ਸ੍ਰੀਨਗਰ – ਜਮੂੰ-ਕਸ਼ਮੀਰ ਦੀ ਮੁਫ਼ਤੀ ਸਰਕਾਰ ਨੇ ਆਪਣੀ ਸਹਿਯੋਗੀ ਪਾਰਟੀ ਬੀਜੇਪੀ ਦੇ ਵਿਰੋਧੀ ਤੇਵਰਾਂ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਰਾਜ ਦੀਆਂ ਜੇਲ੍ਹਾਂ ਵਿੱਚ ਬੰਦ ਵੱਖਵਾਦੀਆਂ ਨੂੰ ਰਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀਡੀਪੀ ਸਰਕਾਰ ਨੇ ਹੁਰੀਅਤ ਦੇ ਵੱਖਵਾਦੀ ਨੇਤਾ ਰਹੇ ਮਸਰਤ ਆਲਮ ਨੂੰ ਜੋ ਕਿ ਪਿੱਛਲੇ ਚਾਰ ਸਾਲ ਤੋਂ ਜੇਲ੍ਹ ਵਿੱਚ ਬੰਦ ਸੀ,ਰਿਹਾ ਕਰਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ।ਮਸਰਤ ਆਲਮ ਤੇ ਜਮੂੰ-ਕਸ਼ਮੀਰ ਪੁਲਿਸ ਨੇ ਦਸ ਲੱਖ ਦਾ ਇਨਾਮ ਵੀ ਰੱਖਿਆ ਸੀ। ਹੁਣ ਜੇਲ੍ਹ ਵਿੱਚ ਦੋ ਦਹਾਕਿਆਂ ਤੋਂ ਬੰਦ ਜਮਾਇਤ-ਉਲ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਡਾ. ਫਖਤੂ ਦੀ ਰਿਹਾਈ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਜਮੂੰ-ਕਸ਼ਮੀਰ ਦੇ ਮੁੱਖਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਬੁੱਧਵਾਰ ਨੂੰ ਰਾਜ ਦੇ ਪੁਲਿਸ ਮੁੱਖੀ ਨਾਲ ਮੀਟਿੰਗ ਕਰਕੇ ਰਾਜਨੀਤਕ ਕੈਦੀਆਂ ਦੀ ਰਿਹਾਈ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ, ਜਿਨ੍ਹਾਂ ਤੇ ਕੋਈ ਅਪਰਾਧਿਕ ਕੇਸ ਦਰਜ ਨਹੀਂ ਹੈ। ਇਸ ਅਨੁਸਾਰ ਹੀ ਮਸਰਤ ਨੂੰ ਰਿਹਾ ਕੀਤਾ ਗਿਆ ਹੈ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਖਵਾਦੀਆਂ ਨੂੰ ਰਿਹਾ ਕੀਤਾ ਜਾ ਸਕਦਾ ਹੈ। ਰਾਜ ਦੇ ਡੀਜੀਪੀ ਕੇ.ਰਜੇਂਦਰ ਕੁਮਾਰ ਨੇ ਕਿਹਾ, ‘ਰਾਜ ਦੀਆਂ ਜੇਲ੍ਹਾਂ ਵਿੱਚ ਰਾਜਨੀਤਕ ਕੈਦੀਆਂ ਦੀ ਰਿਹਾਈ ਤੇ ਸਰਕਾਰੀ ਆਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।’ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਸਾਰੇ ਆਦੇਸ਼ਾਂ ਤੇ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਤੇ ਅਮਲ ਕੀਤਾ ਜਾਵੇਗਾ।
ਇਸ ਮੁੱਦੇ ਤੇ ਪੀਡੀਪੀ ਅਤੇ ਬੀਜੇਪੀ ਵਿੱਚ ਮੱਤਭੇਦ ਉਭਰ ਰਹੇ ਹਨ। ਬੀਜੇਪੀ ਨੇ ਇਸ ਸਬੰਧੀ ਆਪਣਾ ਵਿਰੋਧ ਦਰਜ ਕਰਵਾਇਆ ਹੈ, ਜਿਸ ਨੂੰ ਮੁੱਖਮੰਤਰੀ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਬੀਜੇਪੀ ਅਜੇ ਤੱਕ ਖੁਲ੍ਹ ਕੇ ਸਾਮਣੇ ਨਹੀਂ ਆ ਰਹੀ।