ਨਵੀਂ ਦਿੱਲੀ – ਡੀਫੈਂਸ ਮਨਿਸਟਰੀ ਨੇ ਭਾਰਤ ਦੇ ਰੱਖਿਆ ਮਾਮਲਿਆਂ ਸਬੰਧੀ ਗਵਾਂਢੀ ਦੇਸ਼ਾਂ ਵੱਲੋਂ ਜਾਸੂਸੀ ਦੇ ਖਤਰਿਆਂ ਨੂੰ ਭਾਂਪਦੇ ਹੋਏ ਇੱਕ ਵਾਰ ਫਿਰ ਸਾਵਧਾਨ ਕੀਤਾ ਹੈ। ਚੀਨ ਅਤੇ ਪਾਕਿਸਤਾਨ ਵੱਲੋਂ ਕਿਸੇ ਵਿਅਕਤੀ ਜਾਂ ਸਾਈਬਰ ਸੁਰੱਖਿਆ ਵਿੱਚ ਸੇਂਧ ਲਗਾ ਕੇ ਸੂਚਨਾਵਾਂ ਲੀਕ ਹੋ ਜਾਣ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਇਸ ਸਬੰਧੀ ਮਨਿਸਟਰੀ ਨੇ ਰੈਡ ਅਲਰੱਟ ਜਾਰੀ ਕੀਤਾ ਹੈ।
ਡੀਫੈਂਸ ਮਨਿਸਟਰੀ ਨੇ ਹੋਮ ਮਨਿਸਟਰੀ ਅਤੇ ਹੋਰ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸੈਨਿਕ ਬਲਾਂ ਅਤੇ ਹੋਰ ਸੰਗਠਨਾਂ ਨੂੰ ਸੁਰੱਖਿਆ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸੂਚਨਾਵਾਂ ਨੂੰ ਲੀਕ ਹੋਣ ਤੋਂ ਰੋਕਿਆ ਜਾ ਸਕੇ।ਸੱਭ ਤੋਂ ਵੱਧ ਸਾਵਧਾਨੀ ਸਾਈਬਰ ਸੁਰੱਖਿਆ ਅਤੇ ਕੰਪਿਊਟਰ ਪ੍ਰਯੋਗ ਕਰਨ ਦੇ ਨਿਯਮਾਂ ਸਬੰਧੀ ਕੀਤੀ ਜਾ ਰਹੀ ਹੈ। ਸਕਿਓਅਰ ਅਤੇ ਇਨਸਕਿਓਅਰ ਨੈਟਵਰਕ ਦੀ ਵਰਤੋਂ ਤੇ ਸਖਤ ਪਾਬੰਦੀ ਲਗਾਈ ਗਈ ਹੈ। ਡਿਜੀਟਲ ਸਟੋਰੇਜ਼ ਡੀਵਾਈਸ ਦੇ ਇਸਤੇਮਾਲ ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਸਬੰਧਿਤ ਵਿਭਾਗ ਦੇ ਅਧਿਕਾਰੀ ਅਨੁਸਾਰ ਪੈਨ ਡਰਾਈਵਸ, ਹਾਰਡ ਡਿਸਕ ਅਤੇ ਸੀਡੀ ਦੁਆਰਾ ਡਾਟਾ ਲੀਕ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਕਈ ਵਾਰ ਚੀਨ ਦੇ ਹੈਕਰਸ ਵਾਇਰਸ ਵਾਲੇ ਯੂਐਸਬੀ ਡਿਵਾਈਸਾਂ ਦੁਆਰਾ ਮਿਲਟਰੀ ਨੈਟਵਰਕ ਵਿੱਚ ਸੇਂਧ ਲਗਾਉਣ ਵਿੱਚ ਸਫਲ ਹੋਏ ਹਨ। ਇਸ ਨੂੰ ਰੋਕਣ ਦੇ ਲਈ ਹੀ ਸੁਰੱਖਿਆ ਸਬੰਧੀ ਨਵੇਂ ਨਿਰਦੇਸ਼ ਦਿੱਤੇ ਗਏ ਹਨ।