ਨਵੀਂ ਦਿੱਲੀ – ਆਮ ਆਦਮੀ ਪਾਰਟੀ ਬੀਜੇਪੀ ਅਤੇ ਕਾਂਗਰਸ ਦੋਵਾਂ ਦਾ ਸਫਾਇਆ ਕਰਕੇ ਬਹੁਤ ਭਾਰੀ ਜਿੱਤ ਪ੍ਰਾਪਤ ਕਰ ਰਹੀ ਹੈ। ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਨੂੰ ਨਾਂ ਭੁੱਲੇ। ਅੰਨਾ ਨੇ ਕਿਹਾ ਕਿ ਦਿੱਲੀ ਵਿੱਚ ਬੀਜੇਪੀ ਦੀ ਨਹੀਂ, ਇਹ ਮੋਦੀ ਦੀ ਹਾਰ ਹੋਈ ਹੈ।
ਅੰਨਾ ਹਜ਼ਾਰੇ ਨੇ ਕਿਹਾ ਕਿ ਦਿੱਲੀ ਵਿੱਚ ਮੋਦੀ ਵੱਲੋਂ 6 ਰੈਲੀਆਂ ਕਰਨ ਦੇ ਬਾਵਜੂਦ ਵੀ ਭਾਜਪਾ ਬੁਰੀ ਤਰ੍ਹਾਂ ਹਾਰ ਗਈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਨਾਲ ਕਾਲਾ ਧੰਨ ਵਾਪਿਸ ਲਿਆਉਣ ਦਾ ਵਾਅਦਾ ਕੀਤਾ ਸੀ। ਲੋਕਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਹਰ ਭਾਰਤਵਾਸੀ ਦੇ ਖਾਤੇ ਵਿੱਚ 15 ਲੱਖ ਰੁਪੈ ਆਉਣਗੇ ਪਰ ਅਜੇ ਤੱਕ 15 ਰੁਪੈ ਵੀ ਨਹੀਂ ਆਏ।