ਬਾਬੇ ਦਿਆਂ ਹੱਥਾਂ ਤੋਂ।
ਬਾਪੁ ਦੀਆਂ ਅੱਖਾਂ ਚੋਂ।
ਦਾਦੀ ਦੀਆਂ ਸੁੱਖਾ ਤੋਂ।
ਬੇਬੇ ਦਿਆਂ ਟੁੱਕਾਂ ਚੋਂ।
ਨਾਨੇ ਦੀ ਘੂਰੀ ਤੋਂ।
ਨਾਨੀ ਦੀ ਚੂਰੀ ਚੋਂ।
ਭੂਆ ਦੀ ਝਾਤੀ ਚੋਂ।
ਫੁੱਫੜ ਦੀ ਬਾਤੀ ਚੋਂ।
ਭਾਣਜੇ ਦੀਆਂ ਗੱਲ੍ਹਾਂ ਤੋਂ।
ਬੀਬੀ ਦੀਆਂ ਗੱਲਾਂ ਚੋਂ।
ਮਾਸੜ ਤੋਂ, ਮਾਸੀ ਤੋਂ।
ਬਾਈ ਦੀ ਹਾਸੀ ਚੋਂ।
ਛੱਪਰ ਦੀਆਂ ਛੱਤਾਂ ਤੋਂ।
ਮਾਮੇ ਦੀਆਂ ਮੱਤਾਂ ਚੋਂ।
ਕਲਮਾਂ ਦੇ ਕਾਹਨੇ ਤੋਂ।
ਯਾੜੀ ਦੇ ਤਾਹਨੇ ਚੋਂ।
ਛੱਲੀ ਦੇ ਗੁੱਲੇ ਤੋਂ।
ਮਿੱਟੀ ਦੇ ਚੁਲ੍ਹੇ ਚੋਂ।
ਲਾਲੇ ਦੀ ਹੱਟੀ ਤੋਂ।
ਦਾਣੇ ਦੀ ਭੱਠੀ ਚੋਂ।
ਹਲਟਾਂ ਦੇ ਪਾਣੀ ਤੋਂ।
ਯਾਰਾਂ ਦੀ ਢਾਣੀ ਚੋਂ।
ਬੇਰਾਂ ਦੇ ਬੂਟੇ ਤੋਂ।
ਗੱਡੇ ਦੇ ਝੂਟੇ ਚੋਂ।
ਮੂਹਲ਼ੇ ਤੋਂ, ਉੱਖਲ਼ੀ ਤੋਂ।
ਬੈਲਾਂ ਦੀ ਛੁੱਕਲ਼ੀ ਚੋਂ।
ਬਲਦਾਂ ਦੇ ਝੁੱਲਾਂ ਤੋਂ।
ਸਰਸੋਂ ਦੇ ਫੁੱਲਾਂ ਚੋਂ।
ਵਿਹੜੇ ਦੀਆਂ ਖੁਲ੍ਹਾਂ ਤੋਂ।
ਗਲੀਆਂ ਦੀਆਂ ਕੁੱਲ੍ਹਾਂ ਚੋਂ।
ਮੱਝਾਂ ਦੇ ਚੌਣੇ ਤੋਂ।
ਰੋਹੀ ਦੇ ਤੌਣੇ ਤੋਂ।
ਰਸ ਦਿਆਂ ਘੁਟਾਂ ਤੋਂ।
ਚਿੱਬ੍ਹੜਾਂ ਤੇ ਫੁੱਟਾਂ ਚੋਂ।
ਟੋਭੇ ਦੀਆਂ ਛੱਲਾਂ ਤੋਂ।
ਕਣਕਾਂ ਦੀਆਂ ਬੱਲਾ ਚੋਂ।
ਬੈਠਣ ਦੇ ਤੱਪੜ ਤੋਂ।
ਮਾਸਟਰ ਦੇ ਥੱਪੜ ਚੋਂ।
ਰੂੜੀ ਦੀਆਂ ਖਾਦਾਂ ਤੋਂ।
ਖੇਤਾਂ ਦੀਆਂ ਯਾਦਾਂ ਚੋਂ।
ਅਮਰੀਕਾ ਚ ਬਹਿ ਕੇ,
ਕਵਿਤਾ ਜਿਹੀ ਕਹਿ ਕੇ,
ਕੁੱਛ ਤਾਂ ਭਾਉਂਦਾ ਐ।
ਸੁਆਦ ਜਿਹਾ ਆਉਂਦਾ ਐ।