ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਹਰਵਿੰਦਰ ਸਿੰਘ ਫੂਲਕਾ ਨੇ ਸ਼ਹਿਰ ਵਿੱਚ ਵਾਪਰੀਆਂ ਦੋ ਬਲਾਤਕਾਰ ਦੀਆਂ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਸਰਕਾਰ ਲਈ ਸ਼ਰਮਨਾਕ ਦੱਸਿਆ ਹੈ। ਸੰਘਣੀ ਆਬਾਦੀ ਵਾਲੇ ਇਲਾਕੇ ਵਿਕਾਸ ਨਗਰ, ਪੱਖੋਵਾਲ ਰੋਡ ਤੇ ਰਾਤ ਨੂੰ 8 ਵਜੇ, ਜਦੋਂ ਇੱਕ ਲੜਕੀ ਘਰ ਜਾ ਰਹੀ ਸੀ, ਤਿੰਨ ਲੜਕਿਆਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਇੱਕ ਹੋਰ ਘਟਨਾ ਵਿੱਚ ਇੱਕ 38 ਸਾਲਾ ਪੀੜਤਾ ਨੂੰ ਨੌਕਰੀ ਦਾ ਝਾਂਸਾ ਦੇ ਕੇ ਚਲਦੀ ਕਾਰ ਵਿੱਚ ਬਲਾਤਕਾਰ ਕੀਤਾ ਗਿਆ। ਇਹ ਸਭ ਸਮਾਜ ਅਤੇ ਸਰਕਾਰ ਲਈ ਨਮੋਸ਼ੀ ਦੀ ਗੱਲ ਹੈ। ਹਾਲ ਹੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਹੋਈ ਇੱਕ ਭਿਆਨਕ ਘਟਨਾ ਜਦ ਫਾਈਵ ਸਟਾਰ ਹੋਟਲ ਦੀ ਕਰਮਚਾਰੀ ਆਪਣੇ ਪੀ.ਜੀ ਰਿਹਾਇਸ਼ ਨੂੰ ਜਾ ਰਹੀ ਸੀ ਤਾਂ ਰਾਜਗੁਰੂ ਨਗਰ’ਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਸ. ਫੂਲਕਾ ਨੇ ਕਿਹਾ ਕਿ ਅਜਿਹੀਆਂ ਭਿਆਨਕ ਘਟਨਾਵਾਂ ਸ਼ਹਿਰ ਵਿੱਚ ਹੋ ਰਹੀਆਂ ਹਨ, ਜੋ ਕਿ ਬਹੁਤ ਹੀ ਸ਼ਰਮਨਾਕ ਹਨ। ਉਨ੍ਹਾਂ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਲਈ ਪੁਲਿਸ ਕਰਮਚਾਰੀਆਂ ਦੀ ਗੈਰ ਉਪਲੱਬਧਤਾ ਮੁੱਖ ਤੌਰ ਤੇ ਜਿੰਮੇਵਾਰ ਹੈ। ਪੁਲਿਸ ਕਰਮਚਾਰੀਆਂ ਦੀ ਜ਼ਿਆਦਾਤਰ ਗਿਣਤੀ ਵੀ.ਆਈ.ਪੀਆਂ ਦੇ ਆਲੇ-ਦੁਆਲੇ ਦੀ ਸੁਰੱਖਿਆ ਤੇ ਕੰਮ ਕਰਨ ਵਿੱਚ ਲੱਗੇ ਹਨ। ਇਸਦੇ ਨਤੀਜੇ ਦੇ ਤੌਰ’ਤੇ ਮਾਨਵੀ ਸ਼ਕਤੀ ਨੂੰ ਆਮ ਲੋਕਾਂ ਦੇ ਕੰਮਕਾਜ ਲਈ ਘਟਾ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਪੁਲਿਸ ਕਰਮਚਾਰੀਆਂ ਦੀ ਡਿਊਟੀ ਤਾਕਤਵਰ ਲੋਕਾਂ ਦੀ ਹਿਫਾਜਤ ਦੀ ਬਜਾਏ ਆਮ ਲੋਕਾਂ ਦੀ ਸੁਰੱਖਿਆ ਲਈ ਲਗਾਇਆ ਜਾਵੇ। ਪੁਲਿਸ ਦੀ ਮਾਨਸਿਕਤਾ ਤੇ ਸੋਚ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਕਿ ਸਿਰਫ ਵੀ.ਆਈ.ਪੀ ਦੀ ਸੁਰੱਖਿਆ ਨੂੰ ਤਵੱਜੋਂ ਦੇਣ ਦੀ ਬਜਾਏ ਹਰੇਕ ਆਮ ਆਦਮੀ ਤੇ ਔਰਤ ਨੂੰ ਮਹੱਤਵਪੂਰਨ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਆਮ ਆਦਮੀ ਪਾਰਟੀ ਕੱਲ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਇਸ ਘਟਨਾ ਪ੍ਰਤੀ ਰੋਸ ਪ੍ਰਦਰਸ਼ਨ ਕਰੇਗੀ ਤੇ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਜਾਵੇਗੀ ਕਿ ਆਮ ਜਨਤਾ ਵਿੱਚ ਔਰਤਾਂ ਦੇ ਲਈ ਸੁਰੱਖਿਆ ਵਿੱਚ ਵਾਧਾ ਕੀਤਾ ਜਾਵੇ। ਆਪ ਅਜਿਹੀਆਂ ਘਟਨਾਵਾਂ ਪ੍ਰਤੀ ਹੋਰ ਵੀ ਵੱਖ-ਵੱਖ ਵਿਸ਼ਿਆਂ ਤੇ ਮੰਗ ਪੱਤਰ ਪੇਸ਼ ਕਰੇਗੀ।