ਦਸੂਹਾ – ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਲੋਂ ਤੇਗ ਬਹਾਦਰ ਖਾਲਸਾ ਕਾਲਜ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ ਨਿਬੰਧਕਾਰ ਓਮ ਪ੍ਰਕਾਸ਼ ਗਾਸੋ ਦੀ ਨਵੀਂ ਪੁਸਤਕ ‘ ਧਰਤ ਭਲੀ ਸੁਹਾਵਣੀ ’ ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ । ਇਸ ਦੀ ਪ੍ਰਧਾਨਗੀ ਤਰੈਮਾਸਿਕ ਪੱਤਰਿਕਾ ‘ਰੂਪਾਂਤਰ ’ ਦੇ ਸੰਪਾਦਕ ਸ. ਧਿਆਨ ਸਿੰਘ ਸ਼ਾਹ-ਸਿਕੰਦਰ ਨੇ ਕੀਤੀ । ਸਟੇਜ ਤੇ ਉਹਨਾਂ ਦੇ ਨਾਲ ਪੁਸਤਕ ਲੇਖਕ ਓਮ ਪ੍ਰਕਾਸ਼ ਗਾਸੋ , ਕਾਲਜ ਦੀ ਪਿ੍ੰਸੀਪਲ ਨਰਿੰਦਰ ਕੌਰ ਘੁੰਮਣ , ਇੰਦਰਜੀਤ ਸਿੰਘ ਧਾਮੀ,ਸਾਹਿਤ ਸਭਾ ਦਸੂਹਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਵੀ ਸੁਸ਼ੋਭਤ ਸਨ।ਬੀਬਾ ਤਰਕਜੋਤ ਕੌਰ ਅਤੇ ਬਲਵਿੰਦਰ ਕੌਰ ਦੇ ਗਾਏ ਗੀਤ ਅਤੇ ਪਿ੍ੰਸੀਪਲ ਨਰਿੰਦਰ ਕੌਰ ਘੁੰਮਣ ਦੇ ਜੀ ਆਇਆਂ ਆਲੇਖ ਨਾਲ ਸ਼ੁਰੂ ਹੋਏ ਇਸ ਸਮਾਗਮ ਵਿੱਚ ਡਾ: ਸੁਰਿੰਦਰਪਾਲ ਸਿੰਘ ਮੰਡ ਅਤੇ ਡਾ. ਅਨੂਪ ਸਿੰਘ ਬਟਾਲਾ ਵੱਲੋਂ ਆਲੋਚਨਾ ਪ੍ਰਚੇ ਪੜ੍ਹੇ ਗਏ । ਇਹਨਾਂ ਪ੍ਰਚਿਆਂ ਦੀ ਮੁੱਖ ਸੁਰ ਪੁਸਤਕ ‘ਧਰਤ ਭਲੀ ਸੁਹਾਵਣੀ ’ ਦੇ ਕਾਵਿਕ ਅਤੇ ਬੌਧਿਕ ਵਿਖਿਆਨਾ ਅੰਦਰਲੇ ਟਕਰਾਵਾਂ ਦਾ ਨਿਖੇੜਾ ਕਰਨਾ ਵੀ ਸੀ ਅਤੇ ਗਾਸੋ ਦੇ ਯਤਨਾਂ ਦੀ ਸ਼ਲਾਘਾ ਕਰਨਾ ਵੀ। ਪੜ੍ਹੇ ਗਏ ਪ੍ਰਚਿਆਂ ਤੇ ਹੋਈ ਬਹਿਸ ਵਿੱਚ ਸੁਰਿੰਦਰ ਸਿੰਘ ਨੇ ਕੀ, ਨਵਤੇਜ ਸਿੰਘ ਗੜ੍ਹਦੀਵਾਲਾ ਅਤੇ ਇੰਦਰਜੀਤ ਸਿੰਘ ਧਾਮੀ ਨੇ ਭਰਪੂਰ ਯੋਗਦਾਨ ਪਾਇਆ।
ਵਿਚਾਰ ਚਰਚਾ ਅਧੀਨ ਪੁਸਤਕ ਦੇ ਲੇਖਕ ਗਾਸੋ ਨੇ ਇਸ ਪੁਸਤਕ ਅੰਦਰਲੀ ਸਮੱਗਰੀ ਸਮੇਤ ਅਾਪਣੀਆਂ ਚਾਰ ਦਰਜਨ ਪੁਸਤਕਾਂ ਵਿੱਚ ਚੋਣਵੀਆਂ ਕੁਝ ਇੱਕ ਦੋ ਰਚਨਾਂ ਸਰੋਤਾਂ ਦੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਅਾਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ: ਧਿਆਨ ਸਿੰਘ ਸ਼ਾਹ ਸਿਕੰਦਰ ਨੇ ਪੜ੍ਹੇ ਗਏ ਪ੍ਰਚਿਆਂ ਸਮੇਤ ਪੁਸਤਕ ਅੰਦਰਲੀ ਸਮਗੱਰੀ ਦੀ ਸਾਹਿਤ ਸ਼ਾਸ਼ਤਰੀ ਕੋਣ ਤੋਂ ਸਮੀਖਿਆ ਕੀਤੀ । ਜਿੰਨਾਂ ਨੂੰ ਹੋਰਨਾਂ ਸਰੋਤਿਆਂ ਤੋਂ ਇਲਾਵਾ ਕਾਲਜ ਦੀਆਂ ਪੋਸਟ ਗਰੈਜੂਏਟ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਬੜੇ ਧਿਆਨ ਨਾਲ ਸੁਣਿਆ । ਉਪ੍ਰੰਤ ਸਾਹਿਤ ਸਭਾ ਦਸੂਹਾ –ਗੜ੍ਹਦੀਵਾਲਾ ਰਜਿ: ਵੱਲੋਂ ਪ੍ਰਚਾ ਲੇਖਕਾਂ ਤੇ ਹੋਰਨਾਂ ਮਹਿਮਾਨਾਂ ਨੂੰ ਦੋਸ਼ਾਲੇ ਅਤੇ ਮਾਇਕ ਸਹਾਇਤਾ ਦੇ ਕੇ ਸਨਮਾਨਿਤ ਕੀਤਾ ।ਹੋਰਨਾਂ ਸਮੇਤ ਇਸ ਸਮਾਗਮ ਵਿੱਚ ਗੁਰਦਿਆਲ ਸਿੰਘ ਸੰਧੂ ,ਗੁਰਦੇਵ ਸਿੰਘ ਵਿਰਕ,ਇਕਬਾਲ ਸਿੰਘ ਧਾਮੀ ਸਮੇਤ ਪ੍ਰੀਵਾਰ,ਦੀ ਘੁੰਮਣ, ਅਮਰੀਕ ਡੋਗਰਾ, ਇੰਦਰਜੀਤ ਕਾਜ਼ਲ, ਮੁਹਿੰਦਰ ਸਿੰਘ ਇੰਸਪੈਕਟਰ,ਹਰਜਿੰਦਰ ਸਿੰਘ ਉਡਰਾ, ਰੁਪਿੰਦਰ ਕੌਰ ਰੰਧਾਵਾ, ਡਾ: ਰੁਪਿੰਦਰ ਕੌਰ ਗਿੱਲ, ਡਾ: ਅਮਰਜੀਤ ਕੌਰ ਕਲਕੱਟ, ਕੇਸਰ ਸਿੰਘ ਬੰਸੀਆ , ਸੁਰਜੀਤ ਸਿੰਘ ਸੂਬੇਦਾਰ, ਬਾਬੂ ਰਾਮ ਸ਼ਰਮਾ ਆਦਿ ਹਾਜ਼ਿਰ ਸਨ। ਅੰਤ ਵਿਚ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਆਏ ਮਹਿਮਾਨਾਂ ਸਮੇਤ ਕਾਲਜ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ। ਇਸ ਸਮਾਗਮ ਦਾ ਸਟੇਜ ਸੰਚਾਲਣ ਜਰਨੈਲ ਸਿੰਘ ਘੁੰਮਣ ਨੇ ਬੇਹੱਦ ਸਫ਼ਲਤਾ ਨਾਲ ਕੀਤਾ।