ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਦੋ ਰੋਜ਼ਾ ਕਿਸਾਨ ਮੇਲਾ ਅੱਜ ਮੁਕੰਮਲ ਹੋਇਆ। ਇਸ ਕਿਸਾਨ ਮੇਲੇ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੇ ਵਧ ਚੜ੍ਹ ਕੇ ਭਾਗ ਲਿਆ। ਸਮਾਪਤੀ ਸਮਾਰੋਹ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਜਨਰਲ (ਐਗਰੀਕਲਚਰਲ ਐਕਸਟੈਨਸ਼ਨ) ਡਾ: ਏ ਕੇ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਬੀਬੀ ਕਰਮਜੀਤ ਕੌਰ ਦਾਨੇਵਾਲੀਆ ਵੀ ਹਾਜ਼ਰ ਸਨ।
ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤਾ ਜਾਂਦਾ ਇਹ ਕਿਸਾਨ ਮੇਲਾ ਆਪਣੇ ਆਪ ਵਿੱਚ ਇੱਕ ਵਿਲੱਖਣ ਮਿਸਾਲ ਹੈ। ਦੇਸ਼ ਦੇ ਦੂਜੇ ਸੂਬਿਆਂ ਨੂੰ ਵੀ ਯੂਨੀਵਰਸਿਟੀ ਵੱਲੋਂ ਸਥਾਪਿਤ ਪਸਾਰ ਢਾਂਚੇ ਦੀ ਹੂ-ਬ-ਹੂ ਨਕਲ ਕਰਨੀ ਚਾਹੀਦੀ ਹੈ ਤਾਂ ਜੋ ਕਿਰਸਾਨੀ ਨੂੰ ਵਿਕਾਸ ਦੇ ਰਾਹ ਤੋਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਵਿਗਿਆਨੀਆਂ ਦੀ ਹੀ ਸਖਤ ਮਿਹਨਤ ਸੀ ਜਿਸ ਸਦਕਾ ਅੱਜ ਅਸੀਂ ਦੇਸ਼ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾ ਸਕੇ ਹਾਂ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸਿਹਤ ਸੁਧਾਰਨ ਲਈ ਸਾਨੂੰ ਦਾਲਾਂ ਦੀ ਖੇਤੀ ਵੱਲ ਤੁਰਨਾ ਚਾਹੀਦਾ ਹੈ ਅਤੇ ਉਨ੍ਹਾਂ ਉੱਤਰੀ ਖੇਤਰ ਵਿੱਚ ਝੋਨੇ ਦੀ ਨਾੜ ਸਾੜਨ ਨੂੰ ਇੱਕ ਗੰਭੀਰ ਸਮੱਸਿਆ ਦੱਸਿਆ ਅਤੇ ਕਿਸਾਨਾਂ ਨੂੰ ਇਸਦੇ ਢੁੱਕਵੇਂ ਬਦਲ ਵੱਲ ਜਾਣ ਲਈ ਕਿਹਾ। ਉਨ੍ਹਾਂ ਅਜਿਹਾ ਪ੍ਰਭਾਵਸ਼ਾਲੀ ਮੇਲਾ ਲਗਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਡਾ: ਢਿੱਲੋਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਭਿੰਨਤਾ ਨਾਲ ਅਸੀਂ ਆਪਣੇ ਵਾਤਾਵਰਨ ਦਾ ਰੱਖ ਰਖਾਅ ਕਰ ਸਕਦੇ ਹਾਂ। ਇਸ ਦੇ ਨਾਲ ਅਸੀਂ ਜਿੱਥੇ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਵਾਂਗੇ ਅਤੇ ਨਾਲ ਹੀ ਆਪਣੀ ਖੇਤੀ ਨੂੰ ਲਾਹੇਵੰਦ ਬਣਾ ਸਕਾਂਗੇ। ਇਨ੍ਹਾਂ ਤਿੰਨਾਂ ਮਨੋਰਥਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਕਿਸਾਨ ਮੇਲੇ ਦਾ ਉਦੇਸ਼ ‘‘ਫ਼ਸਲੀ ਵਿਭਿੰਨਤਾ ਅਪਣਾਓ-ਕੁਦਰਤੀ ਸੋਮੇ ਬਚਾਓ’’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਸਿਫਾਰਸ਼ਾਂ ਬੜੀ ਗੰਭੀਰ ਖੋਜ ਉਪਰੰਤ ਹੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮੁੱਢਲੀਆਂ ਲਾਗਤਾਂ ਤੇ ਖਰਚਾ ਘਟਾਉਣਾ ਚਾਹੀਦਾ ਹੈ, ਇਸ ਲਈ ਖਾਦਾਂ ਅਤੇ ਰਸਾਇਣਾਂ ਦੀ ਸੰਜਮ ਨਾਲ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਡਾ: ਢਿੱਲੋਂ ਨੇ ਕਿਸਾਨਾਂ ਨੂੰ ਵੀ ਵਿਗਿਆਨੀਆਂ ਦਾ ਦਰਜਾ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਅਚੇਤ ਮਨ ਨਾਲ ਕੀਤੇ ਖੋਜ ਕਾਰਜਾਂ ਦੀ ਪਰਤੀ ਸੂਚਨਾ ਵਿਗਿਆਨੀਆਂ ਲਈ ਅਤਿਅੰਤ ਮਹੱਤਵਪੂਰਨ ਹੁੰਦੀ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵੱਖ ਵੱਖ ਫ਼ਸਲਾਂ ਨਾਲ ਸਬੰਧਿਤ ਭਾਰਤ ਦੇ ਸਾਰੇ ਅਦਾਰਿਆਂ ਵੱਲੋਂ ਸਾਂਝੇ ਤੌਰ ਤੇ ਇਹ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਹੁਣ ਤੱਕ 750 ਵੱਖ ਵੱਖ ਫ਼ਸਲਾਂ ਦੀਆਂ ਕਿਸਮਾਂ ਦਾ ਵਿਕਾਸ ਕਰਨ ਦਾ ਮਾਣ ਹਾਸਿਲ ਹੈ। ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ ਨੇ ਕਹੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਸਿਖਲਾਈਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਅਸੀਂ ਆਪਣੀ ਖੇਤੀ ਨੂੰ ਹੋਰ ਲਾਹੇਵੰਦ ਧੰਦਾ ਬਣਾ ਸਕਦੇ ਹਨ।
ਮੇਲੇ ਦੌਰਾਨ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਆਲੂ ਦੀ ਫ਼ਸਲ ਵਿੱਚ ਬਠਿੰਡਾ ਦੇ ਸੁਖਦੇਵ ਸਿੰਘ, ਕਾਲੀ ਗਾਜਰ ਵਿੱਚ ਸੰਗਰੂਰ ਦੇ ਗੁਰਚਰਨ ਸਿੰਘ, ਹਰੇ ਪਿਆਜ਼ ਵਿੱਚ ਸੰਗਰੂਰ ਦੇ ਜਸਬੀਰ ਸਿੰਘ, ਹਰੇ ਲਸਣ ਵਿੱਚ ਤਰਲੋਚਨ ਸਿੰਘ, ਅਰਬੀ ਵਿੱਚ ਹਰਿਆਣਾ ਤੋਂ ਰਣਧੀਰ ਸਿੰਘ, ਗਾਜਰ ਵਿੱਚ ਜ¦ਧਰ ਤੋਂ ਨਰਿੰਜਨ ਸਿੰਘ, ਟਮਾਟਰ ਵਿੱਚ ਪਟਿਆਲਾ ਤੋਂ ਰਵਿੰਦਰ ਸਿੰਘ, ਫੁੱਲ ਗੋਭੀ ਵਿੱਚ ਮੋਹਾਲੀ ਤੋਂ ਗੁਰਦੀਪ ਸਿੰਘ, ਖੀਰੇ ਵਿੱਚ ਸੰਗਰੂਰ ਤੋਂ ਮਨਜੀਤ ਸਿੰਘ, ਸ਼ਿਮਲਾ ਮਿਰਚ ਵਿੱਚ ਸੰਗਰੂਰ ਤੋਂ ਸੁਖਵਿੰਦਰ ਸਿੰਘ ਆਦਿ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕਿਸਾਨ ਮੇਲੇ ਦੌਰਾਨ ਘਰੇਲੂ ਵਸਤਾਂ ਤਿਆਰ ਕਰਨ, ਖੇਤ ਮਸ਼ੀਨਰੀ, ਰਸਾਇਣਾਂ, ਪਾਣੀ ਦੀ ਬੱਚਤ ਵਾਲੇ ਸੰਦਾਂ ਆਦਿ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।