ਨਵੀਂ ਦਿੱਲੀ :-ਇਥੇ ਦੇ ਪ੍ਰਗਤੀ ਮੈਦਾਨ ਵਿਖੇ ਚਲ ਰਹੇ ਵਿਸ਼ਵ ਪੁਸਤਕ ਮੇਲੇ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਮਤਿ ਸਾਹਿਤ ਦਾ ਸਟਾਲ ਲਗਾਇਆ ਗਿਆ ਹੈ। ਸਟਾਲ ਨੰ. 61 ਤੇ ਲਗੇ ਦਿੱਲੀ ਕਮੇਟੀ ਦੇ ਇਸ ਸਟਾਲ ਦਾ ਉਧਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੌਜੂਦਗੀ ‘ਚ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਕੀਤਾ ਗਿਆ। ਇਸ ਸਟਾਲ ‘ਚ ਸਿੱਖ ਇਤਿਹਾਸ ਨਾਲ ਸੰਬਧਿਤ ਕਿਤਾਬਾਂ ਦੇ ਨਾਲ ਹੀ ਗੁਰਬਾਣੀ ਸਾਹਿਤ ਜਿਵੇਂ ਕਿ ਬਾਣੀ ਦੇ ਸਟੀਕ, ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦਾ ਟੀਕਾ, ਸੈਂਚੀਆਂ ਸਣੇ ਸਿੱਖ ਰਹਿਤ ਮਰਿਯਾਦਾ ਅਤੇ ਸਿੱਖੀ ਦੀ ਵਿਚਾਰਧਾਰਾ ਬਾਰੇ ਦੱਸਣ ਵਾਲੇ ਗੁਰਮਤਿ ਸਾਹਿਤ ਨੂੰ ਪ੍ਰਦਸ਼ਿਤ ਕੀਤਾ ਗਿਆ ਹੈ।
ਜੀ.ਕੇ. ਨੇ ਇਸ ਮੌਕੇ ਧਾਰਮਿਕ ਸਾਹਿਤ ਤੇ 70 ਫੀਸਦੀ ਛੋਟ ਦੇਣ ਦਾ ਵੀ ਐਲਾਨ ਕੀਤਾ। ਪੁਸਤਕਾਂ ਨੂੰ ਮਨੁੱਖ ਦੇ ਗਿਆਨ ਦਾ ਸੱਚਾ ਹਾਣੀ ਦੱਸਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਪੁਸਤਕ ਮੇਲੇ ‘ਚ ਆਉਣ ਦੌਰਾਨ ਦਿੱਲੀ ਕਮੇਟੀ ਦੇ ਸਟਾਲ ਤੇ ਆਉਣ ਦਾ ਵੀ ਸੱਦਾ ਦਿੱਤਾ। ਇਥੇ ਇਹ ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ਤੱਕ ਪੁਸਤਕਾਂ ਰਾਹੀਂ ਜਾਣਕਾਰੀ ਦੇਣ ਵਾਸਤੇ ਕਮੇਟੀ ਵੱਲੋਂ ਇਹ ਸਟਾਲ ਪਿਛਲੇ ਸਾਲ ਵੀ ਲਗਾਇਆ ਗਿਆ ਸੀ। ਇਸ ਮੋੌਕੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਅਮਰਜੀਤ ਸਿੰਘ ਪੱਪੂ ਅਤੇ ਜਰਨਲ ਮੇਨੈਜਰ ਹਰਜੀਤ ਸਿੰਘ ਵੀ ਮੌਜੂਦ ਸਨ।