ਤਲਵੰਡੀ ਸਾਬੋ : ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਲਘੂ ਨੌਕਰੀ ਮੇਲਾ ਆਯੋਜਿਤ ਕਰਵਾਇਆ ਗਆਿ। ਜਿਸ ਵਿਚ ਮਾਲਵਾ ਇਲਾਕੇ ਦੇ ਵੱਖ-ਵੱਖ ਕਾਲਜਾਂ ਦੇ ਕੰਪਿਉਟਰ ਐਪਲੀਕੇਸ਼ਨਜ਼ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਹਿੱਸਾ ਲਿਆ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਪ੍ਰੋ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਬਹੁ-ਰਾਸ਼ਟਰੀ ਕੰਪਨੀਆਂ ਸੀ. ਐੱਸ. ਐੱਸ. ਕਰੌਪ, ਅਕਸੈਂਚਰ, ਡਾ. ਆਈ.ਟੀ. ਸੋਲਿਊਸ਼ਨਜ਼ ਅਤੇ ਟੱਫ ਗੀਅਰ ਕੰਪਨੀਆਂ ਦੇ ਮਨੁੱਖੀ ਵਸੀਲਿਆਂ ਦੇ ਮੈਨੇਜਰ ਆਪਣੀਆਂ ਟੀਮਾਂ ਸਹਿਤ ਵਿਦਿਆਰਥੀਆਂ ਦੀ ਚੋਣ ਲਈ ਪੁੱਜੇ। ਵੱਖ-ਵੱਖ- ਕੰਪਨੀਆਂ ਦੇ ਮੈਨੇਜਰ ਸਾਹਿਬਾਨਾਂ ਨੇ ਆਪਣੀ-ਆਪਣੀ ਕੰਪਨੀ ਦੀਆਂ ਲੋੜਾਂ ਮੁਤਾਬਕ ਵੱਖੋ-ਵੱਖਰੇ ਤਰੀਕਿਆਂ ਨਾਲ ਵਿਦਿਆਰਥੀਆਂ ਦੀ ਚੋਣ ਕੀਤੀ, ਜਿਨਾਂ ਵਿਚ ਲਿਖਤੀ ਪ੍ਰੀਖਿਆ, ਗਰੁੱਪ ਡਿਸਕਸ਼ਨਜ਼ ਅਤੇ ਇੰਟਰਵਿਊ ਪ੍ਰਮੁੱਖ ਸਨ। ਇਸ ਚੋਣ ਪ੍ਰਕਿਰਿਆ ਵਿਚ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ ਦੇ 6 ਵਿਦਿਆਰਥੀ, ਰੀਜ਼ਨਲ ਗਰੁੱਪ ਆੱਫ਼ ਕਾਲਜਜ਼ (ਬਹਿਮਣ ਦੀਵਾਨਾ) ਦੇ 5 ਵਿਦਿਆਰਥੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 19 ਵਿਦਿਆਰਥੀ ਨਾਮਜ਼ਦ ਕੀਤੇ ਗਏ, ਜਿਨ੍ਹਾਂ ਨੂੰ ਉਕਤ ਕੰਪਨੀਆਂ ਵਿਚ ਅਖੀਰੀ ਇੰਟਰਵਿਊ ਤੋਂ ਬਾਅਦ ਵੱਖ-ਵੱਖ ਅਹੁਦਿਆਂ ‘ਤੇ ਨੌਕਰੀਆਂ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਪ੍ਰੋ. ਅਰਸ਼ਦੀਪ ਸਿੰਘ ਮੁਤਾਬਕ ਇਹ ਵਿਦਿਆਰਥੀ ਸਾੱਫਟਵੇਅਰ ਡਿਵੈਲਪਰ ਅਤੇ ਤਕਨੀਕੀ ਸਹਾਇਕ ਦੇ ਤੌਰ ‘ਤੇ ਉਕਤ ਕੰਪਨੀਆਂ ਵਿਚ ਆਪਣੀਆਂ ਸੇਵਾਵਾਂ ਨਿਭਾਉਣਗੇ। ਆਸ-ਪਾਸ ਤੋਂ ਆਏ ਕਾਲਜਾਂ ਦੇ ਪ੍ਰਤੀਨਿਧੀਆਂ ਅਤੇ ਵਿਦਿਆਰਥੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਨਾਮਜ਼ਦ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਹ ਭਰੋਸਾ ਦਿਵਾਇਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਉਦੇਸ਼ ਸਿਰਫ ਆਪਣੀ ਸੰਸਥਾ ਦੇ ਵਿਦਿਆਰਥੀਆਂ ਲਈ ਹੀ ਨਹੀਂ, ਬਲਕਿ ਸਮੁੱਚੇ ਇਲਾਕੇ ਦੇ ਲੋੜਵੰਦਾਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦਾ ਰਹੇਗਾ। ਉਨ੍ਹਾਂ ਇਸ ਉਦੇਸ਼ ਦੀ ਪ੍ਰਾਪਤੀ ਲਈ ਕਈ ਰੁਜ਼ਗਾਰ ਮੇਲਿਆਂ ਦੀ ਯੋਜਨਾ ਸੰਬੰਧੀ ਵੀ ਚਾਨਣਾ ਪਾਇਆ।