ਸਿੱਖ ਕੌਮ ਲਈ ਇਹ ਇਕ ਬੜੇ ਵਡੇ ਫ਼ਖ਼ਰ ਵਾਲੀ ਗਲ ਹੈ ਕਿ ਇਹ ਆਪਣੀ ਪੰਜ ਸੌ ਸਾਲਾ ਉਮਰ ਵਿਚ ਹੀ ਸੰਸਾਰ ਦਾ ਪੰਜਵਾਂ ਵੱਡਾ ਧਰਮ ਬਣ ਗਈ ਹੈ । ਸਿੱਖ ਧਰਮ ਤੋਂ ਪਹਿਲਾਂ ਜਨਮੇ ਕਈ ਧਰਮ ਹੋਰ ਧਰਮਾਂ ਵਿਚ ਇੰਞ ਜਜ਼ਬ ਹੋ ਗਏ ਜਿਵੇਂ ਦੁੱਧ ਵਿਚ ਪਾਣੀ । ਜਿਵੇਂ ਮੁਹਾਵਰਾ ਹੈ, “ਵੱਡੀ ਮਛੀ ਹਮੇਸ਼ਾਂ ਛੋਟੀ ਮਛੀ ਨੂੰ ਨਿਗਲ ਜਾਂਦੀ ਹੈ” ਇਸੇਤਰ੍ਹਾਂ ਵਡੇ ਧਰਮਾਂ ਵਾਲੇ, ਖਾਸ ਕਰਕੇ ਈਸਾਈ ਮਤ, ਇਸਲਾਮ ਤੇ ਹਿੰਦੂ ਧਰਮ ਆਪਣੇ ਤੋਂ ਛੋਟੇ ਛੋਟੇ ਧਰਮਾਂ ਦੇ ਲੋਕਾਂ ਨੂੰ ਹੜਪ ਕਰਕੇ ਉਨ੍ਹਾਂ ਦੀ ਹੋਂਦ ਦਾ ਜਾਂ ਤਾਂ ਨਾਮੋ ਨਿਸ਼ਾਨ ਮਿਟਾ ਗਏ, ਜਾਂ ਉਨ੍ਹਾਂ ਦੀ ਗਿਣਤੀ ਨੂੰ ਇੰਨਾ ਮਨਫ਼ੀ ਕਰ ਗਏ ਕਿ ਉਹ ਇਕ ਮਹਾਨ ਧਰਮ ਹੋ ਕੇ ਵੀ ਏਨੇ ਸੁੰਗੜ ਗਏ ਤੇ ਉਨ੍ਹਾਂ ਨੂੰ ਹਿੰਦੂ ਧਰਮ ਅੱਗੇ ਗੋਡੇ ਟੇਕ ਕੇ ਆਪਣੀ ਹੋਂਦ ਨੂੰ ਦਿਨ-ਬ-ਦਿਨ ਮਨਫ਼ੀ ਕਰਨਾ ਪੈ ਗਿਆ । ਮੇਰਾ ਇਸ਼ਾਰਾ ਬੁਧ ਧਰਮ ਤੇ ਜੈਨ ਧਰਮ ਵਲ ਹੈ । ਇਹੋ ਹਾਲ ਕੀਤਾ ਈਸਾਈ ਮਤ ਦੇ ਪ੍ਰਚਾਰਕਾਂ ਨੇ, ਜਿਨ੍ਹਾਂ ਨੇ ਗੈਰ ਈਸਾਈ ਦੇਸ਼ਾਂ ਵਿਚ ਜਾ ਕੇ ਇੰਨਾ ਪ੍ਰਚਾਰ ਕੀਤਾ ਕਿ ਉਥੋਂ ਦੇ ਵਾਸੀਆਂ ਨੇ ਆਪਣੀ ਰਜ਼ਾਮੰਦੀ ਨਾਲ ਆਪਣੇ ਧਰਮਾਂ ਦਾ ਤਿਆਗ ਕਰਕੇ ਈਸਾਈ ਧਰਮ ਨੂੰ ਅਪਣਾ ਲਿਆ । ਇਸਲਾਮ ਦੇ ਕਟੜਵਾਦੀ ਮੁਲਾਂ, ਮੁਲਾਣਿਆਂ ਤੇ ਕਾਜ਼ੀਆਂ ਨੇ ਵੀ ਕੋਈ ਕਸਰ ਨਾ ਛਡੀ, ਜਿਨ੍ਹਾਂ ਨੇ ਜ਼ਬਰਦਸਤੀ ਤੇ ਅਤਿਆਚਾਰਾਂ ਰਾਹੀਂ ਕਈ ਦੇਸ਼ਾਂ ਦੇ ਬਾਸ਼ਿੰਦਿਆਂ ਨੂੰ ਇਸਲਾਮ ਵਿਚ ਲੈ ਆਉਂਦਾ ਤੇ ਉਹ ਦੇਸ਼ ਅਜ ਮੁਕੰਮਲ ਤੌਰ ਉਤੇ ਇਸਲਾਮਿਕ ਦੇਸ਼ ਬਣ ਗਏ ਹਨ । 1947 ਤੋਂ ਬਾਅਦ ਭਾਰਤ ਦੇ ਆਜ਼ਾਦ ਹੋਣ ਪਿਛੋਂ ਕਟੜ ਪੰਥੀ ਹਿੰਦੂ ਧਾਰਮਿਕ ਜਥੇਬੰਦੀਆਂ ਨੇ ਵੀ ਕਟੜਪੰਥੀ ਈਸਾਈਆਂ ਤੇ ਇਸਲਾਮਿਕ ਜਥੇਬੰਦੀਆਂ ਵਾਲੀਆਂ ਕਾਲੀਆਂ ਕਰਤੂਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ, ਜਿਸਦੇ ਨਤੀਜੇ ਵਜੋਂ ਭਾਰਤ ਵਿਚੋਂ ਬੁਧ ਧਰਮ, ਜੈਨ ਧਰਮ ਤੇ ਹੋਰ ਕਈ ਨਿਕੇ ਨਿਕੇ ਧਰਮ ਗਾਇਬ ਹੋਣੇ ਸ਼ੁਰੂ ਹੋ ਗਏ ਤੇ ਹਿੰਦੂ ਧਰਮ ਉਨ੍ਹਾਂ ਨੂੰ ਡੀਕ ਲਾ ਕੇ ਇਕੋ ਸਾਹ ਨਿਗਲ ਗਿਆ ।
ਆਜ਼ਾਦੀ ਤੋਂ ਪਹਿਲਾਂ ਮੁਗ਼ਲਾਂ ਵਲੋਂ ਤੇ ਬਾਅਦ ਵਿਚ ਹਿੰਦੂਆਂ ਵਲੋਂ ਬੜੀ ਰਫ਼ਤਾਰ ਤੇ ਗਿਣੀ ਮਿਥੀ ਸਾਜ਼ਿਸ਼ ਨਾਲ ਸਿੱਖ ਧਰਮ ਨੂੰ ਵੀ ਆਪਣੇ ਵਿਚ ਜੀਰ ਜਾਣ ਦੀ ਕੋਸ਼ਿਸ਼ ਜਾਰੀ ਕੀਤੀ ਗਈ, ਜੋ ਅੱਜ ਤਕ ਜਾਰੀ ਹੈ । ਸਭ ਤੋਂ ਵਡੀ ਬਦਕਿਸਮਤੀ ਇਹ ਹੈ ਕਿ ਪੰਜਾਬ ਦੀ ਮੌਜੂਦਾ ਅਕਾਲੀ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਸ਼ਿਆਂ ਕੋਲ ਗਹਿਣੇ ਪਈ ਹੋਈ ਹੈ । ਇਕ ਆਪਣੇ ਆਪਨੂੰ ਪੰਥਕ ਸਰਕਾਰ ਕਹਿਲਾਉਂਦੀ ਹੈ ਤੇ ਦੂਸਰੀ ਆਪਣੇ ਆਪਨੂੰ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਦਸਦੀ ਹੈ । ਪਰ ਦੋਨੋਂ ਹੀ ਮਾਸੀ ਦੇ ਪੁੱਤ ਭਰਾ ਹਨ । ਨਾ ਕਿਸੇ ਨੂੰ ਪੰਥ ਨਾਲ ਦਰਦ ਹੈ ਤੇ ਨਾ ਹੀ ਕਿਸੇ ਨੂੰ ਗੁਰਦੁਆਰਿਆਂ ਨਾਲ । ਇਨ੍ਹਾਂ ਦੋਹਾਂ ਮਾਸੀ ਦੇ ਪੁੱਤ ਭਰਾਵਾਂ ਦੀ ਯਾਰੀ ਹੈ ਮਹਾਸ਼ਿਆਂ ਨਾਲ, ਜਿਨ੍ਹਾਂ ਨੂੰ ਖੁਸ਼ ਕਰਨ ਲਈ ਉਹ ਗ੍ਰੰਥ ਤੇ ਪੰਥ ਵਿਰੋਧੀ ਕੰਮ ਕਰ ਰਹੇ ਹਨ । ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਸੰਤੀ ਰੰਗੇ ਨਿਸ਼ਾਨ ਸਾਹਿਬਾਂ ਦੇ ਰੰਗ ਭਗਵੇਂ ਕਰ ਦਿਤੇ ਗਏ, ਪੀਲੇ ਰੰਗ ਦੇ ਸਿਰੋਪਾਓ ਦੀ ਬਜਾਏ ਕੇਸਰੀ ਸਿਰੋਪਾਓ ਬਣ ਗਏ, ਇਥੋਂ ਤਕ ਕਿ ਆਮ ਸਿੱਖਾਂ ਨੂੰ ਵੀ ਪੀਲੇ ਰੰਗ ਦੀਆਂ ਦਸਤਾਰਾਂ ਸਜਾਉਣੀਆਂ ਭੁਲ ਗਈਆਂ ਤੇ ਉਨ੍ਹਾਂ ਨੇ ਵੀ ਸਿਰਾਂ ਉਤੇ ਕੇਸਰੀ ਪੱਗਾਂ (ਦਸਤਾਰਾਂ) ਬੰਨ੍ਹ ਲਈਆਂ । ਗਲ ਕੀ ਚਾਰੇ ਪਾਸਿਆਂ ਤੋਂ ਸਿੱਖ ਧਰਮ ਨੂੰ ਸਿੱਖਾਂ ਤੋਂ ਹੀ ਢਾਹ ਲਗਵਾਈ ਜਾ ਰਹੀ ਹੈ ।
ਸਾਡੀ ਖੁਸ਼ਕਿਸਮਤੀ ਇਹ ਹੈ ਕਿ ਸਿੱਖ ਧਰਮ ਦੀ ਬੁਨਿਆਦ ਘਸਿਆਰਿਆਂ ਨੇ ਨਹੀਂ ਰੱਖੀ, ਨਾ ਹੀ ਖੂਹ ਦੇ ਡੱਡੂ ਵਾਲੀ ਸੋਚ ਰਖਣ ਵਾਲਿਆਂ ਨੇ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਗਲ ਕੀਤੀ ਹਿੰਦੂਆਂ ਦੀ, ਨਾ ਮੁਸਲਮਾਨਾਂ ਦੀ, ਨਾ ਸਿਧਾਂ ਦੀ, ਨਾ ਜੋਗੀਆਂ ਦੀ, ਨਾ ਜਤੀਆਂ ਦੀ, ਨਾ ਮੂੰਡਧਾਰੀਆਂ ਦੀ, ਨਾ ਹਵਨਾਂ ਦੀ, ਨਾ ਵਰਤਾਂ ਦੀ, ਨਾ ਵਹਿਮਾਂ ਦੀ, ਨਾ ਭਰਮਾਂ ਦੀ । ਉਨ੍ਹਾਂ ਨੇ ਕਰਮਕਾਂਡਾਂ ਦੀ ਰੱਜ ਕੇ ਨਿਖੇਧੀ ਕੀਤੀ । ਉਨ੍ਹਾਂ ਨੇ ਇਕ ਚੰਗਾ ਤੇ ਸਿਹਤਮੰਦ ਸਮਾਜ ਸਿਰਜਨ ਦੀ ਯਾਚਨਾ ਕੀਤੀ । ਉਨ੍ਹਾਂ ਨੇ ਬਾਹਮਣਾਂ ਵਾਂਗ ਤਰ੍ਹਾਂ ਤਰ੍ਹਾਂ ਦੇ ਤੇ ਭਾਂਤ ਭਾਂਤ ਦੇ ਠਾਕੁਰ ਬਣਾ ਕੇ ਉਨ੍ਹਾਂ ਨੂੰ ਵੱਖ ਵੱਖ ਰੱਬ ਬਣਾ ਕੇ ਪੂਜਣ ਦੀ ਮਨਾਹੀ ਕੀਤੀ ਤੇ ਕਿਹਾ, “ੴ ” ਤੇ ਫੇਰ “ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ”॥ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਉਹ ਕਾਮਲ ਪੁਰਸ਼ ਹਨ, ਜਿਨ੍ਹਾਂ ਨੇ ਇਸ ਧਰਤੀ ਉਤੇ ਆ ਕੇ ਕੁਲ ਮਨੁਖਤਾ ਨੂੰ ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਲਈ ਕਿਹਾ । ਉਨ੍ਹਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਮੁਸਲਮਾਨਾਂ ਦਾ ਅਲ੍ਹਾ ਹੋਰ ਹੈ, ਹਿੰਦੂਆਂ ਦਾ ਭਗਵਾਨ ਕੋਈ ਹੋਰ ਹੈ, ਬੋਧੀਆਂ ਦਾ ਕੋਈ ਹੋਰ, ਮੀਂਹ ਪਾਣ ਵਾਲਾ ਦੇਵਤਾ ਕੋਈ ਹੋਰ ਹੈ, ਜਨਮ ਦੇਣ ਵਾਲਾ ਕੋਈ ਹੋਰ ਤੇ ਮੌਤ ਦਾ ਕੋਈ ਹੋਰ ਹੈ । ਇਹ ਉਹ ਸਮਾਂ ਸੀ ਜਦੋਂ ਲੋਕ ਸੱਪਾਂ ਦੀ ਪੂਜਾ ਕਰਦੇ ਸਨ, ਬਾਂਦਰਾਂ ਦੀ ਪੂਜਾ ਵੀ ਮੰਦਰਾਂ ਵਿਚ ਹੁੰਦੀ ਸੀ, ਪਲੇਗ ਫੈਲਾਉਣ ਵਾਲੇ ਚੂਹਿਆਂ ਨੂੰ ਵੀ ਪੂਜਿਆ ਜਾਂਦਾ ਸੀ, ਕਿਤੇ ਗਰੜ ਪੰਛੀ ਦੀ ਪਰਕਰਮਾ ਕਰਕੇ ਆਪਣੇ ਆਪਨੂੰ ਖੁਸ਼ਨਸੀਬ ਸਮਝਿਆ ਜਾਂਦਾ ਸੀ, ਕਿਤੇ ਗਨੇਸ਼, ਕਿਤੇ ਹਨੂਮਾਨ ਵਰਗਿਆਂ ਦੀ ਆਰਤੀ ਉਤਰੀ ਜਾਂਦੀ ਸੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਫ਼ ਕਹਿ ਦਿਤਾ, “ਮੈ ਨ ਗਨੇਸਹਿ ਪ੍ਰਿਥਮ ਮਨਾਊ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥” ਸਿੱਖ ਗੁਰੂ ਸਾਹਿਬਾਨ ਨੇ ਸਿੱਖ ਸਿਧਾਂਤਾਂ ਮੁਤਾਬਕ ਇਕ ਦੇਸ਼, ਇਕ ਧਰਤੀ, ਜਾਂ ਇਕ ਵਰਗ ਦੀ ਗਲ ਨਹੀਂ ਕੀਤੀ, ਸਗੋਂ ਸਮੁਚੇ ਬ੍ਰਹਿਮੰਡ ਦੀ ਗਲ ਕੀਤੀ ਹੈ । ਉਹ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਦੀ ਗਲ ਕਰਦੇ ਹਨ । ਇਹ ਦੁਖ ਵਾਲੀ ਗਲ ਹੈ ਕਿ ਵਿਸ਼ਵ ਦੇ ਇਕੋ ਇਕ ਮਹਾਨ ਤੇ ਵਾਹਿਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਉਨ੍ਹਾਂ ਦੇ ਹੀ ਸਿੱਖ ਢਾਹ ਲਾ ਕੇ ਖੋਰੀ ਜਾ ਰਹੇ ਹਨ ।
ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਖਿਤੇ ਦੇ ਪੰਜ ਸਟਾਰ ਜਾਂ ਕਿਸੇ ਆਮ ਮੋਟਲ ਵਿਚ ਰਾਤ ਰਹਿਣ ਜਾਈਏ, ਤਾਂ ਅਕਸਰ ਸਾਨੂੰ ਸਾਡੇ ਰਹਿਣ ਵਾਲੇ ਕਮਰਿਆਂ ਦੇ ਮੇਜ਼ਾਂ ਉਤੇ ਜਾਂ ਦਰਾਜ਼ਾਂ ਵਿਚ ਅੰਗ੍ਰੇਜ਼ੀ ਵਿਚ ਛੱਪੀ ਬਾਈਬਲ ਦੀ ਕਾਪੀ ਮਿਲ ਜਾਂਦੀ ਹੈ । ਈਸਾਈ ਮਤ ਵਲੋਂ ਪ੍ਰਚਾਰ ਦੀ ਮੁਹਿੰਮ ਸਹਿਜ ਸੁਭਾਅ ਚਲਦੀ ਰਹਿੰਦੀ ਹੈ । ਲੋਕ ਬਦੋ ਬਦੀ ਇਕ ਅਧ ਸਫ਼ਾ ਪੜ੍ਹ ਲੈਣ ਤਾਂ ਉਨ੍ਹਾਂ ਉਤੇ ਉਹ ਆਪਣੇ ਵੀਚਾਰਾਂ ਦੀ ਥੋੜੀ ਬਹੁਤੀ ਆਪਣੀ ਛਾਪ ਛਡ ਦਿੰਦੇ ਹਨ । ਭਾਵੇਂ ਉਹ ਬਾਈਬਲ ਇਕ ਪਵਿਤ੍ਰ ਪੁਸਤਕ ਹੋਵੇ, ਪਰ ਉਥੇ ਉਹ ਇਕ ਆਮ ਪੁਸਤਕ ਦੇ ਰੂਪ ਵਿਚ ਹੀ ਪਈ ਹੁੰਦੀ ਹੈ, ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਜਾਗਦੀ ਜੋਤ, ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਤੇ ਪ੍ਰਗਟ ਗੁਰਾਂ ਕੀ ਦੇਹ ਹਨ ।
ਇਹ ਇਕ ਬੇਹਦ ਚੰਗੀ ਤੇ ਮਾਣ ਵਾਲੀ ਗਲ ਹੈ ਕਿ ਅਸੀਂ ਆਪਣੇ ਪਵਿਤ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਅਦਬ ਤੇ ਸਤਿਕਾਰ ਕਰਦੇ ਹਾਂ, ਪਰ ਇਸ ਦੀ ਆੜ ਹੇਠ ਸਾਡੀਆਂ ਸੰਸਥਾਵਾਂ ਦੇ ਬੇਈਮਾਨ ਪ੍ਰਬੰਧਕ ਜੋ ਇਸਨੂੰ ਖੋਰਾ ਲਾ ਰਹੇ ਹਨ, ਉਸਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ । ਕੁਝ ਮਹੀਨੇ ਪੁਰਾਣੀ ਗਲ ਹੈ ਕਿ ਕੈਲੀਫੋਰਨੀਆ ਦੇ ਇਕ ਸਿੰਘ ਸਾਹਿਬ ਸ: ਦਮਿੰਦਰ ਸਿੰਘ ਜੀ ਆਨੰਦ ਨੇ ਚੀਨ ਦੇ ਇਕ ਪ੍ਰਿੰਟਿੰਗ ਪ੍ਰੈਸ ਨਾਲ ਲਿਖਾ ਪੜ੍ਹੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤ੍ਰ ਸਰੂਪ ਛਪਵਾਉਣ ਦਾ ਸਲਾਹੁਣ ਯੋਗ ਉਪਰਾਲਾ ਕੀਤਾ । ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ 30 ਡਾਲਰਾਂ ਦੀ ਸੇਵਾ ਫਲ ਲੈ ਕੇ ਸਾਰੇ ਅਮਰੀਕਾ ਤੇ ਕੈਨੇਡਾ ਵਿਚ ਘਰੋ ਘਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਹੁੰਚਾਉਣ ਦੀ ਸੇਵਾ ਨਿਭਾਉਣਗੇ । ਸ: ਦਮਿੰਦਰ ਸਿੰਘ ਜੀ ਨੇ ਤਾਂ ਬੜੀ ਨੇਕ ਨੀਅਤ ਨਾਲ ਇਕ ਨੇਕ ਕਾਰਜ ਕਰਨਾ ਸੋਚਿਆ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜੋ ਪ੍ਰਚਾਰ ਨੂੰ ਵਿਉਪਾਰ ਬਣਾਈ ਬੈਠੇ ਹਨ, ਨੇ ਇਸ ਨੇਕ ਕੰਮ ਵਿਚ ਆਪਣੀ ਤੰਗ ਦਿਲੀ ਤੇ ਅਲੜ ਬੁਧੀ ਦਾ ਸਬੂਤ ਦੇਣਾ ਸ਼ੁਰੂ ਕਰ ਦਿਤਾ ਤੇ ਬਿਆਨ ਜਾਰੀ ਕਰ ਦਿਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਦਾ ਅਧਿਕਾਰ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ ਤੇ ਹੋਰ ਕੋਈ ਵੀ ਸਭਾ ਸੁਸਾਇਟੀ ਇਸਨੂੰ ਛਾਪ ਜਾਂ ਛਪਵਾ ਨਹੀਂ ਸਕਦੀ । ਜਾਪਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹ ਬਿਆਨ ਦੇਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਨੂੰ ਵੀ ਭੁਲ ਗਿਆ ਹੈ ਤੇ ਇਹ ਵੀ ਭੁਲ ਗਿਆ ਹੈ ਕਿ ਅਮਰੀਕਾ ਵਿਚ ਵਸਦੇ ਸਿੱਖ ਜਾਂ ਚੀਨ ਵਿਚਲੇ ਪ੍ਰਿਟਿੰਗ ਪ੍ਰੈਸ ਉਸਦੀ ਹੱਦਬੰਦੀ ਵਿਚ ਨਹੀਂ ਆਉਂਦੇ । ਸਿਆਣੇ ਕਹਿੰਦੇ ਹਨ, “ਪਹਿਲਾਂ ਤੋਲੋ, ਫੇਰ ਬੋਲੋ”, ਪਰ ਜਾਪਦਾ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਬੋਲਦਾ ਹੈ ਤੇ ਪਿਛੋਂ ਤੋਲਦਾ ਹੈ ਜਾਂ ਤੋਲਦਾ ਹੀ ਨਹੀਂ, ਬਸ ਬਿਨਾਂ ਸੋਚੇ ਸਮਝੇ ਤੋਂ ਘੜੇ ਘੜਾਏ ਬਿਆਨ ਦੇਈ ਜਾਂਦਾ ਹੈ ।
ਹਾਂ, ਗਲ ਚਲ ਰਹੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤ੍ਰ ਸਰੂਪਾਂ ਦੀ ਛਪਵਾਈ ਦੀ । ਅਵਤਾਰ ਸਿੰਘ ਮਕੜ ਵਲੋਂ 3 ਮਾਰਚ ਨੂੰ ਦਿਤੇ ਇਕ ਬਿਆਨ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ ਲਈ ਇਕ ਛਾਪਾ ਖਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਉਥੋਂ ਦੇ ਵਾਸੀਆਂ ਵਲੋਂ ਪਵਿਤ੍ਰ ਸਰੂਪ ਦੀ ਵੱਧ ਰਹੀ ਮੰਗ ਨੂੰ ਪੂਰਿਆਂ ਕੀਤਾ ਜਾ ਸਕੇ । ਪ੍ਰਧਾਨ ਮਕੜ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਉਹ ਨੇੜ ਭਵਿਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ ਵਾਸਤੇ ਕੈਨੇਡਾ ਵਿਚ ਇਕ ਛਾਪਾ ਖਾਨਾ ਲਗਾਉਣਗੇ । ਇਸ ਮਸਲੇ ਉਤੇ ਕੁਝ ਤਥਾਂ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ 1) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸੇ ਵੀ ਪਰਾਈਵੇਟ ਸੈਕਟਰ ਵਲੋਂ ਮਹਾਰਾਜ ਦੇ ਸਰੂਪਾਂ ਦੀ ਛਪਵਾਈ ਉਤੇ ਮੁੰਕਮਲ ਪਾਬੰਦੀ ਲਗਾਈ ਹੋਈ ਹੈ; 2) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਹਰਿਮੰਦਰ ਸਾਹਿਬ ਪਾਸ ਪੰਜਾਬ ਵਿਚ ਪਵਿਤ੍ਰ ਬੀੜਾਂ ਨੂੰ ਛਪਵਾਉਣ ਦੇ ਪੂਰੇ ਹੱਕ ਰਾਖਵੇਂ ਹਨ ਤੇ ਇਸ ਕਾਰਜ ਲਈ ਉਨ੍ਹਾਂ ਨੇ ਇਕ ਨਵੀਨ ਤੇ ਆਧੁਨਿਕ ਕਿਸਮ ਦਾ ਛਾਪਾ ਖਾਨਾ ਲਗਾਇਆ ਹੋਇਆ ਹੈ ।
ਇਕ ਤਾਜ਼ੀ ਖ਼ਬਰ ਮੁਤਾਬਕ ਇਹ ਵੀ ਪਤਾ ਲਗਾ ਹੈ ਕਿ ਅਮਰੀਕਨ ਨਾਗਰਿਕ ਤੇ ਕੈਲੀਫੋਰਨੀਆ ਵਾਸੀ ਸ: ਦਮਿੰਦਰ ਸਿੰਘ ਆਨੰਦ ਨੇ ਬੀਤੇ ਸ਼ਨੀਵਾਰ ਨੂੰ ਪੰਜਾਬ ਤੇ ਹਰਿਆਨਾ ਹਾਈ ਕੋਰਟ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਇਕ ਪਟੀਸ਼ਨ ਦਾਇਰ ਕਰ ਕੇ ਚਿਤਾਵਨੀ ਦਿਤੀ ਹੈ ਕਿ ਉਨ੍ਹਾਂ ਪਾਸ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਪਾਵਨ ਸਰੂਪਾਂ ਨੂੰ ਛਾਪਣ ਦਾ ਅਧਿਕਾਰ ਸਿਰਫ਼ ਉਨ੍ਹਾਂ ਨੂੰ ਹੀ ਹੈ । ਸ: ਆਨੰਦ ਨੇ ਇਹ ਵੀ ਦਸਿਆ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਪਾਸ ਕੋਈ ਵੀ ਐਸਾ ਕੜਾ ਕਾਨੂੰਨ ਨਹੀਂ ਜਿਸ ਨਾਲ ਉਹ ਪਾਵਨ ਸਰੂਪਾਂ ਦੀ ਛਪਵਾਈ ਤੇ ਪਾਸਾਰ ਨੂੰ ਰੁਕਵਾ ਸਕਣ । ਯਾਦ ਰਹੇ 28 ਨਵੰਬਰ, 2014 ਨੂੰ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੀ ਅਦਾਲਤ ਵਿਚ ਸ: ਦਮਿੰਦਰ ਸਿੰਘ ਉਤੇ ਚੀਨ ਵਿਚੋਂ ਪਾਵਨ ਬੀੜਾਂ ਦੀ ਅਨ-ਅਧਿਕਾਰਤ ਛਪਵਾਈ ਕਰਵਾਉਣ ਅਤੇ ਦੂਜੇ ਦੇਸ਼ਾਂ ਵਿਚ ਭੇਜਣ ਉਤੇ ਮੁਕਦਮਾ ਕਰ ਦਿਤਾ ਸੀ । ਸ: ਦਮਿੰਦਰ ਸਿੰਘ ਨੇ ਦੁਖੀ ਮਨ ਨਾਲ, ਨਾ ਚਾਹੁੰਦਿਆਂ ਹੋਇਆਂ ਵੀ ਤੇ ਆਪਣੀ ਚਮੜੀ ਨੂੰ ਬਚਾਉਣ ਦੀ ਖ਼ਾਤਰ, ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਆਪਣਾ ਪੱਖ ਰਖਦਿਆਂ ਉਸ ਉਪਰ ਹੋਈ ਐਫ.ਆਈ.ਆਰ. ਨੂੰ ਰਦ ਕਰਨ ਦੀ ਗਲ ਵੀ ਕੀਤੀ, ਜਿਸ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਦਿਤਾ ਹੈ । ਸ: ਆਨੰਦ ਨੇ ਇਹ ਵੀ ਦਸਿਆ ਕਿ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿਰਫ਼ ਸ਼੍ਰੋਮਣੀ ਕਮੇਟੀ ਨੂੰ ਹੀ ਪਵਿਤ੍ਰ ਸਰੂਪ ਛਾਪਣ ਦਾ ਅਧਿਕਾਰ ਹੈ । ਗੁਰਦੁਆਰਾ ਐਕਟ ਦੇ ਕਾਨੂੰਨ ਦੀ ਕਿਸੇ ਵੀ ਧਾਰਾ ਵਿਚ ਇਸਦੀ ਵਿਵਸਥਾ ਨਹੀਂ । ਇਹ ਅੰਦਰ ਖਾਤੇ ਖ਼ੁਦ ਘੜਿਆ ਕਾਨੂੰਨ ਹੈ, ਜਿਸਦੀ ਅਦਾਲਤਾਂ ਵਿਚ ਕੋਈ ਵੁਕਤ ਨਹੀਂ ਹੁੰਦੀ । ਇਹ ਸਿਰਫ਼ ਭੋਲੀ ਭਾਲੀ ਸਿੱਖ ਸੰਗਤ ਨੂੰ ਬੇਵਾਕੂਫ਼ ਬਨਾਉਣ ਵਾਲੀ ਗਲ ਹੈ ।
ਇਹ ਮੁਕਦਮਾ ਮਾਣਯੋਗ ਜਸਟਿਸ ਜਿਤੇਂਦਰ ਚੌਹਾਨ ਦੀ ਅਦਾਲਤ ਵਿਚ ਲਗਾ ਹੋਇਆ ਹੈ, ਜਿਸ ਵਿਚ ਸ: ਦਮਿੰਦਰ ਸਿੰਘ ਆਨੰਦ ਨੇ ਆਪਣੀਆਂ ਦਾਲੀਲਾਂ ਦਿੰਦਿਆਂ ਦਸਿਆ ਕਿ ਸ਼੍ਰੋਮਣੀ ਕਮੇਟੀ ਕੋਲ ਪਾਵਨ ਸਰੂਪਾਂ ਨੂੰ ਛਪਵਾਉਣ ਦੇ ਕੋਈ ਹੱਕ ਰਾਖਵੇਂ ਨਹੀ ਹਨ । ਨਾ ਹੀ ਇਸਦੀ ਛਪਵਾਈ ਵਿਰੁਧ ਕੋਈ ਸ਼ਿਕਾਇਤ ਜਾਂ ਰੋਸ ਮੁਜ਼ਾਹਰਾ ਹੋਇਆ ਹੈ । ਨਾ ਹੀ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਭੜਕੀਆਂ ਹਨ, ਨਾ ਹੀ ਕੋਈ ਖਿਲਵਾੜ ਹੋਇਆ ਹੈ । ਕਥਿਤ ਮਰਿਆਦਾ ਉਨ੍ਹਾਂ ਦੀ ਆਪਣੀ ਘਾੜਤ ਹੈ, ਜਿਸਦਾ ਕਾਨੂੰਨ ਉਪਰ ਕੋਈ ਕੋਈ ਜ਼ੋਰ ਨਹੀਂ । ਸ: ਆਨੰਦ ਨੇ ਮਾਣਯੋਗ ਜੱਜ ਨੂੰ ਇਹ ਵੀ ਦਸਿਆ ਕਿ ਉਹ ਅਮਰੀਕਾ ਦਾ ਨਾਗਰਿਕ ਹੈ ਤੇ ਭਾਰਤੀ ਦੰਡਾਵਲੀ ਉਸ ਉਤੇ ਲਾਗੂ ਨਹੀਂ ਹੁੰਦੀ ਤੇ ਅੰਮ੍ਰਿਤਸਰ ਦੀ ਪੁਲੀਸ ਕੋਲ ਕੋਈ ਹੱਕ ਨਹੀਂ ਕਿ ਉਹ ਉਸਨੂੰ ਗ੍ਰਿਫ਼ਤਾਰ ਕਰੇ । ਉਸਨੇ ਇਹ ਵੀ ਦਾਲੀਲ ਦਿਤੀ ਕਿ ਪਹਿਲੀ ਜਾਂਚ ਰੀਪੋਰਟ ਵਿਚ ਸ਼੍ਰੋਮਣੀ ਕਮੇਟੀ ਨੇ ਇਹ ਪ੍ਰਗਟ ਨਹੀਂ ਕੀਤਾ ਕਿ ਪਾਵਨ ਸਰੂਪਾਂ ਦੀ ਛਪਾਈ ਦਾ ਕਿਸ ਕਾਨੂੰਨ ਅਧੀਨ ਤੇ ਕਿਸਨੂੰ ਅਧਿਕਾਰ ਹੈ । ਇਕ ਹੋਰ ਨੁਕਤਾ ਇਹ ਵੀ ਉਠਾਇਆ ਗਿਆ ਕਿ ਪਾਕਿਸਤਾਨ ਬਨਣ ਤੋਂ ਪਹਿਲਾਂ ਮੁਨਸ਼ੀ ਹੀਰਾ ਨੰਦ ਯੰਤਾ ਯੰਤਰਾਲਿਯਾ ਵਿਦਯਾ ਪ੍ਰਕਾਸ਼ਨ, ਲਾਹੌਰ ਵਲੋਂ ਪਥਰ ਦੇ ਛਾਪੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਗੁਟਕੇ ਆਦਿ ਛਾਪੇ ਜਾਂਦੇ ਸਨ ਤੇ ਉਸਤੋਂ ਬਾਅਦ ਭਾਈ ਚਤਰ ਸਿੰਘ ਜੀਵਨ ਸਿੰਘ ਵਲੋਂ ਵੀ ਪਵਿਤ੍ਰ ਬੀੜਾਂ ਤੇ ਗੁਟਕੇ ਛਪਦੇ ਰਹੇ ਹਨ । ਮਾਣਯੋਗ ਜਸਟਿਸ ਚੌਹਾਨ ਨੇ ਮੁਕਦਮੇ ਦੀ ਅਗਲੀ ਸੁਣਵਾਈ 30 ਮਾਰਚ ਨੂੰ ਪਾ ਦਿਤੀ ਹੈ ।
ਮੈਨੂੰ ਇਥੇ ਇਕ ਹੋਰ ਵਾਕਿਆਤ ਯਾਦ ਹੈ ਰਾਂਚੀ ਦੇ ਮੰਨੇ ਪ੍ਰਮੰਨੇ ਰਈਸ ਗੁਰਸਿੱਖ ਸਵਰਗੀ ਸ: ਫੁਲੇਲ ਸਿੰਘ, ਜੋ ਕਾਫ਼ੀ ਸਮੇਂ ਤੋਂ ਕੈਨੇਡਾ ਵਿਚ ਆ ਵਸੇ ਸਨ, ਨੇ ਬਹੁਤ ਸਾਰੇ ਸਿਖ ਪਰਿਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤ੍ਰ ਸਰੂਪ ਬਿਨਾਂ ਭੇਟਾ ਤੋਂ ਦਿਤੇ ਤੇ ਉਹ ਇਹ ਸੇਵਾ ਗੁਪਤ ਬਿਨਾਂ ਕਿਸੇ ਲੋਭ ਲਾਲਚ ਤੋਂ ਨਿਭਾਉਂਦੇ ਰਹੇ । ਅੱਜ ਵੀ ਮੈਨੂੰ ਕਈ ਪਰਿਵਾਰ ਮਿਲਦੇ ਹਨ, ਜੋ ਕਣ ਕਣ ਉਨ੍ਹਾਂ ਦੇ ਰਿਣੀ ਹਨ । ਉਹ ਹਰ ਰੋਜ਼ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਦੇ ਹਨ । ਨਾਲੇ ਆਪਣੇ ਗੁਰੂ ਨਾਲ ਜੁੜਦੇ ਹਨ ਤੇ ਨਾਲੇ ਸ: ਫੁਲੇਲ ਸਿੰਘ ਜੀ ਨੂੰ ਯਾਦ ਕਰਦੇ ਹਨ, ਜਿਨ੍ਹਾਂ ਦੀ ਬਾਦੌਲਤ ਉਨ੍ਹਾਂ ਦੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਗਦੀ ਜੋਤ ਦਾ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ । ਅੱਜ ਸ: ਦਮਿੰਦਰ ਸਿੰਘ ਆਨੰਦ ਨਾਮ ਦੇ ਇਸ ਸਜਣ ਨੇ ਵੀ ਸਵਰਗੀ ਸ: ਫੁਲੇਲ ਵਰਗਾ ਹੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇਤਰਾਂ ਘੱਟ ਤੋਂ ਘੱਟ ਭੇਟਾ ਉਤੇ ਘਰ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋ ਸਕਣ, ਪਰ ਮਕੜ ਵਰਗਿਆਂ ਦੀ ਅਖੜ ਤੇ ਅਲ੍ਹੜ ਬੁਧੀ ਉਨ੍ਹਾਂ ਨੂੰ ਕੁਮੱਤ ਦੇ ਕੇ ਪੁਠੇ ਰਾਹ ਪਾ ਰਹੀ ਹੈ । ਪਰ ਹਾਲੇ ਵੀ “ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ” । ਵੇਖਦੇ ਹਾਂ 30 ਮਾਰਚ ਨੂੰ “ਊਠ ਕਿਸ ਕਰਵਟ ਬੈਠਦਾ ਹੈ”? ਵੈਸੇ, “ਭੁਲਾ ਉਹ ਨਾ ਜਾਣੀਏ, ਜੋ ਸ਼ਾਮੀ ਮੁੜ ਘਰ ਆਵੇ”।