ਆਮ ਆਦਮੀ ਪਾਰਟੀ ਵਲੋਂ ਆਪਣੀ ਹੋਂਦ ਨੂੰ ਦਰਸਾਉਂਦਿਆਂ ਦਿੱਲੀ ਚੋਣਾਂ ਵਿੱਚ ਮਿਲੀ ਜਿੱਤ ਦੀ ਖੁਸ਼ੀ ਦੇ ਸੰਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਆਪ ਦੇ ਜਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੜੀਵਾਰ ਕਈ ਰੋਡ ਸ਼ੋਅ ਕੀਤੇ ਜਾਣਗੇ।
ਗਰੇਵਾਲ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਦੋਰਾਨ ਆਮ ਜਨਤਾ ਤੋਂ ਮਿਲੇ ਭਾਰੀ ਸਮਰਥਨ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ। ਆਮ ਆਦਮੀ ਪਾਰਟੀ ਨੇ ਲੋਕਾਂ ਵਿੱਚ ਇਹ ਆਸ ਜਗਾਈ ਹੈ ਕਿ ਲੋਕਾਂ ਦੀ ਸਾਫ ਸੁਥਰੀ ਸਰਕਾਰ ਵਾਲੀ ਇੱਛਾ ਅਰਾਜਕਤਾ ਦੇ ਖਿਲਾਫ ਜੇਤੂ ਹੋ ਸਕਦੀ ਹੈ ਅਤੇ ਸਰਕਾਰ ਦੀਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਨੂੰ ਇੱਕਜੁਟ ਹੋ ਕੇ ਖਤਮ ਕੀਤਾ ਜਾ ਸਕਦਾ ਹੈ।
ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਭ੍ਰਿਸ਼ਟ ਅਤੇ ਨਕਾਰਾ ਸਰਕਾਰ ਤੋਂ ਛੁਟਕਾਰਾ ਪਾਉਣ ਦੀ ਵਾਰੀ ਹੈ। ਸਿਰਫ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਕਿ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਅਤੇ ਉਹਨਾਂ ਦੀਆਂ ਆਸਾਂ ਤੇ ਖਰੀ ਉਤਰਦੀ ਹੈ। ਸੂਬੇ ਵਿੱਚ ਪਾਰਟੀ ਦਾ ਵਿਸਥਾਰ ਬਹੁਤ ਤੇਜੀ ਨਾਲ ਹੋ ਰਿਹਾ ਹੈ ਅਤੇ ਪਾਰਟੀ ਵਲੋਂ ਕੀਤੇ ਜਾ ਰਹੇ ਇਹ ਰੋਡ ਸ਼ੋਅ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ. ਹਰਿੰਦਰ ਸਿੰਘ ਖਾਲਸਾ ਦੀ ਸੁਪਤਨੀ ਸ੍ਰੀਮਤੀ ਸਤਵੰਤ ਕੌਰ ਖਾਲਸਾ ਨੇ ਵੀ ਅੱਜ ਦੇ ਇਸ ਰੋਡ ਸ਼ੋਅ ਵਿੱਚ ਹਿੱਸਾ ਲੈ ਕੇ ਪਾਰਟੀ ਦੇ ਵਾਲੰਟੀਅਰਜ਼ ਦਾ ਹੌਂਸਲਾ ਵਧਾਇਆ। ਅੱਜ ਦਾ ਰੋਡ ਸ਼ੋਅ ਆਰਤੀ ਚੌਂਕ, ਘੁਮਾਰ ਮੰਡੀ, ਫ਼ੁਹਾਰਾ ਚੌਂਕ, ਕੈਲਾਸ਼ ਸਿਨੇਮਾ, ਦਮੋਰੀਆਂ ਪੁੱਲ, ਘੰਟਾ ਘਰ, ਭਾਰਤ ਨਗਰ ਚੌਂਕ, ਫ਼ਿਰੋਜ਼ਗਾਂਧੀ ਮਾਰਕੀਟ, ਭਾਈ ਬਾਲਾ ਚੌਂਕ ਅਤੇ ਗੁਰਦੇਵ ਨਗਰ ਤੋਂ ਹੁੰਦਿਆਂ ਹੋਇਆਂ ਵਾਪਿਸ ਪਾਰਟੀ ਦਫਤਰ ਵਿਖੇ ਖਤਮ ਹੋਇਆ।