ਅੰਮ੍ਰਿਤਸਰ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਦੋਹਰੇ ਮਾਪਦੰਡ ਅਪਨਾਉਣ ਦੇ ਦੋਸ਼ ਲਗਾਉਂਦਿਆ ਕਿਹਾ ਕਿ ਇੱਕ ਪਾਸੇ ਤਾਂ ਬਾਦਲ ਦਲ ਦੇ ਉਮੀਦਵਾਰ ਵਿਧਾਨ ਸਭਾ ਚੋਣਾਂ ਵਿੱਚ ਸੌਦਾ ਸਾਧ ਦੀ ਹਮਾਇਤ ਲੈ ਕੇ ਚੋਣ ਲੜਦੇ ਹਨ ਤੇ ਦੂਸਰੇ ਪਾਸੇ ਬਾਦਲੀਏ ਉਸ ਦੀ ਲੱਗ ਰਹੀ ਫਿਲਮ ਦਾ ਵਿਰੋਧ ਕਰਕੇ ਪੰਥਕ ਸਫਾਂ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਰਹੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੌਦਾ ਸਾਧ ਨੇ ਭਾਜਪਾ ਦੀ ਹਮਾਇਤ ਕੀਤੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤਿੰਨ ਉਮੀਦਵਾਰ ਵੀ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਸਨ। ਉਹਨਾਂ ਕਿਹਾ ਕਿ ਜਦੋਂ ਸੌਦਾ ਸਾਧ ਨੇ ਆਪਣੇ ਪ੍ਰੇਮੀਆਂ ਨੂੰ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨੂੰ ਵੋਟ ਪਾਉਣ ਦੇ ਆਦੇਸ਼ ਦਿੱਤੇ ਸਨ ਤਾਂ ਬਾਦਲ ਦਲ ਵਾਲੇ ਚੁੱਪ ਸਾਧੀ ਬੈਠੇ ਰਹੇ। ਉਹਨਾਂ ਕਿਹਾ ਕਿ ਬਾਦਲ ਦਲੀਆਂ ਦੀ ਸੌਦਾ ਸਾਧ ਨਾਲ ਦੋਸਤੀ ਦੀ ਬਿੱਲੀ ਪੂਰੀ ਤਰ੍ਹਾਂ ਬਾਹਰ ਆ ਚੁੱਕੀ ਹੈ ਤੇ ਬਾਦਲ ਪਿਉ ਪੁੱਤਰਾਂ ਦੀ ਜੋੜੀ ਸੌਦਾ ਸਾਧ ਦੇ ਚਰਨਾਂ ਵਿੱਚ ਬੈਠੇ ਕੇ ਵੋਟਾਂ ਮੰਗਦੇ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਪਹਿਲਾਂ ਪੰਜਾਬ ਦੇ ਪਿੰਡ ਸਲਾਬਤਪੁਰਾ ਵਿਖੇ ਸੌਦਾ ਸਾਧ ਵੱਲੋ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਆਪਣੇ ਪ੍ਰੇਮੀਆਂ ਨੂੰ ਰੂਹ ਅਫਜਾ ਘੋਲ ਕਰਕੇ ਗੁਰੂ ਸਾਹਿਬ ਵਰਗੀ ਪੁਸ਼ਾਕ ਪਾ ਕੇ ਪਿਆਇਆ ਜਿਸ ਦਾ ਸਿੱਖ ਸੰਗਤਾਂ ਨੇ ਡੱਟ ਕੇ ਵਿਰੋਧ ਕੀਤਾ ਅਤੇ ਪੁਲੀਸ ਨੇ ਕੇਸ ਵੀ ਦਰਜ ਕੀਤਾ ਪਰ ਬਾਦਲਾਂ ਨੇ ਸੌਦਾ ਸਾਧ ਦੇ ਪ੍ਰੇਮੀਆ ਦੀਆ ਵੋਟਾਂ ਲੈਣ ਦੀ ਖਾਤਰ ਕੇਸ ਹੀ ਵਾਪਸ ਨਹੀਂ ਲਿਆ ਸਗੋਂ ਆਈ.ਓ ਤੇ ਸਰਕਾਰੀ ਵਕੀਲ ਨੇ ਅਦਾਲਤ ਵਿੱਚ ਜਾ ਕੇ ਕਿਹਾ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਸੀ। ਉਹਨਾਂ ਕਿਹਾ ਕਿ ਬਾਦਲਾਂ ਦੀ ਦੋਹਰੀ ਨੀਤੀ ਅਪਨਾਉਣ ਦੀ ਇਹ ਕੋਈ ਨਵੀ ਘਟਨਾ ਨਹੀ ਹੈ ਕਿਉਕਿ ਪੰਜਾਬ ਤੇ ਦਿੱਲੀ ਵਿੱਚ ਇਹ ਭਾਜਪਾ ਨਾਲ ਰਲ ਕੇ ਚੋਣਾਂ ਲੜਦੇ ਹਨ ਪਰ ਹਰਿਆਣਾ ਵਿੱਚ ਭਾਜਪਾ ਦਾ ਵਿਰੋਧ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਵਾਕਿਆ ਹੀ ਬਾਦਲ ਦਲ ਦੀ ਦਿੱਲੀ ਇਕਾਈ ਦੇ ਆਹੁਦੇਦਾਰ ਨੂੰ ਸੌਦਾ ਸਾਧ ਦੀ ਫਿਲਮ ਬੰਦ ਕਰਾਉਣ ਲਈ ਸੰਜੀਦਾ ਹਨ ਤਾਂ ਉਹਨਾਂ ਨੂੰ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਵਿਧਾਨ ਸਭਾ ਦੀਆ ਚੋਣਾਂ ਵਿੱਚ ਸੌਦਾ ਸਾਧ ਦੇ ਪ੍ਰੇਮੀਆ ਦੀਆ ਵੋਟਾਂ ਲੈਣ ਦੇ ਮਾਮਲੇ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਇਹਨਾਂ ਦੀ ਪੰਥ ਵਿਰੋਧੀ ਦੋਹਰੀ ਨੀਤੀ ਤੋ ਭਲੀਭਾਂਤ ਵਾਕਫ ਚੁੱਕੀਆਂ ਹਨ ਤੇ ਇਹਨਾਂ ਬਹੂਰੂਪੀਆਂ ਨੂੰ ਭਵਿੱਖ ਵਿੱਚ ਵੀ ਮੂੰਹ ਨਹੀਂ ਲਗਾਉਣਗੀਆਂ।
ਉਹਨਾਂ ਕਿਹਾ ਕਿ ਬਾਦਲ ਦਲ ਦੇ ਗੁਰਦਾਸਪੁਰ ਇਕਾਈ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ੍ਰੀ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਵੱਲੋ ਭ੍ਰਿਸ਼ਟਾਟਾਰ ਦੇ ਦੋਸ਼ਾਂ ਵਿੱਚ ਸਜ਼ਾ ਸੁਣਾਏ ਜਾਣ ਵਾਲੇ ਆਗੂਆ ਦੀ ਗਿਣਤੀ ਤਿੰਨ ਹੋ ਚੁੱਕੀ ਹੈ ਕਿਉਕਿ ਪਹਿਲਾਂ ਬੀਬੀ ਜਗੀਰ ਕੌਰ ਤੇ ਤੋਤਾ ਸਿੰਘ ਨੂੰ ਵੀ ਤਿੰਨ ਤਿੰਨ ਸਾਲ ਦੀਆਂ ਸਜਾਵਾਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਲੰਗਾਹ ਨੂੰ ਸਜ਼ਾ ਸੁਣਾਏ ਜਾਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਬਾਦਲ ਦਲ ਵਿੱਚ ਹੋਰ ਵੀ ਕਈ ਅਜਿਹੇ ਨੇਤਾ ਬੈਠੇ ਹਨ ਜਿਹਨਾਂ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਹੈ ਅਤੇ ਉਹਨਾਂ ਦੀ ਵਾਰੀ ਵੀ ਆਉਣ ਵਾਲੀ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਲੁੱਟ ਮਚਾ ਰੱਖੀ ਹੈ ਉਹਨਾਂ ਦਾ ਹਸ਼ਰ ਵੀ ਲੰਗਾਹ ਵਰਗਾ ਹੋ ਸਕਦਾ ਹੈ ਅਤੇ ਦਿੱਲੀ ਦੀਆ ਸੰਗਤਾਂ ਇਹਨਾਂ ਦੀ ਲੁੱਟ ਨੂੰ ਬੜੀ ਹੀ ਸੰਜੀਦੀਗੀ ਨਾਲ ਵੇਖ ਰਹੀਆ ਹਨ।
ਉਹਨਾਂ ਕਿਹਾ ਕਿ ਅੱਜ ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਅੰਤਰਿੰਗ ਬੋਰਡ ਦੀ ਮੈਂਬਰ ਬੀਬੀ ਦਲਜੀਤ ਕੌਰ ਵੱਲੋ ਜਿਸ ਤਰੀਕੇ ਨਾਲ ਮੀਟਿੰਗ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਗਿਆ ਹੈ ਉਸ ਤੋ ਸਾਬਤ ਹੁੰਦਾ ਹੈ ਕਿ ਬਹੁਤ ਸਾਰੇ ਮੈਂਬਰ ਬਾਦਲਾਂ ਦੇ ਡਰ ਕਾਰਨ ਸਹਿਮੇ ਬੈਠੇ ਹਨ ਤੇ ਉਹ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਤੋ ਦੁੱਖੀ ਹਨ। ਉਹਨਾਂ ਕਿਹਾ ਕਿ ਬੀਬੀ ਦਲਜੀਤ ਕੌਰ ਨੇ ਜਦੋ ਮੀਟਿੰਗ ਵਿੱਚ ਪਾਸ ਕੀਤੇ ਜਾ ਰਹੇ ਖਰਚਿਆ ਦਾ ਵੇਰਵਾ ਪੁੱਛਿਆ ਤਾਂ ਉਸ ਨੂੰ ਗੁੰਡਾਗਰਦੀ ਨਾਲ ਮੀਟਿੰਗ ਵਿੱਚੋ ਬਾਹਰ ਕੱਢ ਦਿੱਤਾ ਗਿਆ ਜਿਸ ਕਾਰਨ ਉਸ ਨੂੰ ਪੁਲੀਸ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਬਾਦਲ ਦਲ ਦੇ ਮੈਂਬਰ ਪਹਿਲਾਂ ਵੀ ਸ਼ਰੇਆਮ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਚੁੱਕੇ ਹਨ ਅਤੇ ਆਹੁਦੇਦਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀ ਤੇ ਸਮਾਂ ਆਉਣ ‘ਤੇ ਦਿੱਲੀ ਦੀ ਸੰਗਤ ਇਹਨਾਂ ਕੋਲੋ ਗੁਰੂ ਦੀ ਗੋਲਕ ਦੀ ਲੁੱਟ ਦੀ ਪਾਈ ਪਾਈ ਦਾ ਹਿਸਾਬ ਜਰੂਰ ਲਵੇਗੀ।
ਦਿੱਲੀ ਵਿਧਾਨ ਸਭਾ ਦੀਆ ਚੋਣਾਂ ਉਪੰਰਤ ਬਾਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਵੱਲੋ ਇਹ ਕਹਿਣਾ ਕਿ ਉਹਨਾਂ ਨੂੰ ਭਾਜਪਾਈਆ ਨੇ ਹਰਾਇਆ ਹੈ ਵੀ ਕਈ ਪ੍ਰਕਾਰ ਦੇ ਸਵਾਲ ਖੜੇ ਕਰਦਾ ਹੈ। ਉਹਨਾਂ ਕਿਹਾ ਕਿ ਜਿਹੜੀ ਗੱਲ ਭਾਜਪਾ ਨੂੰ ਸ੍ਰ. ਪ੍ਰਕਾਸ਼ ਸਿੰਘ ਬਾਦਲ ਖੁਦ ਨਹੀ ਕਹਿਣਾ ਚਾਹੁੰਦੇ ਉਹ ਸਿਰਸੇ ਕੋਲੋ ਅਖਵਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਭਾਜਪਾ ਇੰਨੀ ਹੀ ਮਾੜੀ ਹੈ ਤਾਂ ਫਿਰ ਅਕਾਲੀ ਦਲ ਵੱਲੋ ਉਸ ਦਾ ਸਾਥ ਕਿਉ ਨਹੀ ਛੱਡਿਆ ਜਾ ਰਿਹਾ?