ਚੰਡੀਗੜ੍ਹ – “ਹਿੰਦ ਦਾ ਵਿਧਾਨ ਇਥੋ ਦੇ ਸਭ ਨਾਗਰਿਕਾਂ, ਕੌਮਾਂ, ਧਰਮਾਂ ਅਤੇ ਫਿਰਕਿਆਂ ਨਾਲ ਸੰਬੰਧਤ ਨਿਵਾਸੀਆਂ ਨੂੰ ਆਜ਼ਾਦੀ ਨਾਲ ਵਿਚਾਰ ਪ੍ਰਗਟ ਕਰਨ, ਪ੍ਰਕਾਸਿ਼ਤ ਕਰਨ ਅਤੇ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਦੀ ਕਾਨੂੰਨੀ ਇਜ਼ਾਜਤ ਦਿੰਦਾ ਹੈ ਅਤੇ ਕਿਸੇ ਇਨਸਾਨ ਨੂੰ ਦੋਸ਼ ਸਾਬਤ ਹੋ ਜਾਣ ਉਤੇ ਸਜ਼ਾ ਜਾਂ ਖਾਰਜ ਹੋ ਜਾਣ ਉਤੇ ਬਾਇੱਜ਼ਤ ਬਰੀ ਕਰ ਦੇਣ ਦੀ ਪੈਰਵੀਂ ਕਰਦਾ ਹੈ । ਜੇਕਰ ਕਾਨੂੰਨੀ ਪ੍ਰਕਿਰਿਆ ਅਨੁਸਾਰ ਸ੍ਰੀ ਮੁਫ਼ਤੀ ਮੁਹੰਮਦ ਸਈਅਦ ਨੇ ਕਸ਼ਮੀਰੀ ਜਹਾਦੀ ਆਗੂ ਮਸੱਰਤ ਆਲਮ ਨੂੰ ਰਿਹਾਅ ਕਰਵਾ ਦਿੱਤਾ ਹੈ, ਤਾਂ ਮੁਤੱਸਵੀ ਸੋਚ ਵਾਲੇ ਹਿੰਦੂਆਂ ਅਤੇ ਕੁਮਾਰ ਵਿਸਵਾਸ ਵਰਗੇ ਸਿਰਫਿਰਿਆਂ ਦੇ ਢਿੱਡ ਵਿਚ ਪੀੜ੍ਹਾ ਪੈਣੀਆਂ ਕਿਉਂ ਸੁਰੂ ਹੋ ਗਈਆਂ ਹਨ ? ਕੁਮਾਰ ਵਿਸਵਾਸ ਕੋਲ ਕੀ ਅਧਿਕਾਰ ਹੈ ਕਿ ਉਹ ਕਿਸੇ ਨਾਗਰਿਕ ਨੂੰ ਗੋਲੀ ਮਾਰਨ ਦੀ ਗੱਲ ਕਰੇ ਜਾਂ ਕਿਸੇ ਹਿੰਦੂਤਵ ਅਪਰਾਧੀ ਨੂੰ ਬਖਸ਼ਣ ਦੀ ਬਿਆਨਬਾਜੀ ਕਰੇ ? ਵਿਸਵਾਸ ਵਰਗੇ ਮੁਤੱਸਵੀਆਂ ਦੀ ਬਦੌਲਤ ਹੀ ਅੱਜ ਹਿੰਦ ਦਾ ਮੁਲਕ ਬੰਬਾਂ, ਮਿਜ਼ਾਇਲਾਂ, ਬੰਦੂਕਾਂ, ਗੋਲੀਆਂ, ਪ੍ਰਮਾਣੂ ਵਿਸਫੋਟਕ ਭੰਡਾਰਾਂ ਦੇ ਜਖ਼ੀਰੇ ਉਤੇ ਖੜ੍ਹਾ ਹੈ ਅਤੇ ਕਿਸੇ ਸਮੇਂ ਵੀ ਅਜਿਹੇ ਲੋਕਾਂ ਦੀਆਂ ਅਜਿਹੀਆਂ ਅਪਮਾਨਜ਼ਨਕ ਕਾਰਵਾਈਆਂ ਇਥੋ ਦੇ ਨਿਵਾਸੀਆਂ ਦੀਆਂ ਕੀਮਤੀ ਜਿ਼ੰਦਗਾਨੀਆਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਭਾਗੀ ਬਣ ਸਕਦੀਆਂ ਹਨ । ਇਸ ਲਈ ਅਜਿਹੇ ਕੱਟੜਵਾਦੀ ਹਿੰਦੂਆਂ ਨੂੰ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਨਾਗਰਿਕਾਂ ਪ੍ਰਤੀ ਪਣਪ ਰਹੀਆਂ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਮੰਦਭਾਵਨਾਵਾਂ ਨੂੰ ਜਿੰਨੀ ਜਲਦੀ ਹੋ ਸਕੇ, ਖ਼ਤਮ ਕਰ ਦੇਣਾ ਚਾਹੀਦਾ ਹੈ । ਇਸੇ ਵਿਚ ਇਹਨਾਂ ਅਤੇ ਇਥੋ ਦੇ ਨਿਵਾਸੀਆਂ ਦੀ ਬਿਹਤਰੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਹੁਕਮਰਾਨਾਂ ਅਤੇ ਵਿਸ਼ਵਾਸ਼ ਵਰਗੇ ਸਿਰਫਿਰਿਆਂ ਨੂੰ ਇਥੋਂ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਦੇ ਵੈਰੀ ਕਰਾਰ ਦਿੰਦੇ ਹੋਏ ਇਕ ਪਾਰਟੀ ਨੀਤੀ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਭਾਰਤ ਮੁਲਕ ਦੀ ਧਰਤੀ ਉਤੇ ਇਥੋ ਦੀ ਬਹੁਗਿਣਤੀ ਹਿੰਦੂ ਵਸੋਂ ਨਾਲੋ ਸਿੱਖ ਅਤੇ ਮੁਸਲਿਮ ਕੌਮ ਦਾ ਵਧੇਰੇ ਹੱਕ ਹੈ, ਜਿਨ੍ਹਾਂ ਨੇ ਹਿੰਦ ਦੀ ਇੱਜ਼ਤ, ਆਬਰੂ ਅਤੇ ਸਰਹੱਦਾਂ ਉਤੇ ਰਾਖੀ ਕਰਨ ਲਈ ਬੀਤੇ ਸਮੇਂ ਵਿਚ ਵੱਡੀਆਂ ਕੁਰਬਾਨੀਆਂ ਦੇਣ ਦੇ ਨਾਲ-ਨਾਲ ਅਸਹਿ ਤਸੱਦਦ ਜੁਲਮ ਵੀ ਬਰਦਾਸਤ ਕੀਤੇ ਹਨ । ਇਸ ਲਈ ਵਿਸਵਾਸ ਵਰਗੇ ਸਿਰਫਿਰੇ ਲੋਕ ਜੇਕਰ ਆਪਣੀ ਜੁਬਾਨ ਤੇ ਕਾਬੂ ਕਰਕੇ ਬੋਲਣ ਤਾਂ ਇਥੋ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕੇਗਾ ਵਰਨਾ ਸਿੱਖ ਵਸੋਂ ਵਾਲੇ ਇਲਾਕਿਆ ਅਤੇ ਕਸ਼ਮੀਰ ਨੂੰ ਬਤੌਰ ਆਜ਼ਾਦ ਸਟੇਟ ਦੇ ਕਾਇਮ ਹੋਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ ।