ਕਟਾਣਾ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ 85, 87, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ਤੇ ਵਿਚਾਰ ਚਰਚਾ ਕੀਤੀ ਗਈ।
ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਨਾਮ ਐਜ਼ੂਕੇਸ਼ਨ ਟਰੱਸਟ ਬੀ ਸੀ (ਕੈਨੇਡਾ) ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰੇਗੀ।ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਭਾਰੀ ਮੰਗ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਅਤੇ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਆਧਾਰਿਤ ਸਬ ਕਮੇਟੀ ਨਿਯਤ ਕੀਤੀ ਗਈ ਹੈ ਜੋ ਅਗਲੇਰੀ ਕਾਰਵਾਈ ਕਰੇਗੀ।ਅਮਰੀਕਾ ਦੇ ਸੂਬੇ ਜਾਰਜੀਆਂ ਵਿੱਚ ਸਿੱਖ ਬੱਚਾ ਸ. ਹਰਸੁੱਖ ਸਿੰਘ ਤੇ ਉਸ ਦੇ ਸਕੂਲੀ ਸਹਿਪਾਠੀਆਂ ਵੱਲੋਂ ਕੀਤੀ ਗਈ ਨਸਲੀ ਟਿੱਪਣੀ ਬਹੁਤ ਮੰਦਭਾਗੀ ਘਟਨਾ ਹੈ ਤੇ ਇਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਪਾਸੋਂ ਪੱਤਰ ਲਿਖ ਕੇ ਮੰਗ ਕੀਤੀ ਜਾਵੇਗੀ ਕਿ ਸਬੰਧਤ ਸਕੂਲ ਤੇ ਟਿੱਪਣੀਕਾਰਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।ਲਏ ਗਏ ਫੈਸਲਿਆਂ ਬਾਰੇ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਸੂਬਾ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੀ ਤਹਿਸੀਲ ਘਰੋਂਡਾ ਵਿਖੇ ਵਸੇ 101 ਸਿਕਲੀਘਰ ਸਿੱਖ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਸਾਬਕਾ ਸਕੱਤਰ ਸ. ਸਤਬੀਰ ਸਿੰਘ ਵੱਲੋਂ ਪ੍ਰਚਾਰ ਖੇਤਰ ਲਈ ਨਿਭਾਈਆਂ ਸੇਵਾਵਾਂ ਸ਼ਲਾਘਾਯੋਗ ਹਨ ਤੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਖਿਡਾਰੀਆਂ ਵਾਸਤੇ ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਵਿਖੇ 2 ਐਕਸੋਟਰਫ ਖੇਡ ਗਰਾਊਂਡਾਂ ਬਣਾਏਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਗਾਗਾ ਸੰਗਰੂਰ ਵਿਖੇ ਲੜਕੀਆਂ ਲਈ ਕਾਲਜ ਖੋਲ੍ਹਣ ਬਾਰੇ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਬੇਰ ਸਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਵੇਈਂ ਨਦੀ ਦੇ ਕਿਨਾਰੇ ਸੁੰਦਰਘਾਟ, ਪਾਰਕ ਬਣਾਉਣ ਤੇ ਵਧੀਆ ਕਿਸਮ ਦੇ ਫੁੱਲ ਬੂਟੇ ਲਗਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦਿੱਤੀ ਗਈ ਸੇਵਾ ਕਾਲ ‘ਚ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ (ਰੋਪੜ) ਵਿਖੇ ਹੋਲਾ ਮਹੱਲਾ ਸਮੇਂ ਸੰਗਤਾਂ ਦੀ ਸਹੂਲਤ ਤੇ ਮਾੜੇ ਅਨਸਰਾਂ ਤੇ ਨਿਗਾਹ ਰੱਖਣ ਲਈ 60 ਨੱਗ ਸੀ.ਸੀ.ਟੀ.ਵੀ. ਕੈਮਰੇ ਕਿਰਾਏਪੁਰ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਸੰਗਤਾਂ ਦੀ ਸਹੂਲਤ ਲਈ 20 ਕਿਲੋਮੀਟਰ ਦੇ ਏਰੀਏ ਤੀਕ ਐਕਸਟੀਡੈਂਟਲ ਬੀਮਾ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੁਰੂਸਰ ਸਤਲਾਣੀ ਪਾਤਸ਼ਾਹੀ ਛੇਵੀਂ ਹੁਸ਼ਿਆਰ ਨਗਰ (ਅੰਮ੍ਰਿਤਸਰ) ਵਿਖੇ ਤਕਰੀਬਨ 35 ਏਕੜ ਵਿੱਚ ਕੁਦਰਤੀ ਖੇਤੀ (ਜੈਵਿਕ) ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੰਗਤਾਂ ਦੀ ਸਹੂਲਤ ਲਈ ਵਧੀਆ ਲਾਈਬ੍ਰੇਰੀ ਬਣਾਏ ਜਾਣ ਦਾ ਵੀ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ. ਰਤਨਜੀਤ ਸਿੰਘ ਇੰਦੋਰ ਨਿਵਾਸੀ ਖੋਜ ਏਜੰਸੀ ਨਾਸਾ ਵੱਲੋਂ ਮੰਗਲ ਗ੍ਰਹਿ ਤੇ ਖੋਜ ਲਈ ਚੁਣੇ ਗਏ ਹਨ ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਚੋਣ ਤੇ ਖੁਸ਼ੀ ਦਾ ਇਜ਼ਹਾਰ ਕਰਦੀ ਹੈ ਕਿਉਂਕਿ ਇਸ ਨਾਲ ਸਿੱਖਾਂ ਦਾ ਮਾਣ ਸਨਮਾਨ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਸ. ਸੋਹਣ ਸਿੰਘ ਖੋਖਰ ਅਮਨ ਨਗਰ, ਜਮਾਲਪੁਰ ਅਵਾਣਾ, ਲੁਧਿਆਣਾ ਨੂੰ ਘਰੇਲੂ ਹਾਲਤ ਮਾੜੀ ਹੋਣ ਕਰਕੇ ਕੀਤੀ ਮੰਗ ਦੇ ਆਧਾਰ ਤੇ ਆਪਣੇ ਲੜਕੇ ਦੀ ਫੀਸ ਅਦਾ ਕਰਨ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।ਇਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਕੁਮਾਰ ਜਮੁਨਾ ਟਾਵਰ, ਆਰ ਐਮ ਐਸ ਕਲੋਨੀ, ਕੰਕਡਬਾਗ ਪਟਨਾ ਸਾਹਿਬ (ਬਿਹਾਰ) ਨੂੰ ਗੰਭੀਰ ਬਿਮਾਰੀ ਨਾਲ ਪੀੜ੍ਹਤ ਆਪਣੀ ਲੜਕੀ ਦੇ ਇਲਾਜ ਵਾਸਤੇ ਅਤੇ ਸ. ਗੁਰਮੀਤ ਸਿੰਘ ਸਪੁੱਤਰ ਸ. ਜਸਵੰਤ ਸਿੰਘ ਨੂੰ ਚੂਲਾ ਖਰਾਬ ਹੋਣ ਕਰਕੇ ਇਲਾਜ ਕਰਵਾਉਣ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣੀ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਅੰਮ੍ਰਿਤਧਾਰੀ ਹਨ ਤੇ ਉਨ੍ਹਾਂ ਦੀ ਸਾਲਾਨਾ ਆਮਦਨ ਵੱਧ ਤੋਂ ਵੱਧ 2 ਲੱਖ 50 ਹਜ਼ਾਰ ਰੁਪਏ ਹੈ ਉਨ੍ਹਾਂ ਨੂੰ ਵਿਦਿਅਕ ਸੈਸ਼ਨ 2015-16 ਦੌਰਾਨ ਫੀਸ/ਫੰਡਾਂ ਦੇ ਅਗੇਂਸਟ ਸਾਲਾਨਾ ਵਜ਼ੀਫਾ ਪਹਿਲੀ ਕਲਾਸ ਤੋਂ ਪੰਜਵੀਂ ਤੀਕ 2500 ਰੁਪਏ, ਛੇਵੀਂ ਕਲਾਸ ਤੋਂ ਦਸਵੀਂ ਤੀਕ 3000 ਰੁਪਏ ਅਤੇ 10+1 ਤੋਂ 10+2 ਤੀਕ 4000 ਰੁਪਏ ਦੇਣ ਸਬੰਧੀ ਵੀ ਫੈਸਲਾ ਕੀਤਾ ਗਿਆ ਹੈ ਤੇ ਸ. ਵਰਿਆਮ ਸਿੰਘ ਜੋ ਸੈਂਟਰਲ ਜੇਲ੍ਹ ਬਰੇਲੀ (ਉੱਤਰ ਪ੍ਰਦੇਸ਼) ਵਿਖੇ ਨਜ਼ਰਬੰਦ ਹਨ ਦੇ ਕੇਸ ਦੀ ਪੈਰਵੀ ਕਰਨ ਲਈ ਪੰਜਾਹ ਹਜ਼ਾਰ ਰੁਪਏ ਸਹਾਇਤਾ ਮੰਜੂਰ ਕੀਤੀ ਗਈ ਹੈ।
ਅੱਜ ਦੀ ਇਕੱਤਰਤਾ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਮੋਹਣ ਸਿੰਘ ਤੇ ਸ. ਸੁਰਜੀਤ ਸਿੰਘ ਗੜ੍ਹੀ, ਸਕੱਤਰ ਸ.ਦਲਮੇਘ ਸਿੰਘ, ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ, ਐਡੀਸ਼ਨ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਕੇਵਲ ਸਿੰਘ ਤੇ ਸ. ਪਰਮਜੀਤ ਸਿੰਘ ਸਰੋਆ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ. ਮਨਪ੍ਰੀਤ ਸਿੰਘ ਐਕਸੀਅਨ, ਸ. ਸੁਖਬੀਰ ਸਿੰਘ, ਸ. ਪਰਮਦੀਪ ਸਿੰਘ ਤੇ ਸ.ਸੁਖਬੀਰ ਸਿੰਘ ਇੰਚਾਰਜ ਤੇ ਸ. ਅਰਵਿੰਦਰ ਸਿੰਘ ਸਾਸਨ ਏ.ਪੀ.ਆਰ.ਓ. ਤੇ ਸ. ਬਿਅੰਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਆਦਿ ਮੌਜੂਦ ਸਨ।