ਨਵੀਂ ਦਿੱਲੀ :- ਨਗਰ ਕੀਰਤਨਾਂ ਅਤੇ ਹੋਰ ਸਮਾਗਮਾਂ ਦੌਰਾਨ ਵਾਲੰਟੀਅਰਸ ਦੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ ਵਾਲੀ ਯੂਥ ਸਿੱਖ ਜਥੇਬੰਦੀ ਵੱਲੋਂ ਸਾਬਤ ਸੂਰਤ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਸਾਬਤ ਸੂਰਤ ਬੀਬੀਆਂ ਅਤੇ ਭੈਣਾ ਦੇ ਸੇਵਾ ਜਥੇ ਯੂਥ ਸਿੱਖ ਕੌਰ ਦੀ ਆਰੰਭਤਾ ਕੀਤੀ ਗਈ ਹੈ। ਯੂਥ ਸਿੱਖ ਦੇ ਕਨਵੀਨਰ ਅਤੇ ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ ਤੇ ਜਰਨਲ ਸਕੱਤਰ ਹਰਮੀਤ ਸਿੰਘ ਜੌਲੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਇਸ ਮਸਲੇ ਤੇ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਨਗਰ ਕੀਰਤਨਾਂ ਦੌਰਾਨ ਸਫਾਈ ਅਤੇ ਟ੍ਰੇਫਿਕ ਦੀ ਸੇਵਾ ਕਰਦੀ ਆ ਰਹੀ ਆਪਣੀ ਜਥੇਬੰਦੀ ਨਾਲ ਬੀਬੀਆਂ ਦੇ ਜਥੇ ਨੂੰ ਜੋੜਨ ਵਾਸਤੇ ਯੂਥ ਸਿੱਖ ਕੌਰ ਜਥੇਬੰਦੀ ਸ਼ੁਰੂ ਕਰਨ ਦਾ ਵੀ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ। ਜਿਸ ਦਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਸੰਧੂ ਨੂੰ ਬਣਾਇਆ ਗਿਆ ਹੈ। ਯੂਥ ਸਿੱਖ ਕੌਰ ਦੀ ਇਸ ਪਹਿਲੀ ਮੀਟਿੰਗ ਦੌਰਾਨ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਨੇ ਬੀਬੀਆਂ-ਭੈਣਾ ਨੂੰ ਵਾਲੰਟੀਅਰਸ ਦੇ ਤੌਰ ਤੇ ਇਸ ਜਥੇਬੰਦੀ ਦਾ ਹਿੱਸਾ ਬਨਣ ਦਾ ਵੀ ਸੱਦਾ ਦਿੱਤਾ। ਮੌਜੂਦ ਸੇਵਾਦਾਰਾਂ ਵੱਲੋਂ ਇਸ ਮੌਕੇ 21 ਫਰਵਰੀ ਨੂੰ ਸਿੱਖ ਯੂਥ ਵੱਲੋਂ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ।