ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸੱਭ ਨੇ ਖੇਡੀ ਹੋਲੀ।
ਭੰਗੜਾ ਪਉਂਦੇ ਨੱਚਦੇ ਗਉਂਦੇ, ਢੋਲ ਵਜਾਉਂਦੇ  ਢੋਲੀ।

ਖੁਸ਼ੀਆਂ ਦਾ ਤਿਉਹਾਰ ਪਿਆਰਾ ਸੱਭ ਨੂੰ  ਚੰਗਾ ਲਗੇ,
ਹਰ ਟੋਲੀ ਦੇ  ਰੰਗ  ਨਿਆਰੇ, ਨੀਲੇ, ਪੀਲੇ  ਤੇ ਬੱਗੇ।

ਨਵੀਂ ਵਿਆਹੀ ਵਹੁਟੀ ਤੇ, ਜਦ  ਭਰ ਮਾਰੀ ਪਚਕਾਰੀ,
ਦਿਉਰ ਬੜਾ ਟੁੱਟ ਪੈਣਾ,ਮੈਨੂੰ ਰੰਗ ਗਿਆ ਕਈ ਵਾਰੀ।

ਲੁਕਣ-ਮੀਚੀ  ਖੇਡ ਕੇ ਉਹਨੂੰ, ਕਰ ਲਿਆ ਮੈਂ ਕਾਬੂ,
ਡੱਬ-ਖੜੱਬਾ ਦਿਉਰ ਨੂੰ ਕੀਤਾ, ਜਿਉਂ ਬੰਬੇ ਦਾ ਬਾਬੂ।

ਚੋਰੀ ਚੋਰੀ  ਨਣਦ ਮੇਰੀ ਨੇ, ਮੇਰਾ  ਭੂਤ  ਬਣਾਇਆ,
ਮੈਂ ਵੀ ਉਹਨੂੰ ਫੜਕੇ ਅੜੀਓ,ਰੰਗਾਂ ਨਾਲ ਸਜਾਇਆ।

ਹੋਲੀ ਖੇਡ ਕੇ ਸਾਡੇ ਘਰ ਦਾ,ਹੋਇਆ ਰੰਗਲਾ ਵਿਹੜਾ
ਦਰਾਣੀ ਅਤੇ ਜਠਾਣੀ ਰੰਗੀ, ਦਸੋ! ਬਚਿਆ ਕਿਹੜਾ।

ਜੱਟ ਨਸ਼ੇ ਵਿਚ ਝੂਮਣ ਲਗਾ, ਕਹਿੰਦਾ ਆਈ  ਹੋਲੀ,
ਮੈਂ ਹੈ ਪਉਣਾ  ਅੱਜ  ਭੰਗੜਾ, ਜੱਟੀ ਪਾਊਗੀ  ਬੋਲੀ।

ਚਾਚਾ ਚਾਚੀ,ਤਾਇਆ ਤਾਈ, ਬੰਨ੍ਹਿਆ ਰੰਗ ਨਿਆਰਾ,
ਵੱਡੀ ਭਾਬੀ  ਰੰਗਣ ਚੜ੍ਹਿਆ, ਵੇ਼ਖੋ  ਛੱੜਾ  ਵਿਚਾਰਾ।

ਅੱਜ! ਬਾਪੂ ਨੇ ਵੀ ਬੇਬੇ ਰੰਗੀ, ਐਸਾ ਰੰਗ ਚੜਾਇਆ,
ਸਾਰਾ ਟੱਬਰ ਬਾਪੂ ਜੀ ਦਾ, ਹੋਇਆ ਦੂਣ ਸਵਾਇਆ।

ਸਾਂਝਾਂ ਦਾ ਤਿਉਹਾਰ ਏ ਹੋਲੀ ਰਲਕੇ ਖੁਸ਼ੀ ਮਨਾਈਏ
ਮਿੱਤਰਤਾ ਦਾ ਰੰਗ  ਚੜ੍ਹਾ ਕੇ, ਸਾਂਝੀਵਾਲ  ਸਦਾਈਏ।

“ਸੁਹਲ” ਦਿਲਾਂ ਦੇ ਨੇੜੇ ਹੋ ਕੇ,ਸਭ ਨੂੰ ਗਲ ਲਗਾਉ,
ਹੋਲੀ  ਦੇ ਨੇ ਰੰਗ  ਨਿਆਰੇ,  ਗੀਤ ਹੋਲੀ ਦੇ  ਗਾਉ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>