ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਜੋ ਪੰਜਾਬ ਦੇ ਦੌਰੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫਿ਼ਰੋਜ਼ਪੁਰ ਦੇ ਦੌਰੇ ਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਇਹ ਵੀ ਪਤਾ ਨਹੀਂ ਸ੍ਰੀ ਮੋਦੀ ਸ੍ਰੀ ਦਰਬਾਰ ਸਾਹਿਬ ਜਾਣਗੇ ਕਿ ਨਹੀਂ । ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਮੋਰਾਰਜੀ ਡਸਾਈ ਜੋ ਗੁਜਰਾਤ ਰਾਜ ਨਾਲ ਸੰਬੰਧ ਰੱਖਦੇ ਹਨ, ਉਸ ਵਕਤ ਸ੍ਰੀ ਹਰਮਿੰਦਰ ਸਾਹਿਬ ਆਏ ਸਨ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋ ਗੁਰੂ ਸਾਹਿਬਾਨ ਦੀ ਪਵਿੱਤਰ ਦੇਗ (ਕੜਾਹ ਪ੍ਰਸ਼ਾਦ) ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ । ਸੋ ਇਸੇ ਤਰ੍ਹਾਂ ਮੋਦੀ ਤੋ ਵੀ ਸ੍ਰੀ ਦਰਬਾਰ ਸਾਹਿਬ ਆਉਂਣ ਜਾਂ ਨਾਂ ਆਉਂਣ ਤੋ ਕੀ ਆਸ ਰੱਖੀ ਜਾ ਸਕਦੀ ਹੈ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ਤੇ ਭਾਰਤ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਤੋਂ ਸ੍ਰੀ ਦਰਬਾਰ ਸਾਹਿਬ ਵਿਚ ਲੰਗਰ ਵਾਸਤੇ ਵਰਤੀ ਜਾ ਰਹੀ ਐਲ.ਪੀ.ਜੀ. (ਗੈਸ) ਤੋਂ ਸਬਸਿਡੀ ਹਟਾਉਣ ਦੀ ਮੰਗ ਕੀਤੀ ਹੈ ਜੋ ਕਿ ਸਿੱਖ ਕੌਮ ਲਈ ਇਕ ਬਹੁਤ ਵੱਡੀ ਤੋਹੀਨ ਹੈ । ਕਿਉਂਕਿ ਸਿੱਖ ਕੌਮ ਨੇ ਅੱਜ ਤੱਕ ਹਿੰਦ ਵਿਚ ਆਏ ਕਿਸੇ ਵੀ ਹੁਕਮਰਾਨ ਤੋਂ ਕੋਈ ਵੀ ਮੰਗ ਨਹੀਂ ਕੀਤੀ । ਸਗੋਂ ਜਿਸ ਦਾ ਕੋਈ ਵੀ ਆਸਰਾ ਨਹੀਂ ਹੁੰਦਾ ਸੀ, ਉਸਦੀ ਫਰਿਆਦ ਸੁਣਕੇ ਉਸ ਨੂੰ ਇਨਸਾਫ਼ ਦਿਵਾਉਣ ਦੀ ਕੋਸਿ਼ਸ਼ ਕੀਤੀ ਹੈ ਤੇ ਜ਼ਬਰ ਦਾ ਮੁਕਾਬਲਾ ਕੀਤਾ ਹੈ । ਦੂਜੇ ਪਾਸੇ ਹਿੰਦ ਹਕੂਮਤ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ 1984 ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਬੇਕਸੂਰੇ ਲੋਕਾਂ ਨੂੰ ਹਿੰਦੂਸਤਾਨ ਦੀ ਫ਼ੌਜ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਸ਼ਹੀਦ ਕਰ ਦਿੱਤਾ ਗਿਆ ਜਿਸਦਾ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਉਸ ਬਾਰੇ ਐਸ.ਜੀ.ਪੀ.ਸੀ. ਨੇ ਕੋਈ ਮੁੱਦਾ ਉਠਾਉਣ ਬਾਰੇ ਨਹੀਂ ਸੋਚਿਆ ।
ਸ. ਮਾਨ ਨੇ ਕਿਹਾ ਕਿ ਦੂਜੇ ਪਾਸੇ ਸ੍ਰੀ ਨਰਿੰਦਰ ਮੋਦੀ ਫਿ਼ਰੋਜ਼ਪੁਰ ਵਿਖੇ ਭਗਤ ਸਿੰਘ ਦੀ ਸਮਾਧ ਤੇ ਉਸ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਲਈ ਜਾ ਰਿਹਾ ਹੈ । ਭਗਤ ਸਿੰਘ ਉਹ ਵਿਅਕਤੀ ਹੈ ਜਿਸ ਨੇ 2 ਬੇਗੁਨਾਹਾਂ ਦਾ ਨਜ਼ਾਇਜ ਤੌਰ ਤੇ ਕਤਲ ਕੀਤਾ ਹੈ । ਪਹਿਲਾ ਤਾਂ ਇਕ ਇੰਗਲੈਡ ਤੋਂ ਆਇਆ ਟ੍ਰੇਨੀ ਏ.ਐਸ.ਪੀ. ਸਾਂਡਰਸ ਸੀ, ਦੂਜਾ ਸਿੱਖ ਅੰਮ੍ਰਿਤਧਾਰੀ ਸ. ਚੰਨਣ ਸਿੰਘ ਸੀ । ਪਰ ਇਹ ਦੋਨੇ ਦੋਸ਼ੀ ਨਹੀਂ ਸਨ ਕਿਉਂਕਿ ਦੋਸ਼ੀ ਸਕਾਟ ਐਸ.ਐਸ.ਪੀ. ਲਾਹੌਰ ਸੀ । ਇਕ ਪਾਸੇ ਤਾਂ ਹਿੰਦੂਸਤਾਨ ਵਿਚ ਹਰ ਰੋਜ਼ ਅੱਤਿਵਾਦ ਨੂੰ ਖ਼ਤਮ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਾਂਤੀ ਲਿਆਉਣ ਦੀਆਂ ਗੱਲਾਂ-ਬਾਤਾਂ ਹੋ ਰਹੀਆਂ ਹਨ । ਦੂਜੇ ਪਾਸੇ ਭਗਤ ਸਿੰਘ ਜਿਸ ਨੇ ਅੱਤਿਵਾਦੀ ਕਾਰਵਾਈ ਕੀਤੀ ਸੀ, ਉਸ ਨੂੰ ਸ਼ਹੀਦ ਮੰਨਕੇ ਸਰਧਾ ਦੇ ਫੁੱਲ ਭੇਟ ਕਰਨ ਲਈ ਸ੍ਰੀ ਮੋਦੀ ਪਹੁੰਚ ਰਹੇ ਹਨ । ਇਸ ਦੋਹਰੀ ਨੀਤੀ ਦਾ ਸਪੱਸਟੀਕਰਨ ਬੀਜੇਪੀ, ਬਾਦਲ ਦਲ ਤੇ ਭਾਰਤ ਦੇ ਵਜ਼ੀਰ-ਏ-ਆਜ਼ਮ ਮੋਦੀ ਨੂੰ ਸਿੱਖ ਕੌਮ ਅੱਗੇ ਰੱਖਣਾ ਚਾਹੀਦਾ ਹੈ । 2000 ਵਿਚ ਸ੍ਰੀ ਵਾਜਪਾਈ ਤੇ ਐਲ.ਕੇ. ਅਡਵਾਨੀ ਦੀ ਸਰਕਾਰ ਸਮੇਂ ਚਿੱਠੀ ਸਿੰਘ ਪੁਰਾ (ਕਸ਼ਮੀਰ) ਵਿਚ ਭਾਰਤ ਦੀ ਫ਼ੌਜ ਰਾਹੀ ਗਿਣੀ-ਮਿੱਥੀ ਸਾਜਿ਼ਸ ਕਰਕੇ 43 ਸਿੱਖਾਂ ਨੂੰ ਸ੍ਰੀ ਕਲਿੰਟਨ ਪ੍ਰੈਜੀਡੈਟ ਅਮਰੀਕਾ ਦੇ ਦੌਰੇ ਸਮੇਂ ਸ਼ਹੀਦ ਕਰ ਦਿੱਤਾ ਸੀ ਅਤੇ 2013 ਵਿਚ ਗੁਜਰਾਤ ਦੇ 60 ਹਜ਼ਾਰ ਸਿੱਖ ਕਿਸਾਨਾਂ ਦਾ ਉਜਾੜਾ ਸ੍ਰੀ ਮੋਦੀ ਨੇ ਆਪਣੇ ਮੁੱਖ ਮੰਤਰੀ ਕਾਲ ਸਮੇਂ ਕੀਤਾ ਜੋ ਅੱਜ ਤੱਕ ਨਿਰੰਤਰ ਜਾਰੀ ਹੈ, ਜਿਨ੍ਹਾਂ ਦਾ ਕੇਸ ਅੱਜ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ । ਉਸ ਬਾਰੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਸਦੀ ਭਾਈਵਾਲ ਪਾਰਟੀ ਬੀਜੇਪੀ ਕੀ ਕਰ ਰਹੀ ਹੈ ਇਹ ਸਾਰੀ ਸਥਿਤੀ ਸਿੱਖ ਕੌਮ ਤੇ ਪੰਜਾਬ ਵਾਸੀਆਂ ਨੂੰ ਸਪੱਸ਼ਟ ਕੀਤੀ ਜਾਵੇ ? ਦੂਜੇ ਪਾਸੇ ਕੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੀ ਭਾਈਵਾਲ ਪਾਰਟੀ ਹੂਸੈਨੀਵਾਲਾ, ਸੁਲੇਮਾਨਕੀ ਅਤੇ ਵਾਹਗਾ ਬਾਰਡਰ ਜਿਸ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ (ਅ) ਨੇ 1990 ਵਿਚ ਉਠਾਇਆ ਸੀ, ਕੀ ਇਹ ਬਾਰਡਰ ਖੋਲ੍ਹਣ ਦੀ ਗੱਲ ਪ੍ਰਧਾਨ ਮੰਤਰੀ ਸ੍ਰੀ ਮੋਦੀ ਕੋਲ, ਇਹ ਕਰਨਗੇ ?
ਸ. ਮਾਨ ਨੇ ਕਿਸਾਨਾਂ ਦੇ ਹੱਕ ਵਿਚ ਹਾਅਦਾ-ਨਾਅਰਾ ਮਾਰਦਿਆ ਕਿਹਾ ਕਿ ਅਸੀਂ ਸਾਰੇ ਬੇਜ਼ਮੀਨੇ ਅਤੇ ਮੁਜਾਹਰੇ ਸੀ । ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਕਾਲ ਸਮੇਂ ਸਾਨੂੰ ਸਾਰਿਆਂ ਨੂੰ ਬਿਨ੍ਹਾ ਕਿਸੇ ਜਾਤ-ਪਾਤ ਤੇ ਧਰਮ ਤੋ ਉਪਰ ਉੱਠਕੇ ਜ਼ਮੀਨਾਂ ਦੇ ਹੱਕ ਦਿੱਤੇ ਸਨ ਤੇ ਮਾਲਕ ਬਣਾਇਆ ਸੀ। ਪਰ ਸ੍ਰੀ ਨਰਿੰਦਰ ਮੋਦੀ ਨੇ ਲੈਂਡ ਐਕੋਜੀਸਨ ਬਿਲ ਵਿਚ ਕਿਸਾਨਾਂ ਵਿਰੋਧੀ ਚਿਹਰਾ ਵਿਖਾਇਆ ਹੈ । ਸ. ਪ੍ਰਕਾਸ਼ ਸਿੰਘ ਬਾਦਲ ਜੋ ਕਿਸਾਨਾਂ ਦਾ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟਦਾ ਹੈ, ਨੇ ਇਸ ਬਿਲ ਦੇ ਹੱਕ ਵਿਚ ਵੋਟ ਪਾ ਕੇ ਕਿਸਾਨ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ । ਇਸੇ ਤਰੀਕੇ ਹੀ ਵਾਜਪਾਈ ਸਰਕਾਰ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੋਟਾ ਕਾਨੂੰਨ ਦੇ ਹੱਕ ਵਿਚ ਵੋਟ ਪਾ ਕੇ ਸਿੱਖ ਵਿਰੋਧੀ ਚਿਹਰਾ ਦੁਨੀਆਂ ਸਾਹਮਣੇ ਪੇਸ਼ ਕੀਤਾ ਸੀ । ਸੋ ਸਾਨੂੰ ਸਾਰਿਆਂ ਨੂੰ ਬੀਜੇਪੀ, ਆਰ.ਐਸ.ਐਸ, ਬਾਦਲ ਦਲ ਤੇ ਪੰਥ ਪੰਜਾਬ ਦੇ ਵਿਰੋਧੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ । ਕਿਉਂਕਿ ਪੰਜਾਬ ਅੱਜ ਬਿਲਕੁਲ ਇਹਨਾਂ ਦੀਆਂ ਵਧੀਕੀਆਂ ਦੀ ਚੱਕੀ ਵਿਚ ਪਿੱਸ ਰਿਹਾ ਹੈ । ਅੱਜ ਸਿੱਖ ਕੌਮ ਨੂੰ ਤੇ ਪੰਜਾਬ ਵਾਸੀਆਂ ਨੂੰ ਪੰਥ, ਪੰਜਾਬ, ਪਾਣੀ, ਪੜ੍ਹਾਈ, ਪੁੱਤ ਅਤੇ ਪੱਤ ਬਚਾਉਣ ਦੀ ਮੁੱਖ ਲੋੜ ਹੈ । ਕਿਉਂਕਿ ਅੱਜ ਪੰਜਾਬ ਵਿਚੋਂ 6 ਪੱਪੇ ਹੀ ਇਹਨਾਂ ਦੀਆਂ ਵਧੀਕੀਆਂ ਦਾ ਸਿ਼ਕਾਰ ਹੋ ਰਹੇ ਹਨ ।