ਲੁਧਿਆਣਾ : ਰੁਪਿੰਦਰ ਮਾਨ ਯਾਦਗਾਰੀ ਟਰੱਸਟ ਵੱਲੋਂ ਪਿੰਡ ਸ਼ੇਕਦੌਲਤ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਵਾਂ ਰੁਪਿੰਦਰ ਮਾਨ (ਰਾਜ) ਯਾਦਗਾਰੀ ਸਨਮਾਨ ਸਮਾਰੋਹ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਨੇ ਕੀਤੀ ਜਦਕਿ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਆਤਮਜੀਤ, ਪ੍ਰੋ. ਗੁਰਭਜਨ ਸਿੰਘ ਗਿੱਲ, ਜਰਨੈਲ ਸੇਖਾ (ਕੈਨੇਡਾ), ਮੋਹਨ ਸਿੰਘ ਗਿੱਲ, ਸ਼ਿਵ ਚਰਨ ਗਿੱਲ ਸ਼ਾਮਲ ਸਨ। ਮਨਮੋਹਨ ਬਾਵਾ ਦੇ ਸਮੁੱਚੇ ਜੀਵਨ ’ਤੇ ਅਧਾਰਿਤ ‘ਬੈਰੋਵਾਲ ਦਾ ਬਾਵਾ’ ਕਾਵਿ ਚਿੱਤਰ ਪ੍ਰੋ. ਰਵਿੰਦਰ ਭੱਠਲ ਨੇ ਪੜ੍ਹਿਆ ਜਦਕਿ ਉਨ੍ਹਾਂ ਦੇ ਰਚਨਾ ਸੰਸਾਰ ਬਾਰੇ ਡਾ. ਰਜਨੀਸ਼ ਬਹਾਦਰ ਸਿੰਘ, ਡਾ. ਕ੍ਰਾਂਤੀਪਾਲ, ਡਾ. ਆਤਮਜੀਤ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਰਾਜਵਿੰਦਰ ਸਿੰਘ ਰਾਹੀ ਨੇ ਮਨਮੋਹਨ ਬਾਵਾ ਦੇ ਜੀਵਨ ਬਾਰੇ ਅਤੇ ਨਾਵਲ ਸੰਸਾਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬਾਵਾ ਇਤਿਹਾਸ ਅਤੇ ਮਿਥਿਹਾਸ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਉਂਦਾ ਹੈ ਉਹ ਪੁਰਾਤਨ ਇਤਿਹਾਸ ਨੂੰ ਅਜੋਕੇ ਦੌਰ ਵਿਚ ਪੇਸ਼ ਕਰਦਾ ਹੈ। ਇਸ ਮੌਕੇ ਪ੍ਰਸਿੱਧ ਨਾਵਲਕਾਰ ਮਨਮੋਹਨ ਬਾਵਾ ਨੂੰ ਪੁਰਸਕਾਰ ਵਿਚ ਇਕਵੰਜਾ ਹਜ਼ਾਰ ਰੁਪਏ ਨਕਦ, ਦੋਸਾਲਾ ਅਤੇ ਸਨਮਾਨ ਚਿੰਨ੍ਹ ਭੇਟਾ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਪੰਜਾਬੀ ਨਾਵਲ ਜਗਤ ਦੇ ਬਾਬਾ ਬੋਹੜ ਸ. ਜਸਵੰਤ ਸਿੰਘ ਕੰਵਲ ਨੇ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤੀ ਵਿਚ ਆ ਰਹੇ ਨਿਘਾਰ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਰੁਪਿੰਦਰ ਮਾਨ ਦੇ ਪਰਿਵਾਰਕ ਰਿਸ਼ਤੇਦਾਰ ਅਤੇ ਪਿੰਡ ਦੇ ਨਾਮਵਰ ਵਿਅਕਤੀਆਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਉੱਘੇ ਗੀਤਕਾਰ ਜਗਦੇਵ ਮਾਨ ਨੇ ਰੁਪਿੰਦਰ ਮਾਨ ਦੇ ਜੀਵਨ ਬਾਰੇ ਦਸਦਿਆਂ ਕਿਹਾ ਕਿ ਉਹ ਕਬੱਡੀ ਜਗਤ ਦਾ ਨਾਮਵਰ ਖਿਡਾਰੀ, ਸਮਾਜ ਸੇਵਕ ਅਤੇ ਇਲਾਕੇ ਦਾ ਮਾਣ ਸੀ। ਰੁਪਿੰਦਰ ਮਾਨ ਦੇ ਤਾਇਆ ਜੀ ਪ੍ਰੀਤਮ ਸਿੰਘ ਮਾਨ ਅਤੇ ਨੇੜਲੇ ਰਿਸ਼ਤੇਦਾਰ ਕਰਮਜੀਤ ਸਿੰਘ ਬੁੱਟਰ ਤੋਂ ਇਲਾਵਾ ਵੈਨਕੂਵਰ ਦੇ ਸੀਨੀਅਰ ਪੱਤਰਕਾਰ, ਰਸ਼ਪਾਲ ਸਿੰਘ ਗਿੱਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਮਲਕੀਤ ਸਿੰਘ ਔਲਖ, ਤ੍ਰੈਲੋਚਨ ਲੋਚੀ, ਡਾ. ਬਲਵਿੰਦਰ ਸਿੰਘ ਬੁਟਾਹਰੀ, ਸਤੀਸ਼ ਗੁਲਾਟੀ, ਚਰਨਜੀਤ ਸਿੰਘ ਤੇਜਾ, ਜਸਵੰਤ ਜੱਸੜ, ਜੇ.ਐਸ.ਕੋਹਲੀ, ਬੁੱਧ ਸਿੰਘ ਨੀਲੋਂ, ਸੁਖਪ੍ਰੀਤ ਸਿੰਘ, ਪ੍ਰਭਜੋਤ ਸਿੰਘ ਆਦਿ ਭਾਰੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਰਾਜਵਿੰਦਰ ਸਿੰਘ ਰਾਹੀ ਨੇ ਬਾਖ਼ੂਬੀ ਨਿਭਾਇਆ।