ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਦੇ ਮੁਕਦਮਿਆਂ ਦੀ ਜਾਂਚ ਲਈ ਐਸ।ਆਈ।ਟੀ। ਬਨਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੇ ਮੀਡੀਆ ਰਿਪੋਰਟਾਂ ਦੇ ਅਧਾਰ ਤੇ ਇਕ ਹਫਤੇ ‘ਚ ਐਸ।ਆਈ।ਟੀ। ਬਨਣ ਦੀਆਂ ਆ ਰਹੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਇਸ ਮਸਲੇ ਤੇ ਬੜੀ ਲੰਬੀ ਲੜਾਈ ਲੜੀ ਹੈ ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਗੱਲਾਂ ਨੂੰ ਮੌਜੂਦਾ ਭਾਰਤ ਸਰਕਾਰ ਵੱਲੋਂ ਪੂਰੀ ਤਵੱਜੋ ਦਿੱਤੀ ਗਈ ਹੈ। ਐਸ।ਆਈ।ਟੀ। ਬਨਾਉਣ ਲਈ ਮੁੱਖ ਭੁਮਿਕਾ ਨਿਭਾਉਣ ਵਾਸਤੇ ਜੀ।ਕੇ। ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਖਜਾਨਾ ਮੰਤਰੀ ਅਰੂਣ ਜੇਤਲੀ ਦਾ ਵੀ ਧੰਨਵਾਦ ਕੀਤਾ ਹੈ।
ਬਾਦਲ ਵੱਲੋਂ ਇਸ ਮਸਲੇ ਤੇ ਭਾਜਪਾ ਸਰਕਾਰ ਨੂੰ ਲਿੱਖੇ ਗਏ ਪੱਤਰਾਂ ਅਤੇ ਇਸ ਮਸਲੇ ਦੇ ਹਲ ਲਈ ਰਾਜਨਾਥ ਸਿੰਘ, ਅਰੁਣ ਜੇਤਲੀ ਅਤੇ ਹਰਸਿਮਰਤ ਕੌਰ ਬਾਦਲ ਨਾਲ ਕੀਤੀਆਂ ਗਈਆਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਜੀ।ਕੇ। ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਹੁੰਦੇ ਇਹ ਮਸਲਾ ਕਦੇ ਵੀ ਹਲ ਹੋਣ ਦੇ ਕਰੀਬ ਨਹੀਂ ਪੁੱਜਿਆ ਪਰ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਇਸ ਮਸਲੇ ਤੇ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਸਿੱਖ ਮਸਲਿਆਂ ਦੇ ਹਲ ਲਈ ਸੰਜੀਦਾ ਹੈ। ਕਾਂਗਰਸ ਆਗੂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਛੇਤੀ ਹੀ ਸਜਾਵਾਂ ਮਿਲਣ ਦੀ ਆਸ਼ਾ ਜਤਾਉਂਦੇ ਹੋਏ ਜੀ।ਕੇ। ਨੇ ਕਿਹਾ ਕਿ ਐਸ।ਆਈ।ਟੀ। ਬਨਣ ਨਾਲ ਸਮੁੱਚੇ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਪਾਵੇਗਾ।
ਇਸ ਕਤਲੇਆਮ ਦੇ ਪਿਛੇ ਕਾਂਗਰਸ ਦੇ ਵੱਡੇ ਆਗੂਆਂ ਦੇ ਸ਼ਾਮਿਲ ਹੋਣ ਦਾ ਵੀ ਜੀ।ਕੇ। ਨੇ ਦੋਸ਼ ਲਗਾਇਆ। ਜੀ।ਕੇ। ਨੇ ਹੈਰਾਨੀ ਜਤਾਈ ਕਿ ਸਰਕਾਰੀ ਰਿਕਾਰਡ ਅਨੁਸਾਰ ਦੇਸ਼ ‘ਚ ਇਸ ਦੌਰਾਨ 3325 ਸਿੱਖ ਮਾਰੇ ਗਏ ਸੀ ਜਿਸ ਵਿਚ 2733 ਦਿੱਲੀ ਤੋਂ ਸੀ, ਪਰ ਬੀਤੇ 31 ਸਾਲ ਦੌਰਾਨ ਸਿਰਫ 30 ਲੋਕ ਹੀ ਇਨ੍ਹਾਂ ਮੁਕਦਮਿਆਂ ‘ਚ ਦੋਸ਼ੀ ਸਾਬਿਤ ਹੋ ਸਕੇ ਹਨ। ਦਿੱਲੀ ਕਮੇਟੀ ਵੱਲੋਂ ਕਤਲੇਆਮ ‘ਚ ਮਾਰੇ ਗਏ ਲੋਕਾਂ ਦੀ ਯਾਦ ‘ਚ ਬਨਾਏ ਜਾ ਰਹੀ ਯਾਦਗਾਰ ਦਾ ਜ਼ਿਕਰ ਕਰਦੇ ਹੋਏ ਜੀ।ਕੇ। ਨੇ ਦਾਅਵਾ ਕੀਤਾ ਕਿ ਕੁਲ ਦਰਜ ਹੋਈਆਂ 587 ਐਫ।ਆਈ।ਆਰ। ਚੋ ਦਿੱਲੀ ਪੁਲਿਸ ਵੱਲੋਂ ਬੰਦ ਕੀਤੀਆਂ ਗਈਆਂ 237 ਐਫ।ਆਈ।ਆਰ। ਨੂੰ ਵੀ ਮੁੜ ਤੋਂ ਖੁਲਵਾਉਣ ਲਈ ਕਮੇਟੀ ਦੇ 1984 ਸੈਲ ਵੱਲੋਂ ਸਬੂਤ ਇਕੱਠੇ ਕਰਕੇ ਐਸ।ਆਈ।ਟੀ। ਨੁੰ ਦੇਣ ਦੀ ਤਿਆਰੀ ਕਰ ਲਈ ਗਈ ਹੈ।