ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਮਰੀਕਾ ਨੂੰ ਪਾਕਿਸਤਾਨ ਦਾ ਕਰਜ਼ਾ ਮਾਫ ਕਰਨ ਦੀ ਬੇਨਤੀ ਕੀਤੀ ਹੈ। ਸਵਾਤ ਘਾਟੀ ਵਿਚ ਤਾਲਿਬਾਨ ਨਾਲ ਚਲ ਰਹੀ ਲੜਾਈ ਕਰਕੇ ਲਖਾਂ ਲੋਕ ਬੇਘਰ ਹੋ ਗਏ ਹਨ। ਇਸ ਕਰਕੇ ਉਨ੍ਹਾਂ ਨੂੰ ਕਾਫੀ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨਮੰਤਰੀ ਗਿਲਾਨੀ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਲਈ ਅਮਰੀਕਾ ਦੇ ਖਾਸ ਦੂਤ ਰਿਚਰਡ ਹਾਲਬਰੁਕ ਨਾਲ ਗੱਲਬਾਤ ਦੌਰਾਨ ਅਮਰੀਕਾ ਦੀ ਸਰਕਾਰ ਤੋਂ ਪਾਕਿਸਤਾਨ ਦੇ ਕਰਜ਼ੇ ਮਾਫ ਕਰਨ ਲਈ ਅਰਜ਼ ਕੀਤੀ, ਤਾਂ ਜੋ ਅਤਵਾਦ ਦੇ ਖਿਲਾਫ ਲੜਾਈ ਦੇ ਚਲਦੇ ਪੈਦਾ ਹੋਈਆਂ ਆਰਥਿਕ ਮੁਸ਼ਕਿਲਾਂ, ਬੇਘਰ ਹੋਏ ਲੋਕਾਂ ਦੀਆਂ ਵਧਦੀਆਂ ਪਰੇਸ਼ਾਨੀਆਂ ਅਤੇ ਵਿਸ਼ਵ ਮੰਦੀ ਦੇ ਨਕਾਰਤਮਕ ਅਸਰ ਨਾਲ ਨਿਪਟਿਆ ਜਾ ਸਕੇ। ਗਿਲਾਨੀ ਨੇ ਅਮਰੀਕੀ ਪ੍ਰਸ਼ਾਸਨ ਤੇ ਕਾਂਗਰਸ ਦੇ ਰਾਹੀਂ ਪਾਕਿਸਤਾਨ ਨੂੰ ਆਰਥਿਕ ਮਦਦ ਵਿਚ ਵਾਧੇ ਦੀ ਕਾਰਵਾਈ ਸ਼ੁਰੂ ਕਰਨ ਅਤੇ ਅਤਵਾਦ ਦੇ ਖਿਲਾਫ ਸੰਘਰਸ਼ ਵਿਚ ਸੈਨਾ ਦੀ ਮਦਦ ਵਿਚ ਤੇਜ਼ੀ ਲਿਆਉਣ ਲਈ ਵੀ ਗੁਜਾਰਿਸ਼ ਕੀਤੀ।