ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਬੋਰਡ ਦੀ ਮੈਂਬਰ ਬੀਬੀ ਦਲਜੀਤ ਕੌਰ ਖਾਲਸਾ ਵੱਲੋਂ ਕਮੇਟੀ ਪ੍ਰਬੰਧਕਾਂ ਤੇ ਲਗਾਏ ਗਏ ਕਥਿਤ ਘਪਲੇ ਦੇ ਦੋਸ਼ਾਂ ਨੂੰ ਕਮੇਟੀ ਵੱਲੋਂ ਨਕਾਰਦੇ ਹੋਏ ਬੀਬੀ ਖਾਲਸਾ ਦੇ ਖਿਲਾਫ ਅਪਰਾਧਿਕ ਸਾਜਿਸ਼ ਘੜਨ ਕਾਰਣ ਕਾਨੂੰਨੀ ਕਾਰਵਾਈ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਅਤੇ ਵਸੰਤ ਵਿਹਾਰ ਵਾਰਡ ਦੇ ਦਿੱਲੀ ਕਮੇਟੀ ਦੇ ਕੋਰਡੀਨੇਟਰ ਭਾਈ ਗੁਰਮੀਤ ਸਿੰਘ ਫੈਡਰੇਸ਼ਨ ਨੇ ਬੀਬੀ ਖਾਲਸਾ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਬੀਬੀ ਤੇ ਖਬਰਾਂ ਦੀ ਸਨਸਨੀ ਫੈਲਾਉਣ ਵਾਸਤੇ ਵਿਰੋਧੀਆਂ ਦੇ ਇਸ਼ਾਰੇ ਤੇ ਕਮੇਟੀ ਦੇ ਮਾਣ ਨੂੰ ਠੇਸ ਪਹੁੰਚਾਉਣ ਦਾ ਵੀ ਦੋਸ਼ ਲਗਾਇਆ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਮੇਟੀ ਦੇ ਖਾਤਿਆਂ ਦੀ ਜਾਂਚ ਕੈਗ ਵੱਲੋਂ ਕਰਨ ਦੀ ਬੀਬੀ ਵੱਲੋਂ ਕੀਤੀ ਗਈ ਅਪੀਲ ਤੇ ਉਨ੍ਹਾਂ ਨੇ ਸਿੱਖਾਂ ਦੇ ਧਾਰਮਿਕ ਸਮਲਿਆਂ ‘ਚ ਕਿਸੇ ਸਰਕਾਰ ਵੱਲੋਂ ਦਖਲਅੰਦਾਜ਼ੀ ਕਰਨ ਤੇ ਸਿੱਖ ਭਾਵਨਾਵਾਂ ਨੂੰ ਵੀ ਠੇਸ ਪਹੁੰਚਣ ਦਾ ਵੀ ਖਦਸਾ ਜਤਾਇਆ ਹੈ। ਵਿਧਾਨਸਭਾ ਚੋਣਾਂ ਦੌਰਾਨ ਕਮੇਟੀ ਫੰਡ ਦੀ ਇਕ ਪੈਸੇ ਦੀ ਵੀ ਦੁਰਵਰਤੋਂ ਨੂੰ ਸਾਬਿਤ ਕਰਨ ਦੀ ਵੀ ਉਨ੍ਹਾਂ ਨੇ ਖਾਲਸਾ ਨੂੰ ਚੁਨੌਤੀ ਦਿੱਤੀ ਹੈ। ਬੀਬੀ ਖਾਲਸਾ ਦੀ ਸਕੂਲ ਮੁਲਾਜ਼ਿਮ ਵਜੋਂ ਚਲ ਰਹੀ ਨੌਕਰੀ ਤੇ ਕਮੇਟੀ ਪ੍ਰਬੰਧਕਾਂ ਵੱਲੋਂ ਨੇਕ ਨਿਅਤੀ ਨਾਲ ਖੜੇ ਕੀਤੇ ਗਏ ਕਾਨੂੰਨੀ ਸਵਾਲਾਂ ਤੋਂ ਘਬਰਾ ਕੇ ਇਹ ਬੇਲੋੜੀ ਬਿਆਨਬਾਜ਼ੀ ਕਰਨ ਅਤੇ ਆਪਣੇ ਖਿਲਾਫ ਸ਼ੁਰੂ ਹੋਈ ਕਾਰਵਾਈ ਨੂੰ ਰੁਕਵਾਉਣ ਵਾਸਤੇ ਘਟੀਆ ਹੱਥਕੰਡੇ ਅਪਨਾਉਣ ਦਾ ਵੀ ਉਨ੍ਹਾਂ ਨੇ ਦੋਸ਼ ਲਗਾਇਆ ਹੈ।
ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਵੱਲੋਂ ਆਪਣੇ ਮੁਲਾਜ਼ਿਮਾ ਨੂੰ 6ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਤਨਖਾਹਵਾਂ ਦੇਣ ਦਾ ਐਲਾਨ ਕਰਨ ਸਮੇਂ ਮੁਲਾਜ਼ਿਮਾਂ ਦੀ ਯੋਗਤਾ ਨੂੰ ਖੰਗਾਲਣ ਦੌਰਾਨ ਬੀਬੀ ਖਾਲਸਾ ਦੇ ਪੀ.ਜੀ.ਟੀ. ਪੰਜਾਬੀ ਅਧਿਆਪਕ ਦੇ ਅਹੁਦੇ ਮੁਤਾਬਿਕ ਯੋਗਤਾ ਸਾਹਮਣੇ ਨਾ ਆਉਣ ਦੇ ਕਾਰਣ ਕਮੇਟੀ ਵੱਲੋਂ 14 ਅਕਤੂਬਰ 2014 ਨੂੰ ਭੇਜੇ ਗਏ ਪੱਤਰ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੀਬੀ ਨੂੰ ਸਕੂਲ ਰਿਕਾਰਡ ਵਿਚ ਦਰਜ ਉਸ ਦੀ ਯੋਗਤਾ ਦੇ ਸਬੂਤਾਂ ਦੀ ਕੋਪੀ ਆਪਣੇ ਹੱਥੀ ਅਟੈਸਟ ਕਰਕੇ ਛੇਤੀ ਹੀ ਦੇਣ ਲਈ ਕਿਹਾ ਗਿਆ ਸੀ, ਜਿਸ ਤੇ 21 ਨਵੰਬਰ 2014 ਨੂੰ ਬੀਬੀ ਨੂੰ ਇਕ ਰਿਮਾਇੰਡਰ ਵੀ ਜਾਰੀ ਕੀਤਾ ਗਿਆ ਸੀ।
ਬੀਬੀ ਵੱਲੋਂ ਇਸ ਮਸਲੇ ਤੇ ਕੋਈ ਜਵਾਬ ਨਾ ਦੇਣ ਕਾਰਣ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੌਨੀ ਦੇ ਮੇਨੈਜਰ ਪਰਮਜੀਤ ਸਿੰਘ ਚੰਢੋਕ ਵੱਲੋਂ ਬੀਬੀ ਨੂੰ ਮਿਤੀ 22 ਜਨਵਰੀ 2015 ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸ ਵਿਚ ਬੀਬੀ ਦੀ ਮਾਰਕ ਸ਼ੀਟਾਂ ਵਿਚ ਹੇਰਫੇਰ, ਟੀ.ਜੀ.ਟੀ. ਪੰਜਾਬੀ ਅਧਿਆਪਕ ਵਜੋਂ ਗਲਤ ਨਿਯੁਕਤੀ ਹੋਣਾ, ਬੀ.ਐਡ. ਦੀ ਬਜਾਏ ਯੂ.ਜੀ.ਸੀ. ਤੋਂ ਗੈਰ ਮਾਨਤਾ ਪ੍ਰਾਪਤ ਕਾਸ਼ੀ ਵਿਦਿਆਪੀਠ ਵਾਰਾਨਸੀ ਤੋਂ ਸ਼ਿਕਸ਼ਾ ਵਿਸ਼ਾਰਦ ਦੀ ਡਿਗਰੀ ਲੈਨਾ, ਐਮ.ਏ. ਪੰਜਾਬੀ ਦੀ ਦੁਜੇ ਵਰ੍ਹੇ ਦੀ ਮਾਰਕਸ਼ੀਟ ਸਕੂਲ ਰਿਕਾਰਡ ‘ਚ ਨਾ ਜਮਾ ਕਰਵਾਉਣਾ, ਆਪਣੇ ਮੈਂਬਰ ਦੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਪੁਰਾਣੀ ਕਮੇਟੀਆਂ ਤੋਂ ਪੀ.ਜੀ.ਟੀ. ਪੰਜਾਬੀ ਅਧਿਆਪਕ ਦੇ ਅਹੁਦੇ ਵੱਜੋਂ ਤਰੱਕੀ ਲੈਣਾ, ਬਿਨਾ ਪੀ.ਜੀ.ਟੀ. ਪੰਜਾਬੀ ਅਧਿਆਪਕ ਬਣੇ 1993 ‘ਚ ਗੈਰ ਕਾਨੁੰਨੀ ਤਰੀਕੇ ਨਾਲ ਇਕਠੀਆਂ ਦੋ ਵਖਰੀਆਂ ਇੰਕ੍ਰੀਮੈਂਟ ਲੈਣਾ, ਬਿਨਾ ਸੀਨੀਏਰਟੀ ਲਿਸਟ ਤੋਂ ਸਕੂਲ ਵਿਖੇ 1991 ਤੋਂ ਫ੍ਰੀ ਰਿਹਾਇਸ਼ ਰਖਨਾ ਜਿਸ ਦਾ ਕਿਰਾਇਆ ਲੱਖਾਂ ‘ਚ ਬਣਦਾ ਹੈ, 2012 ‘ਚ 2 ਲੱਖ ਦਾ ਪਰਸਨਲ ਲੋਨ ਬਿਨਾ ਉੱਚ ਪ੍ਰਸ਼ਾਸਨਿਕ ਤਾਕਤ ਤੋਂ ਮੰਜ਼ੂਰੀ ਲਏ ਬਿਨਾ ਲੈਨਾ ਅਤੇ ਆਪਣੀ ਯੋਗਤਾ ਵਿਚ ਵਾਧਾ ਕਰਨ ਵਾਸਤੇ ਸਕੂਲ ਪ੍ਰਬੰਧਕਾਂ ਦੀ ਬਿਨਾ ਮੰਜ਼ੂਰੀ ਦੇ ਦਿੱਲੀ ਸਕੂਲ ਏਕਟ 1973 ਦੀ ਉਲੰਘਣਾ ਕਰਦੇ ਹੋਏ ਪੀ.ਐਚ.ਡੀ. ਕਰਨਾ ਆਦਿਕ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਗਿਆ ਸੀ।
ਉਨ੍ਹਾਂ ਨੇ ਅੰਤਿ੍ੰਗ ਦੀ ਕਾਰਜਪ੍ਰਣਾਲੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਗਭਗ ਹਰ ਮਹੀਨੇ ਪ੍ਰਵਾਨਗੀ ਦੀ ਆਸ ‘ਚ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਪਾਸ ਕੀਤੇ ਗਏ ਖਰਚਿਆਂ ਤੇ ਪ੍ਰਵਾਨਗੀ ਲੈਣ ਲਈ ਅੰਤ੍ਰਿੰਗ ਬੋਰਡ ‘ਚ ਰੱਖਿਆ ਜਾਂਦਾ ਹੈ ਅਤੇ ਇਹ ਚਲਣ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੋਵਾਂ ‘ਚ ਪਿਛਲੇ ਲੰਬੇ ਸਮੇਂ ਦੌਰਾਨ ਚਲ ਰਿਹਾ ਹੈ। ਬੀਬੀ ਖਾਲਸਾ ਦੇ 26 ਫਰਵਰੀ 2013 ਤੋਂ ਅੰਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਕਾਰਜ ਕਰਨ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਸਵਾਲ ਪੁੱਛਿਆ ਕਿ 11 ਜਨਵਰੀ 2015 ਦੀ ਜਿਸ ਮੀਟਿੰਗ ਦਾ ਬੀਬੀ ਵੱਲੋਂ ਖਰਚਿਆਂ ਦੀ ਪ੍ਰਵਾਨਗੀ ਦਾ ਹਵਾਲਾ ਦਿੱਤਾ ਗਿਆ ਹੈ ਕਿ ਉਹ ਇਹ ਦੱਸਣ ਦੀ ਖੇਚਲ ਕਰਨਗੇ ਕਿ ਪਿਛਲੀਆਂ 23 ਮੀਟਿੰਗਾਂ ਦੌਰਾਨ ਉਨ੍ਹਾਂ ਨੇ ਇਸ ਮਸਲੇ ਤੇ ਚੁੱਪੀ ਕਿਉਂ ਧਾਰਨ ਕੀਤੀ ਹੋਈ ਸੀ? ਉਨ੍ਹਾਂ ਨੇ ਬੀਬੀ ਖਾਲਸਾ ਨੂੰ ਇਸ ਮਸਲੇ ਤੇ ਕੋਝੀ ਸਿਆਸਤ ਕਰਨ ਦੀ ਬਜਾਏ ਆਪਣੀ ਅਧਿਆਪਿਕਾ ਦੇ ਅਹੁਦੇ ਤੇ ਕਮੇਟੀ ਮੈਂਬਰ ਵਜੋਂ ਕੀਤੀ ਗਈ ਦੁਰਵਰਤੋਂ ਬਾਰੇ ਆਪਣੇ ਵਿਚਾਰ ਵੀ ਲੋਕਾਂ ਸਾਹਮਣੇ ਰੱਖਣ ਦੀ ਸਲਾਹ ਦਿੱਤੀ ਹੈ।