ਚੰਡੀਗੜ੍ਹ – “ਜੋ ਦਿੱਲੀ ਦੇ ਨਿਵਾਸੀਆਂ ਨੇ ਬੀਜੇਪੀ, ਕਾਂਗਰਸ ਅਤੇ ਬਾਦਲ ਦਲੀਆਂ ਆਦਿ ਫਿਰਕੂ ਅਤੇ ਮੁਤੱਸਵੀ ਤਾਕਤਾਂ ਨੂੰ ਹਰਾਕੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਆਪ ਪਾਰਟੀ ਨੂੰ ਪੂਰਨ ਬਹੁਮੱਤ ਦੇ ਕੇ ਧਰਮ ਕੱਟੜਤਾ ਅਤੇ ਸਮਾਜਵਾਦੀ ਸੋਚ ਅਤੇ ਮੋਦੀ ਦੀ ਮੁਤੱਸਵੀ ਹਕੂਮਤ ਵਿਰੁੱਧ ਰਾਏਸੁਮਾਰੀ ਦਿੱਤੀ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਕੇਜਰੀਵਾਲ ਅਤੇ ਦਿੱਲੀ ਦੇ ਨਿਵਾਸੀਆਂ ਨੂੰ ਹਾਰਦਿਕ ਮੁਬਾਰਕਬਾਦ ਭੇਜਦਾ ਹੈ, ਪਰ ਇਸ ਦੇ ਨਾਲ ਹੀ ਸਿੱਖ ਕੌਮ ਲਈ ਗੰਭੀਰ ਪ੍ਰਸ਼ਨ ਵੀ ਇਸ ਕਰਕੇ ਖੜ੍ਹਾ ਹੋ ਜਾਂਦਾ ਹੈ ਕਿ ਦਿੱਲੀ ਵਿਖੇ ਇਸ ਜਿੱਤ ਨਾਲ ਹਿੰਦੂਤਵ ਸੋਚ ਹੀ ਮਜ਼ਬੂਤ ਹੋਈ ਹੈ ਜੋ ਕਿ ਘੱਟ ਗਿਣਤੀ ਕੌਮਾਂ ਲਈ ਗਹਿਰੀ ਚਿੰਤਾ ਦਾ ਵਿਸ਼ਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਦਿੱਲੀ ਦੇ ਸਾਹੀ ਇਮਾਮ ਨੇ ਸ੍ਰੀ ਕੇਜਰੀਵਾਲ ਦੀ ਆਪ ਪਾਰਟੀ ਨੂੰ ਸਮਰਥਨ ਦੇਣ ਦਾ ਜਨਤਕ ਤੌਰ ਤੇ ਐਲਾਨ ਕੀਤਾ ਸੀ । ਲੇਕਿਨ ਸ੍ਰੀ ਕੇਜਰੀਵਾਲ ਨੇ ਮੁਸਲਿਮ ਕੌਮ ਦੇ ਇਸ ਸਮਰਥਨ ਨੂੰ ਪ੍ਰਾਪਤ ਕਰਨ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ, ਤਾਂ ਕਿ ਉਸ ਨੂੰ ਮਿਲਣ ਵਾਲੀਆਂ ਹਿੰਦੂ ਵੋਟਾਂ ਦਾ ਨੁਕਸਾਨ ਨਾ ਹੋਵੇ । ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਦੀ ਆਪ ਪਾਰਟੀ ਦੇ ਪੰਜਾਬ ਦੇ ਕੰਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨਾਲ ਦਿੱਲੀ ਚੋਣਾਂ ਦੇ ਸੰਬੰਧ ਵਿਚ ਹਮਾਇਤ ਦੇਣ ਸੰਬੰਧੀ ਕਈ ਦਿਨ ਗੱਲ ਚੱਲਦੀ ਰਹੀ, ਪਰ ਸ੍ਰੀ ਕੇਜਰੀਵਾਲ ਨੇ ਇਸ ਕਰਕੇ ਸਾਡੀ ਹਮਾਇਤ ਦੇਣ-ਲੈਣ ਦੀ ਸਹਿਮਤੀ ਨਾ ਦਿੱਤੀ ਕਿਉਂਕਿ ਸਾਡਾ ਮੁੱਖ ਸਿਆਸੀ ਨਿਸ਼ਾਨਾਂ “ਖ਼ਾਲਿਸਤਾਨ” ਹੈ । ਮੁਸਲਿਮ ਅਤੇ ਸਿੱਖ ਕੌਮ ਤੋਂ ਸ੍ਰੀ ਕੇਜਰੀਵਾਲ ਵੱਲੋਂ ਪਾਸਾ ਵੱਟਣ ਦਾ ਮਤਲਬ ਹਿੰਦੂ ਸੋਚ ਨੂੰ ਮਜ਼ਬੂਤ ਕਰਨਾ । ਫਿਰ ਕਾਂਗਰਸ, ਬੀਜੇਪੀ ਅਤੇ ਆਪ ਪਾਰਟੀ ਦੇ ਅਮਲਾਂ ਵਿਚ ਕੀ ਫਰਕ ਰਹਿ ਗਿਆ ? ਸਿੱਖ ਕੌਮ ਆਪਣੇ ਕੌਮੀ ਮੁਫਾਦਾ ਨੂੰ ਛੱਡਕੇ ਜਦੋਂ ਕਦੀ ਮਨਮੋਹਨ ਸਿੰਘ, ਕਦੀ ਕੇਜਰੀਵਾਲ ਅਤੇ ਕਦੀ ਕਿਸੇ ਹੋਰ ਪਾਰਟੀ ਤੇ ਆਗੂ ਦੇ ਮਗਰ ਲੱਗ ਜਾਂਦੀ ਹੈ ਤਾਂ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਜਿਵੇਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੇ ਕੀਮਤੀ ਪਾਣੀ, ਪੰਜਾਬ ਦੇ ਹੈੱਡਵਰਕਸ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਫ਼ੌਜ ਵਿਚ ਸਿੱਖਾਂ ਦੀ ਭਰਤੀ ਦਾ ਕੋਟਾ, ਪੰਜਾਬ ਵਿਚ ਤੇਜੀ ਨਾਲ ਵੱਧਦੀ ਜਾ ਰਹੀ ਬੇਰੁਜ਼ਗਾਰੀ, ਸਿੱਖ ਕੌਮ ਦੇ ਕਾਤਲਾਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ, ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਵਿਧਾਨ ਦੀ ਧਾਰਾ 25 ਨੂੰ ਖ਼ਤਮ ਕਰਨ, ਸਿੱਖ ਕੌਮ ਨੂੰ ਬਤੌਰ ਕੌਮ ਦੇ ਕਾਨੂੰਨੀ ਮਾਨਤਾ ਦਿਵਾਉਣ ਆਦਿ ਮਸਲਿਆ ਨੂੰ ਕੌਣ ਹੱਲ ਕਰੇਗਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਚੰਡੀਗੜ੍ਹ ਦੀ ਸਤਿਕਾਰਯੋਗ ਪ੍ਰੈਸ ਨੂੰ ਸ. ਜਸਵੰਤ ਸਿੰਘ ਮਾਨ ਸਕੱਤਰ ਜਰਨਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਵਿਖੇ ਸੁਬੋਧਿਤ ਹੁੰਦੇ ਹੋਏ ਸ੍ਰੀ ਕੇਜਰੀਵਾਲ ਦੀ ਪਾਰਟੀ ਦੀ ਦਿੱਲੀ ਵਿਖੇ ਹੋਈ ਵੱਡੀ ਜਿੱਤ ਉਤੇ ਇਕ ਸਿਆਸੀ ਸਪੋਰਟਸਮੈਨ ਦੀ ਤਰ੍ਹਾਂ ਮੁਬਾਰਕਬਾਦ ਦਿੰਦੇ ਹੋਏ ਅਤੇ ਸਿੱਖ ਕੌਮ ਵੱਲੋਂ ਹਰ ਵਾਰ ਆਪਣੇ-ਆਪ ਨੂੰ ਭੰਬਲਭੂਸੇ ਵਿਚ ਪਾਈ ਰੱਖਣ ਦੇ ਹੋ ਰਹੇ ਅਮਲਾਂ ਉਤੇ ਸਿੱਖ ਕੌਮ ਨੂੰ ਪ੍ਰਸ਼ਨ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 12 ਫ਼ਰਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਦਾ 68ਵਾਂ ਜਨਮ ਦਿਹਾੜਾ ਪੂਰੀ ਸ਼ਾਨੋ-ਸੌਕਤ ਤੇ ਧੂਮਧਾਮ ਨਾਲ ਮਨਾ ਰਿਹਾ ਹੈ । ਜਿਸ ਵਿਚ ਸਮੁੱਚੀਆਂ ਕੌਮਾਂ, ਧਰਮਾਂ, ਫਿਰਕਿਆ ਅਤੇ ਵਰਗਾਂ ਦੇ ਉਹਨਾਂ ਨਿਵਾਸੀਆਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਜੋ ਇਥੇ ਸਭ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ ਪ੍ਰਦਾਨ ਕਰਨ ਅਤੇ ਸਾਫ਼-ਸੁਥਰਾ, ਰਿਸ਼ਵਤ ਅਤੇ ਸਮਾਜਿਕ ਬੁਰਾਈਆ ਤੋਂ ਰਹਿਤ ਸਮਾਜ ਸਿਰਜ਼ਣ ਦੀ ਚਾਹਨਾ ਰੱਖਦੇ ਹਨ । ਕਿਉਂਕਿ ਸਾਡੇ ਵੱਲੋਂ ਕਾਇਮ ਕੀਤਾ ਜਾਣ ਵਾਲਾ ਖ਼ਾਲਿਸਤਾਨ ਸਟੇਟ ਸਭਨਾਂ ਕੌਮਾਂ, ਧਰਮਾਂ ਅਤੇ ਫਿਰਕਿਆ ਨੂੰ ਬਰਾਬਰਤਾ ਦੇ ਆਧਾਰ ਤੇ ਵੱਧਣ-ਫੁੱਲਣ ਦੇ ਮੌਕੇ ਪ੍ਰਦਾਨ ਕਰੇਗਾ ਅਤੇ ਕਾਨੂੰਨ ਤੇ ਇਨਸਾਫ਼ ਨੂੰ ਮੁੱਖ ਰੱਖਿਆ ਜਾਵੇਗਾ । ਸ. ਮਾਨ ਨੇ ਸ. ਜਗਤਾਰ ਸਿੰਘ ਤਾਰਾ, ਜਿਸ ਨੂੰ ਇਥੋਂ ਦੀਆਂ ਖੂਫੀਆ ਏਜੰਸੀਆਂ ਅਤੇ ਅਦਾਲਤਾਂ ਵੱਲੋਂ ਵਾਰ-ਵਾਰ ਨਿਰੰਤਰ ਕਈ-ਕਈ ਦਿਨਾਂ ਦੇ ਪੁਲਿਸ ਰਿਮਾਡ ਦੇਣ ਦੇ ਹੁਕਮ ਕਰਕੇ ਸਰੀਰਕ ਅਤੇ ਦਿਮਾਗੀ ਤੌਰ ਤੇ ਬਿਨ੍ਹਾਂ ਵਜਹ ਪ੍ਰੇਸ਼ਾਨ ਕਰਨ ਦਾ ਅਮਲ ਹੋ ਰਿਹਾ ਹੈ, ਜੇਕਰ ਕੋਈ ਗੱਲ ਸਾਹਮਣੇ ਆਉਣੀ ਹੁੰਦੀ ਤਾਂ ਉਹ ਕਦੋ ਦੀ ਆ ਗਈ ਹੁੰਦੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਨੁੱਖਤਾ ਅਤੇ ਇਨਸਾਫ਼ ਦੇ ਬਿਨ੍ਹਾਂ ਤੇ ਅਪੀਲ ਕਰਦਾ ਹੈ ਕਿ ਉਹ ਇਸ ਘਿਣੋਨੇ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਸ. ਜਗਤਾਰ ਸਿੰਘ ਤਾਰਾ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਬੰਦ ਕਰਵਾਇਆ ਜਾਵੇ ।
ਉਹਨਾਂ ਦਿੱਲੀ ਵਿਖੇ ਹੋਈਆ ਚੋਣਾਂ ਦੇ ਅੱਜ ਦੇ ਨਤੀਜਿਆਂ ਤੋਂ ਪਹਿਲੇ ਬੀਜੇਪੀ ਅਤੇ ਬਾਦਲ ਦਲੀਆਂ ਦੇ ਆਗੂਆਂ ਦੇ ਆਏ ਇਹ ਬਿਆਨ ਕਿ ਦਿੱਲੀ ਚੋਣਾਂ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਲਈ ਰਾਏਸੁਮਾਰੀ ਹੋਵੇਗੀ, ਇਹਨਾਂ ਨਤੀਜਿਆ ਨੇ ਮੋਦੀ ਅਤੇ ਬਾਦਲਾਂ ਦੀ ਮੀਡੀਏ ਵਿਚ ਬਣਾਈ ਗਈ “ਹਰਮਨ ਪਿਆਰਤਾ” ਉਤੇ ਵੀ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ । ਇਸ ਮੌਕੇ ਤੇ ਅਸੀਂ ਅਮਰੀਕਾ ਦੇ ਸਦਰ ਸ੍ਰੀ ਬਰਾਕ ਓਬਾਮਾ ਨੂੰ ਵੀ ਪੁੱਛਣਾ ਚਾਹਵਾਂਗੇ ਕਿ ਜੋ ਉਹਨਾਂ ਨੇ 26 ਜਨਵਰੀ ਦੇ ਦਿਨ ਦਿੱਲੀ ਆ ਕੇ ਮੋਦੀ ਨੂੰ ਨਸੀਅਤ ਦਿੰਦੇ ਹੋਏ ਧਰਮ ਨਿਰਪੱਖਤਾ ਅਤੇ ਸਮਾਜਵਾਦੀ ਸੋਚ ਉਤੇ ਚੱਲਣ ਲਈ ਕਿਹਾ ਸੀ, ਇਸ ਨਤੀਜੇ ਉਪਰੰਤ ਉਹਨਾਂ ਵੱਲੋਂ ਦਿੱਤੀ ਨਸੀਅਤ ਦੇ ਮੋਦੀ ਦੇ ਅਮਲਾਂ ਦੀ ਬਦੌਲਤ ਧਰਮ ਨਿਰਪੱਖਤਾ ਦਾ ਕੌਮਾਂਤਰੀ ਪੱਧਰ ਤੇ ਜਨਾਜ਼ਾਂ ਨਿਕਲ ਚੁੱਕਾ ਹੈ । ਜੋ ਅੱਜ ਆਰ.ਐਸ.ਐਸ. ਦੇ ਮੁੱਖੀ ਮੋਹਨ ਭਗਵਤ ਨੇ ਫਿਰ ਕੱਟੜਤਾ ਦਾ ਬਿਆਨ ਦਿੱਤਾ ਹੈ, ਇਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪਾਕਿਸਤਾਨ ਦੇ ਸਦਰ ਜਿਆ ਉਲ ਹੱਕ ਨੇ ਪਾਕਿਸਤਾਨ ਫ਼ੌਜ ਵਿਚ ਇਸਲਾਮਿਕ ਪ੍ਰਚਾਰ ਕਰਕੇ ਇਸਲਾਮੀ ਰੰਗ ਦੇ ਦਿੱਤਾ ਸੀ, ਉਸੇ ਤਰ੍ਹਾਂ ਮੌਜੂਦਾ ਮੋਦੀ ਹਕੂਮਤ ਅਤੇ ਇਸ ਵਿਚ ਸ਼ਾਮਿਲ ਕੱਟੜ ਸੋਚ ਵਾਲੇ ਲੋਕ ਇਥੋਂ ਦੀ ਫ਼ੌਜ ਨੂੰ ਹਿੰਦੂਤਵ ਵਿਚ ਰੰਗਨ ਲਈ ਅਮਲ ਕਰ ਰਹੇ ਹਨ । ਫਿਰ ਸ੍ਰੀ ਓਬਾਮਾ ਦੀ ਸੋਚ ਅਤੇ ਅਮਲ ਦਾ ਕੀ ਬਣੇਗਾ, ਜੋ ਹਿੰਦ ਨੂੰ 123 ਨਿਊਕਲਰ ਸਮਝੋਤੇ ਅਧੀਨ ਅਤੇ ਹੋਰ ਫ਼ੌਜੀ ਸਮਝੋਤਿਆ ਅਧੀਨ ਬਿਨ੍ਹਾਂ ਕਿਸੇ ਤਰਕ ਤੋਂ ਸਹਿਯੋਗ ਕਰ ਰਹੇ ਹਨ ? ਅਜਿਹੇ ਅਮਲ ਕਰਕੇ ਅਮਰੀਕਾ ਅਤੇ ਹਿੰਦ ਦੇ ਸਦਰ ਸ੍ਰੀ ਪ੍ਰਣਾਬ ਮੁਖਰਜੀ ਹਿੰਦ ਦੇ ਵਿਧਾਨ ਅਨੁਸਾਰ ਇਥੇ ਧਰਮ ਨਿਰਪੱਖਤਾ ਅਤੇ ਸਮਾਜਵਾਦੀ ਸੋਚ ਪ੍ਰਤੀ ਆਪਣਾ ਕੀ ਸਟੈਂਡ ਲੈਣਗੇ ? ਅਮਰੀਕਾ ਭਾਰਤ ਨਾਲ ਖੜ੍ਹਾ ਹੈ ।
ਹੁਣ ਜਦੋਂ ਯੂਕਰੇਨ ਅਤੇ ਰੂਸ ਦੀਆਂ ਹੱਦਾਂ ਸੰਬੰਧੀ ਕੌਮਾਂਤਰੀ ਝਗੜਾ ਸੁਰੂ ਹੋ ਗਿਆ ਹੈ ਤੇ ਸ੍ਰੀ ਓਬਾਮਾ ਅਤੇ ਨਾਟੋ ਮੁਲਕ ਯੂਕਰੇਨ ਨਾਲ ਖਲੋ ਗਏ ਹਨ ਤਾਂ ਭਾਰਤ ਦਾ ਇਸ ਵਿਸ਼ੇ ਤੇ ਕੀ ਸਟੈਂਡ ਹੋਵੇਗਾ ਅਤੇ ਦਿੱਲੀ ਦੀਆਂ ਚੋਣਾਂ ਦੇ ਨਤੀਜਿਆ ਉਪਰੰਤ ਅਮਰੀਕਾ ਦੀ ਵਿਦੇਸ਼ੀ ਨੀਤੀ ਵਿਚ ਕੀ ਕੋਈ ਬਦਲਾਅ ਆਵੇਗਾ ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 22 ਅਤੇ 25 ਫ਼ਰਵਰੀ ਨੂੰ ਪੰਜਾਬ ਸੂਬੇ ਵਿਚ 6 ਮਿਊਸੀਪਲ ਕਾਰਪੋਰੇਸ਼ਨਾਂ ਅਤੇ 123 ਮਿਊਸੀਪਲ ਕੌਸ਼ਲਾਂ ਦੀਆਂ ਹੋਣ ਜਾ ਰਹੀਆਂ ਨਿਜਾਮੀ ਚੋਣਾਂ ਵਿਚ ਪਾਰਟੀ ਦੇ ਬਿਨ੍ਹਾਂ ਤੇ ਆਪਣੇ ਬੇਦਾਗ ਉੱਚੇ-ਸੁੱਚੇ ਇਖ਼ਲਾਕ ਵਾਲੇ ਉਮੀਦਵਾਰ ਖੜ੍ਹੇ ਕਰਕੇ ਇਹਨਾਂ ਚੋਣਾਂ ਨੂੰ ਲੜਨ ਜਾ ਰਿਹਾ ਹੈ । ਜਿਸ ਵਿਚ ਇਮਾਨਦਾਰ ਅਤੇ ਇਥੋ ਦੇ ਨਿਜਾਮੀ ਪ੍ਰਬੰਧ ਵਿਚ ਆਈਆ ਕਮੀਆਂ ਨੂੰ ਦੂਰ ਕਰਨ ਦੀ ਸੋਚ ਰੱਖਣ ਵਾਲੇ ਵੋਟਰਾਂ ਨੂੰ ਪਾਰਟੀ ਉਮੀਦਵਾਰਾਂ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਦੀ ਸੰਜ਼ੀਦਾ ਅਪੀਲ ਵੀ ਕਰਦਾ ਹੈ । ਕਿਉਂਕਿ ਕਾਂਗਰਸ, ਬੀਜੇਪੀ ਅਤੇ ਬਾਦਲ ਦਲੀਏ ਇਥੋਂ ਦੇ ਨਿਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਦੇ ਆ ਰਹੇ ਹਨ । ਅਸੀਂ ਸਰਹੱਦਾਂ ਨੂੰ ਵੀ ਖੋਲ੍ਹਾਗੇ ਕਿਉਂਕਿ ਇਸ ਨਾਲ ਵਪਾਰੀਆਂ ਨੂੰ ਫਾਇਦਾ ਹੋਵੇਗਾ ਅਤੇ ਇਥੋਂ ਦੀ ਮਾਲੀ ਹਾਲਤ ਅਤੇ ਜੀਵਨ ਪੱਧਰ ਮਜ਼ਬੂਤ ਹੋਵੇਗਾ, ਰੁਜ਼ਗਾਰ ਦੇ ਮੌਕੇ ਵੱਧਣਗੇ । ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਇਕੋ-ਇਕ ਅਜਿਹਾ ਹਵਾਈ ਅੱਡਾ ਹੈ, ਜੋ ਹਿਮਾਚਲ, ਜੰਮੂ-ਕਸ਼ਮੀਰ ਅਤੇ ਪੰਜਾਬੀਆਂ ਲਈ ਸੈਟਰ ਵਿਚ ਹੈ । ਲੇਕਿਨ ਉਸ ਨੂੰ ਮੋਦੀ ਹਕੂਮਤ ਅਤੇ ਬਾਦਲ ਦਲੀਏ ਬੰਦ ਕਰਵਾਕੇ ਚੰਡੀਗੜ੍ਹ ਲਿਆਉਣਾ ਚਾਹੁੰਦੇ ਹਨ । ਜਿਸ ਦਾ ਕੋਈ ਫਾਇਦਾ ਨਹੀਂ ਹੋਵੇਗਾ, ਜਦੋਕਿ ਚੰਡੀਗੜ੍ਹ ਅਤੇ ਦਿੱਲੀ ਤਾਂ ਬਿਲਕੁਲ ਨਜ਼ਦੀਕ ਹਵਾਈ ਅੱਡੇ ਹਨ । ਅੱਜ ਦੀ ਪ੍ਰੈਸ ਕਾਨਫਰੰਸ ਵਿਚ ਸ. ਮਾਨ ਦੇ ਨਾਲ ਸੀਨੀਅਰ ਲੀਡਰਸਿ਼ਪ ਭਾਈ ਧਿਆਨ ਸਿੰਘ ਮੰਡ, ਜਸਵੰਤ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਕੁਲਦੀਪ ਸਿੰਘ ਭਾਗੋਵਾਲ, ਗੋਪਾਲ ਸਿੰਘ ਝਾੜੋ ਆਦਿ ਆਗੂ ਹਾਜ਼ਰ ਸਨ ।