ਫ਼ਤਹਿਗੜ੍ਹ ਸਾਹਿਬ -“ਬਰਤਾਨੀਆ ਦੀ ਵੱਖ-ਵੱਖ ਸਮਾਜਿਕ ਵਿਸਿ਼ਆਂ ਉਤੇ ਫਿ਼ਲਮ ਨਿਰਦੇਸਿ਼ਤ ਕਰਨ ਵਾਲੀ ਡਾਇਰੈਕਟਰ ਬੀਬੀ ਲੇਸਲੀ ਉਡਵਿਨ ਵੱਲੋਂ ਜੋ ਹਿੰਦ ਵਿਚ ਬੀਬੀਆਂ ਨਾਲ ਹੋਣ ਵਾਲੇ ਜ਼ਬਰ-ਜਿ਼ਨਾਹ ਦੇ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀ ਅਮਲਾਂ ਦੀ ਸੱਚਾਈ ਨੂੰ ਦਰਸਾਉਦੀ ਹੋਈ ਫਿ਼ਲਮ “ਇੰਡੀਅਜ਼ ਡਾਟਰ” ਬਣਾਈ ਗਈ ਹੈ, ਉਸ ਵਿਚ ਕੋਈ ਵੀ ਅਜਿਹੀ ਗੱਲ ਨਹੀਂ ਕਿ ਜਿਸ ਨਾਲ ਬੁਰਾਈ ਨੂੰ ਉਤਸਾਹ ਮਿਲੇ ਜਾਂ ਕੋਈ ਗੈਰ-ਕਾਨੂੰਨੀ ਅਮਲ ਨੂੰ ਹਵਾ ਮਿਲੇ । ਬਲਕਿ ਇਸ ਫਿ਼ਲਮ ਵਿਚ ਨਿਰਦੇਸਿ਼ਕਾਂ ਨੇ ਬਹੁਤ ਹੀ ਅੱਛੇ ਢੰਗ ਨਾਲ ਬੀਬੀਆਂ ਨਾਲ ਹੋਣ ਵਾਲੇ ਜ਼ਬਰ-ਜਿ਼ਨਾਹ, ਕਤਲ ਦੇ ਅਪਰਾਧਾਂ ਦੇ ਅਮਲ ਨੂੰ ਰੋਕਣ ਲਈ ਬਹੁਤ ਹੀ ਤਰਕਪੂਰਨ ਢੰਗ ਰਾਹੀ ਫਿ਼ਲਮ ਨੂੰ ਫਿਲਮਾਇਆ ਹੈ । ਲੇਕਿਨ ਹਿੰਦ ਦੇ ਫਿਰਕੂ ਹੁਕਮਰਾਨਾਂ ਨੇ ਇਸ ਫਿ਼ਲਮ ਦੀ ਹਾਂ-ਪੱਖੀ ਸੋਚ ਅਤੇ ਨਤੀਜਿਆ ਨੂੰ ਸਾਹਮਣੇ ਆਉਣ ਤੋਂ ਰੋਕਣ ਦੇ ਅਮਲ ਕਰਕੇ ਕੇਵਲ ਫਿ਼ਲਮ ਦੀ ਨਿਰਦੇਸਿ਼ਕਾਂ ਬੀਬੀ ਲੇਸਲੀ ਉਡਵਿਨ ਦੇ ਉਦਮ ਦੀ ਜਿਸ ਦੀ ਹੌਸਲਾ ਅਫਜਾਈ ਹੋਣੀ ਚਾਹੀਦੀ ਸੀ, ਉਸ ਉਤੇ ਦੋਸ਼ ਲਗਾਕੇ ਹੁਕਮਰਾਨਾਂ ਨੇ ਆਪਣੇ ਹੀ ਮੁਖੋਟੇ ਪਹਿਨੇ ਭੇੜੀਆਂ ਵਾਲੇ ਚਿਹਰਿਆ ਨੂੰ ਹੀ ਨੰਗਾ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਜ਼ ਡਾਟਰ ਫਿ਼ਲਮ ਉਤੇ ਹਿੰਦ ਦੇ ਹੁਕਮਰਾਨਾਂ ਵੱਲੋਂ ਗੈਰ-ਦਲੀਲ ਤਰੀਕੇ ਲਗਾਈ ਗਈ ਪਾਬੰਦੀ ਦੇ ਅਮਲ ਦੀ ਕੌਮਾਂਤਰੀ ਪੱਧਰ ਉਤੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮੈਂ ਅਤੇ ਮੇਰੇ ਪਰਿਵਾਰ ਨੇ ਇਹ ਉਪਰੋਕਤ ਫਿ਼ਲਮ ਪੂਰੀ ਗੌਹ ਨਾਲ ਹਰ ਪੱਖਾ ਤੋ ਘੋਖਦੇ ਹੋਏ ਵੇਖੀ ਹੈ । ਜਿਸ ਵਿਚ ਨਿਰਦੇਸਿ਼ਕਾਂ ਬੀਬੀ ਲੇਸਲੀ ਉਡਵਿਨ ਨੇ ਸਮਾਜ ਦੇ ਇਕ ਨਾਂ-ਪੱਖੀ ਪੱਖ ਦੇ ਤੁੱਛ ਅੰਸ ਲੈਦੇ ਹੋਏ ਸਮੁੱਚੇ ਸੰਸਾਰ ਦੇ ਮੁਲਕਾਂ ਨੂੰ ਜ਼ਬਰ-ਜਿ਼ਨਾਹ ਅਤੇ ਬੀਬੀਆਂ ਦੇ ਹੋਣ ਵਾਲੇ ਅਸਹਿ ਕਤਲਾਂ ਨੂੰ ਰੋਕਣ ਲਈ ਸਹੀ ਦਿਸ਼ਾ ਵੱਲ ਉਪਰਾਲਾ ਕਰਨ ਅਤੇ ਵੱਖ-ਵੱਖ ਮੁਲਕਾਂ ਦੀਆਂ ਹਕੂਮਤਾਂ ਨੂੰ ਬੀਬੀਆਂ ਨਾਲ ਹੋਣ ਵਾਲੇ ਅਜਿਹੇ ਅਪਰਾਧ ਰੋਕਣ ਲਈ ਸਹੀ ਢੰਗ ਨਾਲ ਅਗਵਾਈ ਦਿੱਤੀ ਹੈ । ਦਿੱਲੀ ਦੇ ਹੁਕਮਰਾਨਾਂ ਨੇ ਇਸ ਸਮਾਜ ਪੱਖੀ ਸੰਦੇਸ਼ ਦੇਣ ਵਾਲੀ ਉਪਰੋਕਤ ਫਿਲਮ ਉਤੇ ਪਾਬੰਦੀ ਲਗਾਕੇ ਬਲਾਤਕਾਰੀਆਂ ਅਤੇ ਬੀਬੀਆਂ ਦੇ ਕਤਲ ਕਰਨ ਵਾਲੇ ਅਪਰਾਧੀਆਂ ਦੇ ਕਾਲੇ ਕਾਰਨਾਮਿਆ ਉਤੇ ਪਰਦਾ ਪਾ ਕੇ ਗੈਰ-ਕਾਨੂੰਨੀ ਅਮਲਾਂ ਨੂੰ ਸਰਕਾਰੀ ਸਰਪ੍ਰਸਤੀ ਹੋਣ ਦਾ ਹੀ ਪ੍ਰਤੱਖ ਸਬੂਤ ਦਿੱਤਾ ਹੈ । ਕਿਉਂਕਿ ਹਿੰਦ ਦੇ ਸਿਆਸਤਦਾਨ ਅਤੇ ਇਥੋ ਦੀ ਅਫ਼ਸਰਸ਼ਾਹੀ ਦਾ ਵੱਡਾ ਹਿੱਸਾ ਖੁਦ ਹੀ ਅਜਿਹੇ ਗੈਰ-ਕਾਨੂੰਨੀ ਅਮਲਾਂ ਦੀ ਸਰਪ੍ਰਸਤੀ ਕਰਨ ਦਾ ਦੋਸ਼ੀ ਹੈ । ਸਮਾਜ ਵਿਚੋ ਅਜਿਹੀਆ ਬੁਰਾਈਆਂ ਨੂੰ ਖ਼ਤਮ ਕਰਨ ਦਾ ਉਦਮ ਕਰਨ ਵਾਲਿਆ ਦਾ ਜਿਥੇ ਹੌਸਲਾ ਅਫ਼ਜਾਈ ਹੋਣੀ ਚਾਹੀਦੀ ਹੈ, ਉਥੇ ਹਿੰਦੂਤਵ ਹੁਕਮਰਾਨਾਂ ਨੇ ਬੀਬੀ ਲੇਸਲੀ ਉਡਵਿਨ ਦੇ ਕੀਤੇ ਗਏ ਸਮਾਜ ਪੱਖੀ ਉਦਮ ਉਤੇ ਕਾਨੂੰਨੀ ਰੋਕ ਲਗਾਕੇ ਆਪਣੇ ਹੀ ਕਾਲੇ ਚਿਹਰਿਆ ਨੂੰ ਸਾਹਮਣੇ ਲਿਆਉਣ ਦੀ ਗੁਸਤਾਖੀ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਫਿ਼ਲਮ ਉਤੇ ਲਗਾਈ ਗਈ ਪਾਬੰਦੀ ਨੂੰ ਤੁਰੰਤ ਹਟਾਉਣ ਅਤੇ ਬੀਬੀ ਲੇਸਲੀ ਉਡਵਿਨ ਨੂੰ ਸਨਮਾਨਿਤ ਕਰਨ ਦੀ ਮੰਗ ਕਰਦਾ ਹੈ ।