ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਸਿੱਖਿਆ ਦੇ ਉਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਦੇ ਖੇਤਰ ਵਿਚ ਇੱਕ ਵੱਡਾ ਮਾਰਕਾ ਉਦੋਂ ਮਾਰਿਆ ਜਦੋਂ ਪੁਰਤਗਾਲ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚੋਂ ਇਕ ਯੂਨੀਵਰਸਿਟੀ ਆੱਫ਼ ਲਿਸਬਨ ਨਾਲ ਸਿੱਖਿਆ ਵਟਾਂਦਰੇ ਲਈ ਇਕ ਅਹਿਦ ਕੀਤਾ।ਯੂਨੀਵਰਸਿਟੀ ਆੱਫ਼ ਲਿਸਬਨ ਖੋਜ, ਅਧਿਐਨ, ਅਧਿਆਪਨ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਯੂਰਪ ਵਿਚ ਇੱਕ ਵੱਖਰੇ ਮੁਕਾਮ ਵਾਲੀ ਸਿੱਖਿਆ ਸੰਸਥਾ ਹੈ। ਉਸ ਨਾਲ ਮਿਲ ਕੇ ਗੁਰੂ ਕਾਸ਼ੀ ਯੂਨੀਵਰਸਿਟੀ ਆਪਣੇ ਸਿਖਿਆਰਥੀਆਂ ਦੇ ਗਿਆਨ ਦੇ ਘੇਰੇ ਨੂੰ ਨਵੀਆਂ ਬੁਲੰਦੀਆਂ ਵੱਲ ਲੈ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਸ੍ਰ. ਗੁਰਲਾਭ ਸਿੰਘ ਸਿੱਧੂ ਹੁਰਾਂ ਦੱਸਿਆ ਕਿ ਇਸ ਸੰਸਥਾ ਨੂੰ ਇੱਕੀਵੀਂ ਸਦੀ ਦੀਆਂ ਸਿੱਖਿਆ ਦੀਆਂ ਲੋੜਾਂ ਦੇ ਹਾਣੀ ਬਣਾਉਣ ਲਈ ਇਹ ਅਹਿਦਨਾਮਾ ਇਕ ਮਹੱਤਵਪੂਰਨ ਕਦਮ ਹੋਵੇਗਾ। ਦੋਵੇਂ ਯੂਨੀਵਰਸਿਟੀਆਂ ਇਸ ਕਰਾਰ ਅਨੁਸਾਰ ਮੈਨੇਜਮੈਂਟ ਅਤੇ ਆਰਥਿਕ ਪ੍ਰਬੰਧਨ ਸਿੱਖਿਆ ਨੂੰ ਪੋਸਟ ਗਰੈਜੂਏਟ ਪੱਧਰ ‘ਤੇ ਸਾਂਝੇ ਰੂਪ ਵਿਚ ਉਤਸ਼ਾਹਿਤ ਅਤੇ ਵਿਕਸਿਤ ਕਰਨਗੀਆਂ। ਇਸ ਲਈ ਲਿਸਬਨ ਯੂਨੀਵਰਸਿਟੀ ਦੇ ਇਕਨੌਮਿਕਸ ਅਤੇ ਮੈਨੇਜਮੈਂਟ ਸਕੂਲ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੰਬੰਧਿਤ ਵਿਭਾਗਾਂ ਵਿਚਕਾਰ ਸਿੱਖਿਆ ਦੇ ਆਦਾਨ-ਪ੍ਰਦਾਨ ਲਈ ਉਚਿੱਤ ਵਿਉਂਤਬੰਦੀ ਕੀਤੀ ਗਈ।
ਇਸ ਦੌਰਾਨ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮੈਰਿਟ ਦੇ ਆਧਾਰ ‘ਤੇ ਨਵੀਆਂ ਵਜ਼ੀਫਾ ਸਕੀਮਾਂ ਦਾ ਵੀ ਐਲਾਨ ਕੀਤਾ ਗਿਆ। ਇਸ ਅਨੁਸਾਰ ਯੋਗ ਅਤੇ ਲੋੜਵੰਦ ਸਿਖਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਲਈ ਸਹਾਇਤਾ ਦਾ ਲਾਭ ਦਿੱਤਾ ਜਾਵੇਗਾ ਅਤੇ ਟਿਊਸ਼ਨ ਫੀਸ ਵਿਚ ਨਿਯਮਾਂ ਅਨੁਸਾਰ ਕਟੌਤੀ ਕੀਤੀ ਜਾਵੇਗੀ। ਇਸ ਸਮਝੌਤੇ ਅਨੁਸਾਰ ਦੋਵੇਂ ਸੰਸਥਾਵਾਂ ਖੋਜ, ਅਧਿਆਪਨ ਅਤੇ ਅਕਾਦਮਿਕ ਗਤੀਵਿਧੀਆਂ ਸੰਬੰਧੀ ਇਕ ਦੂਜੇ ਨਾਲ ਸਹਿਯੋਗ ਕਰਨਗੀਆਂ। ਇੱਥੇ ਇਹ ਦੱਸ ਦੇਣਾ ਵੀ ਜਾਇਜ਼ ਹੋਵੇਗਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਕੋਲ ਰਾਸ਼ਟਰ ਪੱਧਰ ਦੀ ਉੱਚ-ਸਿੱਖਿਆ ਪ੍ਰਾਪਤ, ਸੁਯੋਗ, ਕਈ ਤਰ੍ਹਾਂ ਦੇ ਖਿਤਾਬਾਂ ਨਾਲ ਸਨਮਾਨਿਤ ਅਤੇ ਆਪਣੇ-ਆਪਣੇ ਖੇਤਰ ਦੇ ਮਾਹਿਰ ਅਧਿਆਪਕ ਅਮਲੇ ਦਾ ਹਿੱਸਾ ਹਨ। ਦੂਜੇ ਪਾਸੇ ਲਿਸਬਨ ਯੂਨੀਵਰਸਿਟੀ ਦੇ ਅਧਿਆਪਕੀ ਅਮਲੇ ਨੇ ਵੀ ਆਪਣੇ ਖੋਜ ਅਤੇ ਅਧਿਆਪਨ ਦੇ ਅਨੁਭਵ ਅਮਰੀਕਾ, ਬਰਤਾਨੀਆ, ਫਰਾਂਸ, ਸਪੇਨ ਅਤੇ ਵਿਸ਼ਵ ਦੇ ਦੂਜੇ ਹਿੱਸਿਆਂ ਤੋਂ ਪ੍ਰਾਪਤ ਕੀਤੇ ਹਨ। ਇਨ੍ਹਾਂ ਦੋਵਾਂ ਸਿੱਖਿਆ ਸੰਸਥਾਵਾਂ ਦਾ ਸਹਿਯੋਗ ਸਿਰਫ ਪੰਜਾਬ ਦੇ ਹੀ ਨਹੀਂ ਬਲਕਿ ਸਮੁੱਚੇ ਭਾਰਤ ਦੇ ਪੇਂਡੂ ਅਤੇ ਸ਼ਹਿਰੀ ਹਲਕਿਆਂ ਦੇ ਵਿਦਿਆਰਥੀਆਂ ਲਈ ਨਵੇਂ ਮੌਕੇ ਮੁਹੱਈਆ ਕਰਵਾਏਗਾ।
ਲਿਸਬਨ ਯੂਨੀਵਰਸਿਟੀ ਤੋਂ ਪ੍ਰਬੰਧਨ ਅਤੇ ਆਰਥਿਕ ਸਿੱਖਿਆ ਸਕੂਲ ਦੇ ਡੀਨ ਡਾ. ਮਾਰੀਉ ਫਰਨਾਂਡੋ ਮੇਸ਼ੀਅਲ ਕਲਡੇਰੀਆ ਨੇ ਇਸ ਕਰਾਰ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਨਵੀਂ ਤਕਨੀਕੀ ਸਿੱਖਿਆ ਦੇ ਸੁਮੇਲ ਦੀ ਉਦਾਹਰਣ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਤਿ ਵਿਕਸਤ ਵਿੱਦਿਅਕ ਮਾਹੌਲ ਨਾਲ ਜੋੜਨ ਦੇ ਇਰਾਦੇ ਨੂੰ ਪ੍ਰਗਟਾਇਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਸੰਸਾਰੀਕਰਣ ਦੇ ਦੌਰ ਵਿਚ ਨਵੇਂ ਸਿੱਖਿਅਕ ਮਾਹੌਲ ਨੂੰ ਪੰਜਾਬ ਦੇ ਵਿਦਿਆਰਥੀਆਂ ਨਾਲ ਤੁਆਰਫ ਕਰਾਉਣ ਲਈ ਇਸ ਅਹਿਦਨਾਮੇ ਨੂੰ ਕ੍ਰਾਂਤੀਕਾਰੀ ਕਦਮ ਕਿਹਾ। ਡਾ. ਮੱਲ੍ਹੀ ਨੇ ਇਸ ਅਹਿਦਨਾਮੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਭਵਿੱਖ ਵਿਚ ਹੋਰ ਵੀ ਉਚੇਰੀ ਅਤੇ ਸੰਸਾਰ ਪੱਧਰੀ ਸਿੱਖਿਆ ਦੇ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਮੁਹੱਈਆ ਕਰਵਾਉਣ ਸੰਬੰਧੀ ਦ੍ਰਿੜ੍ਹਤਾ ਪ੍ਰਗਟ ਕੀਤੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਤਕਨੀਕੀ ਸਿੱਖਿਆ ਅਤੇ ਮਨੁੱਖੀ ਹੋਂਦ ਵਿਚ ਨੈਤਿਕ ਗੁਣਾਂ ਦੇ ਵਿਕਾਸ ਨੂੰ ਸਾਂਝੇ ਰੂਪ ਵਿਚ ਵਿਕਸਿਤ ਕਰਨਾ ਅੱਜ ਦੀ ਸਿੱਖਿਆ ਸਾਹਮਣੇ ਇਕ ਚੁਣੌਤੀ ਹੈ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਤਪਰ ਹੈ।