ਚੰਡੀਗੜ੍ਹ- ਰਾਕ ਗਾਰਡਨ ਦੇ ਨਿਰਮਾਤਾ ਸ੍ਰੀ ਨੇਕਚੰਦ ਦਾ ਕਹਿਣਾ ਹੈ ਕਿ ਉਸ ਨੇ ਰਾਕ ਗਾਰਡਨ ਨੂੰ ਆਪਣੇ ਘਰ ਦੀ ਤਰ੍ਹਾਂ ਸਵਾਰਿਆ ਹੈ। ਇਥੋਂ ਦੀ ਹਰ ਕਲਾਕਿਰਤੀ ਅਤੇ ਇਟ ਤੇ ਮੇਰਾ ਪਸੀਨਾ ਡੁਲ੍ਹਿਆ ਹੈ। ਜੇ ਪ੍ਰਸ਼ਾਸਨ ਇਸ ਦਾ ਰੂਪ ਵਿਗਾੜਨਾ ਚਾਹੁੰਦਾ ਹੈ ਤਾਂ ਮੈਂ ਅਫਸਰਾਂ ਦੇ ਸਾਹਮਣੇ ਤਰਲੇ ਨਹੀਂ ਕਢੂੰਗਾ। ਪ੍ਰਸ਼ਾਸਨ ਦੀ ਯੋਜਨਾ ਕਰਕੇ ਰਾਕ ਗਾਰਡਨ ਦੇ ਫੇਜ਼-3 ਦਾ ਸਵਰੂਪ ਖਤਰੇ ਵਿਚ ਪੈ ਗਿਆ ਹੈ। ਇਹ ਦਰਦ ਰਾਕ ਗਾਰਡਨ ਦੇ ਨਿਰਮਾਤਾ ਪਦਮਸ੍ਰੀ ਨੇਕ ਚੰਦ ਦਾ ਹੈ। ਇਸ ਸਮੇਂ ਉਹ ਆਰਕੀਟੈਕਟ ਵਿਭਾਗ ਦੇ ਅਧਿਕਾਰੀਆਂ ਦੇ ਰਵਈਏ ਤੋਂ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ। ਅਸਲ ਵਿਚ ਸਿਟੀ ਪ੍ਰਸ਼ਾਸਨ ਦੁਆਰਾ ਰਾਕ ਗਾਰਡਨ ਦੇ ਫੇਜ਼-3 ਨਾਲ ਮਲਟੀਲੈਵਲ ਪਾਰਕਿੰਗ ਅਤੇ ਵਕੀਲਾਂ ਦੇ ਚੈਂਬਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਨੇਕਚੰਦ ਦੁਖੀ ਹੈ। ਹਾਈ ਕੋਰਟ ਦੇ ਨਾਲ ਬਣਨ ਵਾਲੀ ਮਲਟੀਲੈਵਲ ਪਾਰਕਿੰਗ ਅਤੇ ਵਕੀਲਾਂ ਦੇ ਚੈਂਬਰ ਦਾ ਏਰੀਆ ਰਾਕ ਗਾਰਡਨ ਫੇਜ਼-3 ਦੇ ਪਾਰਕਿੰਗ ਏਰੀਏ ਵਿਚ ਆ ਰਿਹਾ ਹੈ। ਨੇਕਚੰਦ ਅਨੁਸਾਰ ਇਸ ਨਾਲ ਜਿਥੇ ਫੇਜ਼ ਤਿੰਨ ਤੋਂ ਬਾਹਰ ਜਾਣ ਦਾ ਰਸਤਾ ਵੀ ਬੰਦ ਹੋ ਜਾਵੇਗਾ ਅਤੇ ਇਥੇ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਪਾਰਕਿੰਗ ਦੀ ਵੀ ਮੁਸ਼ਕਿਲ ਆਵੇਗੀ। ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੇਕਚੰਦ ਸ਼ਹਿਰ ਦੇ ਮੰਨੇ ਪ੍ਰਮੰਨੇ ਵਿਅਕਤੀ ਹਨ। ਪ੍ਰਸ਼ਾਸਨ ਉਨ੍ਹਾਂ ਦੀਆਂ ਮੁਸ਼ਕਿਲਾਂ ਵਲ ਧਿਆਨ ਦੇਵੇਗਾ।