ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਲੀਫੋਨ ’ਤੇ ਹੋਈ ਗੱਲਬਾਤ ਅਨੁਸਾਰ ਜੰਮੂ ਕਸ਼ਮੀਰ ਸੂਬੇ ’ਚ ਸ੍ਰੀ ਨਗਰ ਦੇ ਪਿੰਡ ਰੰਗਰੇਥ ਵਿਖੇ ਸਿੱਖ ਤੇ ਮੁਸਲਮਾਨ ਬੱਚਿਆਂ ਦੇ ਝਗੜੇ ਕਾਰਨ ਵਾਪਰੀ ਘਟਨਾਂ ਸਬੰਧੀ ਹੁਣ ਦੋਹਾਂ ਫਿਰਕਿਆਂ ਵਿਚ ਕੋਈ ਤਨਾਅ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਫਿਰਕਿਆਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਬੜੇ ਦੋਸਤਾਨਾ ਮਾਹੌਲ ’ਚ ਹੋਈ ਅਤੇ ਬੱਚਿਆਂ ਦੇ ਖੇਡਣ ਤੋਂ ਪੈਦਾ ਹੋਇਆ ਤਨਾਅ ਦੋਹਾਂ ਫਿਰਕਿਆਂ ਨੇ ਮਿਲ ਬੈਠ ਕੇ ਦੂਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਜਨਾਬ ਉਮਰ ਅਬਦੁਲਾ ਨੇ ਖੁਦ ਵੀ ਇਸ ਮਸਲੇ ਨੂੰ ਬੜੀ ਸੰਜੀਦਗੀ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਤੇ ਸਾਜਸ਼ੀ ਕਿਸਮ ਦੇ ਲੋਕ ਅਜਿਹੀ ਸਥਿਤੀ ਦਾ ਨਜ਼ਾਇਜ਼ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ, ਉਨ੍ਹਾਂ ਨੇ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਸ. ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜਲਦ ਹੀ ਜੰਮੂ ਕਸ਼ਮੀਰ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਨਗਰ ਦੇ ਪਿੰਡ ਰੰਗਰੇਥ ਵਿਖੇ ਸਿੱਖ ਤੇ ਮੁਸਲਮਾਨ ਬੱਚਿਆਂ ’ਚ ਖੇਡਣ ਦੇ ਝਗੜੇ ਤੋਂ ਦੋਹਾਂ ਫਿਰਕਿਆਂ ਵਿਚ ਪੈਦਾ ਹੋਈ ਸਥਿਤੀ ਸਬੰਧੀ ਮਿਲੀ ਜਾਣਕਾਰੀ ਦਾ ਤੁਰੰਤ ਨੋਟਿਸ ਲੈਂਦਿਆਂ ਇਸ ਦਾ ਜਾਇਜਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਦੀ ਡਿਊਟੀ ਲਗਾਈ ਸੀ।