ਟਰਾਂਟੋ,ਪੀਡੀ ਬਿਊਰੋ:-ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਯੂਨਿਟ ਵਲੋਂ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੇ ਹੱਕ ਵਿੱਚ ਜੰਗੀ ਪੱਧਰ ਤੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਈਸਟ ਦੇ ਸਕੱਤਰ ਜਗਦੇਵ ਸਿੰਘ ਤੂਰ ਨੇ ਕਿਹਾ ਕਿ ਧੂਰੀ ਦੀ ਜਿ਼ਮਨੀ ਚੋਣ ਅਕਾਲੀ ਦਲ ਅੰਮ੍ਰਿਤਸਰ ਵਲੋਂ ਜਿੱਤਣੀਂ ਯਕੀਨੀ ਹੈ ਕਿਉਂਕਿ ਪੰਜਾਬ ਦੇ ਕ੍ਰਾਂਤੀਕਾਰੀ ਵੋਟਰ ਇਸ ਵਾਰ ਰਵਾਇਤੀ ਅਕਾਲੀਆਂ ਦਾ ਬਿਸਤਰਾ ਗੋਲ ਕਰਨ ਦੇ ਮੂਡ ਵਿੱਚ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਤਿਆਰ ਹੈ ਅਤੇ ਸਾਡੇ ਕੋਲ ਸਮਾਜ ਵਿੱਚ ਚੰਗਾ ਨਾਮਣ ਖੱਟ ਚੁੱਕਾ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਵਰਗਾ ਉਦਾਰਵਾਦੀ ਉਮੀਦਵਾਰ ਹੈ, ਕੋਈ ਵਜਾਹ ਨਹੀਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਵਿਧਾਨ ਸਭਾ ਵਿੱਚ ਭੇਜਣ ਵਿੱਚ ਸਫਲ ਨਾ ਹੋਈਏ।
ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਸਮੂਹ ਐਗਜੈਕਟਿਵ ਮੈਂਬਰਾਂ ਦੀ ਟੈਲੀ-ਕਾਨਫਰੰਸ ਬੁਲਾ ਲਈ ਹੈ ਜਿਥੇ ਧੂਰੀ ਜਿ਼ਮਨੀ ਚੋਣ ਵਿੱਚ ਅਧੁਨਿਕ ਢੰਗਾਂ ਨਾਲ ਚੋਣ ਪ੍ਰਚਾਰ ਕਰਨ ਦੇ ਤਰੀਕੇ ਵਿਚਾਰੇ ਜਾ ਰਹੇ ਹਨ। ਹੰਸਰਾ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਇਨ੍ਹਾਂ ਚੋਣਾਂ ਵਿੱਚ ਨਵੇਂ ਢੰਗ ਨਾਲ ਚੋਣ ਪ੍ਰਚਾਰ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਤਾਂ ਕਿ ਅਸੀਂ ਪੰਜਾਬ ਅੰਦਰ ਨਵਾਂ ਚੈਪਟਰ ਦਰਜ ਕਰਕੇ, ਸਮੁੱਚੇ ਪੰਜਾਬ ਨੂੰ ਨਵੀਂ ਰਾਜਨੀਤਕ ਦਿਸ਼ਾ ਦੇ ਸਕੀਏ।
ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ, ਮੈਂਬਰ ਤੇਜਿੰਦਰ ਸਿੰਘ ਅਤੇ ਖੁਸ਼ਵੰਤ ਸਿੰਘ ਨੇ ਕਿਹਾ ਕਿ ਅਸੀਂ ਕੈਨੇਡਾ ਅਤੇ ਪੰਜਾਬ ਅੰਦਰ ਯੁਵਕ ਸ਼ਕਤੀ ਨੂੰ ਸੋਸ਼ਲ ਮੀਡੀਏ ਦਾ ਇਸਤੇਮਾਲ ਕਰਨ ਲਈ ਪ੍ਰੇਰਨਾ ਦੇ ਰਹੇ ਹਾਂ। ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਯੂਥ ਦੀਆਂ ਟੀਮਾਂ ਤਿਆਰ ਕਰਕੇ ਉਨ੍ਹਾਂ ਵਲੋਂ ਯੂਥ ਵੋਟਰਾਂ ਨੂੰ ਰੈਸ਼ਨਲ ਵਿਚਾਰਾਂ ਨਾਲ ਸਮਝਾਵਾਂਗੇ ਕਿ ਪੰਜਾਬ ਦਾ ਭਵਿੱਖ ਸੁਧਾਰਨ ਲਈ ਉਨ੍ਹਾਂ ਨੂੰ ਵੋਟ ਸ਼ਕਤੀ ਵਰਤਣ ਦੀ ਲੋੜ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸਿ਼ਪ ਤੋਂ ਪੰਥ ਨੂੰ ਬੜੀਆਂ ਆਸਾਂ ਹਨ। ਹੁਣ ਪੰਜਾਬ ਤਬਦੀਲੀ ਅਤੇ ਤਰੱਕੀ ਦੀਆਂ ਬਰੂਹਾਂ ਤੇ ਆਣ ਖੜਾ ਹੋਇਆ ਹੈ। ਧੂਰੀ ਤੋਂ ਇਹ ਕ੍ਰਾਂਤੀਕਾਰੀ ਲਹਿਰ ਦਾ ਆਗਾਜ਼ ਹੋ ਰਿਹਾ ਹੈ, ਜੋ 2017 ਤੱਕ ਸਮੁੱਚੇ ਪੰਜਾਬ ਵਿੱਚ ਹੂੰਝਾ ਫੇਰ ਨੇ ਬਾਦਲ ਹਕੂਮਤ ਨੂੰ ਇਤਹਾਸ ਦੇ ਪੰਨਿਆਂ ਤੱਕ ਸੀਮਤ ਕਰ ਦੇਵੇਗੀ।
ਹੰਸਰਾ ਨੇ ਪੰਜਾਬ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਸਮ੍ਹਾਂ ਸੰਭਾਲਣ ਦੀ ਲੋੜ ਹੈ।