਐਲਾਨ ਦੀ ਕੜ੍ਹੀ ’ਚ ਹੀ ਅਕਾਲੀ ਉਮੀਦਵਾਰਾਂ ਦੀ ਹਿਮਾਇਤ ਕਰਨ ਦੀ ਗੱਲ ਕਹੀ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਆਗੂ ਕੈਲਾਸ਼ ਵਿਜੈਵਰਗੀਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਵਿਖੇ ਅਕਾਲੀ ਭਾਜਪਾ ਸਰਕਾਰ ਵੱਲੋਂ ਦਲਿਤ ਸਮਾਜ ਨੂੰ ਦਿੱਤੇ ਜਾ ਰਹੇ ਸਨਮਾਨਾਂ ਕਰਕੇ ਅਕਾਲੀ ਦਲ ਦੀ ਹਮਾਇਤ ਕਰਨ ਦਾ ਵੀ ਉਨ੍ਹਾਂ ਦਾਅਵਾ ਕੀਤਾ। ਉਨ੍ਹਾਂ ਦੇ ਨਾਲ ਮਹਾਂਪੰਚਾਇਤ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਵੀ ਮੌਜ਼ੂਦ ਸਨ। ਬੀਬੀ ਜਗੀਰ ਕੌਰ ਨੇ ਦਲਿਤ ਭਾਈਚਾਰੇ ਨੂੰ ਦਿੱਲੀ ਵਿਖੇ ਭਾਜਪਾ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਯੋਗ ਸਨਮਾਨ ਦੇ ਦਾ ਵੀ ਵਾਇਦਾ ਕੀਤਾ।