ਨਾਤ੍ਹੀ ਧੋਤੀ ਰਹਿ ਗਈ ਤੇ ਮੂੰਹ ’ਤੇ ਮੱਖੀ ਬਹਿ ਗਈ
ਇਹ ਮੁਹਾਵਰਾ ਭਾਰਤ ਦੇ ਮੌਜੂਦਾ ਪ੍ਰਧਾਨ ਮੰਤ੍ਰੀ ਨਰਿੰਦਰ ਦਾਸ ਮੋਦੀ ਦੇ 26 ਮਈ, 2014 ਨੂੰ ਭਾਰਤ ਦੇ 15ਵੇਂ ਪ੍ਰਧਾਨ ਮੰਤ੍ਰੀ ਬਨਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਵਿਚ ਉਸਦੀ ਪਹਿਲੀ ਫੇਰੀ ਉਤੇ ਵਿਸ਼ੇਸ਼ ਕਰਕੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਉਤੇ ਹੂ-ਬ-ਹੂ ਢੁਕਦਾ ਹੈ । ਨਰਿੰਦਰ ਮੋਦੀ 23 ਮਾਰਚ ਨੂੰ ਇਕ ਰੋਜ਼ਾ ਦੌਰੇ ਉਤੇ ਅੰਮ੍ਰਿਤਸਰ ਪਹੁੰਚੇ, ਜਿਸ ਦੌਰਾਨ ਉਹ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਸ਼ਰਧਾਜਲੀ ਦੇਣ ਲਈ ਗਏ ਸਨ । ਇਹ ਉਹ ਥਾਂ ਹੈ ਜਿਥੇ ਇਨ੍ਹਾਂ ਸ਼ਹੀਦਾਂ ਦਾ ਫਾਂਸੀ ਲਗਣ ਤੋਂ ਅਗਲੇ ਦਿਨ ਸਸਕਾਰ ਕੀਤਾ ਗਿਆ ਸੀ । ਚੇਤੇ ਰਹੇ ਕਿ ਇਹ ਤਿੰਨੇ ਨੌਜੁਆਨ ਭਰ ਜੁਆਨੀ ਦੀ ਉਮਰੇ ਇਕ ਦਿਨ ਪਹਿਲਾਂ ਤੜ੍ਹਕਸਾਰ ਲੁਕਵੇਂ ਢੰਗ ਨਾਲ ਜਾਬਰ ਬਰਤਾਨਵੀਂ ਹਕੂਮਤ ਵਲੋਂ ਲਾਹੌਰ ਜੇਲ੍ਹ ਵਿਚ ਫ਼ਾਂਸੀ ਟੰਗ ਦਿਤੇ ਗਏ ਸਨ । ਇਸ ਪਿਛੋਂ ਪ੍ਰਧਾਨ ਮੰਤ੍ਰੀ ਜਲਿਆਂ ਵਾਲੇ ਬਾਗ਼, ਸਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਵੀ ਗਏ । ਪਰ ਇਸ ਫੇਰੀ ਉੇਤੇ ਕੁਝ ਧਾਰਮਿਕ, ਸਮਾਜਿਕ ਤੇ ਆਰਥਿਕ ਸੁਆਲ ਵੀਚਾਰ ਕਰਨ ਲਈ ਖੜੇ ਹੁੰਦੇ ਹਨ ।
ਪਹਿਲਾ ਸੁਆਲ ਤਾਂ ਇਸ ਤਸਵੀਰ ਵਿਚ ਹੀ ਖੜਾ ਹੁੰਦਾ ਹੈ, ਜਿਸ ਵਿਚ ਇਹ ਨਹੀਂ ਪਤਾ ਲਗ ਰਿਹਾ ਕਿ ਮੋਦੀ, ਬਾਦਲ, ਦਿਲਮੇਘ, ਮਹਿਤਾ ਤੇ ਬਾਕੀ ਦੀ ਜੁੰਡਲੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਣ ਗਈ ਹੈ ਜਾਂ ਅਕਾਸ਼ ਵਿਚ ਉਡ ਰਹੀਆਂ ਗੁਡੀਆਂ, ਪਤੰਗਾਂ ਜਾਂ ਪੰਛੀਆਂ ਵਲ ਝਾਕ ਰਹੀ ਹੈ? ਇਨ੍ਹਾਂ ਦੇ ਹੱਥ ਸ੍ਰੀ ਹਰਿਮੰਦਰ ਸਾਹਿਬ ਵਲ ਜੁੜੇ ਹੋਏ ਹਨ ਜਾਂ ਅਕਾਸ਼ ਗੰਗਾ ਵਲ ਆਪਣੇ ਪਿਤ੍ਰਾਂ ਨੂੰ ਫਤਿਹ ਬੁਲਾ ਰਹੇ ਹਨ?
ਇਹ ਤਸਵੀਰ ਬਿਨਾਂ ਕੁਝ ਕਹੇ ਦਸੇ ਤੋਂ ਆਪਣੀ ਕਹਾਣੀ ਆਪ ਹੀ ਬਿਆਨ ਕਰ ਰਹੀ ਹੈ
ਇਹ ਦੂਸਰੀ ਤਸਵੀਰ ਵੀ ਧਾਰਮਿਕ ਸੁਆਲ ਖੜੇ ਕਰ ਰਹੀ ਹੈ, ਉਹ ਇਹ ਕਿ ਇਹ ਸਾਰਾ ਟੋਲਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਹੈ ਜਾਂ ਆਪਣੇ ਆਪਨੂੰ ਕਿਸੇ ਮੇਲੇ ਵਿਚ ਖੜਾ ਮਹਿਸੂਸ ਕਰ ਰਿਹਾ ਹੈ? ਵੈਸੇ ਤਾਂ ਇਹ ਤਸਵੀਰ ਆਪਣੇ ਮੂੰਹੋ ਆਪ ਬੋਲ ਰਹੀ ਹੈ, ਪਰ ਜਾਪਦਾ ਇੰਞ ਹੈ ਜਿਵੇਂ ਮੋਦੀ ਤੇ ਬਾਦਲ ਕੈਮਰਾਮੈਨ ਅੱਗੇ ਫੋਟੋ ਖਿਚਵਾਉਣ ਵਾਸਤੇ ਉਸ ਅਗੇ ਹੱਥ ਜੋੜ ਖਲੋਤੇ ਹੋਏ ਹੋਣ । ਦਿਲਮੇਘ ਤੇ ਮਹਿਤਾ ਬੇਧਿਆਨੇ ਹੋਏ ਕੁਝ ਹੋਰ ਪਾਸੇ ਵਲ ਝਾਕ ਰਹੇ ਹਨ ਤੇ ਲਗਦਾ ਹੈ ਜਿਵੇਂ ਦਿਲਮੇਘ ਧਕੇ ਨਾਲ ਬਾਦਲ ਦੇ ਨੇੜੇ ਖੜ ਕੇ ਫੋਟੋ ਖਿਚਵਾਉਣ ਲਈ ਮਹਿਤੇ ਦੇ ਬਾਜ਼ੂ ਨੂੰ ਫੜ ਕੇ ਬਦੋ ਬਦੀ ਆਪਣੇ ਲਈ ਥਾਂ ਬਣਾ ਰਿਹਾ ਹੋਵੇ ਤੇ ਹਰਸਿਮਰਤ ਬਾਦਲ ਦਾ ਪੁਛੋ ਹੀ ਕੁਝ ਨਾ । ਉਹ ਕਿਸੇ ਆਪਣੀ ਹੀ ਦੁਨੀਆਂ ਵਿਚ ਗੁਆਚੀ ਗਾਂ ਵਾਂਗ ਖੜੀ ਹੈ ਤੇ ਪਤਾ ਨਹੀਂ ਕਿਸ ਨੂੰ ਅੱਖਾਂ ਅੱਡ ਅੱਡ ਕੇ ਝਾਕ ਰਹੀ ਹੈ । ਤਸਵੀਰ ਵਿਚਲੇ ਸਾਰੇ ਕਪਟੀ ਲੀਡਰਾਂ ਦੀਆਂ ਪਿਠਾਂ ਸ੍ਰੀ ਹਰਿਮੰਦਰ ਸਾਹਿਬ ਵਲ ਹਨ । ਮੈਨੂੰ ਯਾਦ ਹੈ ਪਿਛਲੇਰੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਆਪਣੇ ਪ੍ਰਧਾਨ ਮੰਤਰੀ ਦੀ ਮਿਆਦ ਸਮੇਂ ਜਦ ਵੀ ਸ੍ਰੀ ਹਰਿਮੰਦਰ ਸਾਹਿਬ ਆਏ, ਤੜਕਸਾਰ ਆਏ ਤੇ ਇਕ ਨਿਮਾਣੇ ਸਿੱਖ ਵਾਂਗ ਕੀਰਤਨ ਸੁਣ ਕੇ ਵਾਪਸ ਰਵਾਨਾ ਹੋ ਗਏ । ਉਨ੍ਹਾਂ ਨੇ ਇਸਤਰ੍ਹਾਂ ਦੀਆਂ ਘਟੀਆਂ ਕਿਸਮ ਦੀਆਂ ਤਸਵੀਰਾਂ ਖਿਚਵਾ ਕੇ ਝੂਠੀ ਸ਼ੋਹਰਤ ਦਾ ਆਸਰਾ ਕਦੇ ਵੀ ਨਹੀਂ ਸੀ ਲਿਆ ।
ਉਪਰੋਕਤ ਤਸਵੀਰ ਨੂੰ ਵੇਖ ਕੇ ਮੈਨੂੰ ਸਭ ਤੋਂ ਜ਼ਿਆਦਾ ਸ਼ਰਮ ਮਹਿਸੂਸ ਹੋਈ, ਜਦੋਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਜਿਨ੍ਹਾਂ ਨੂੰ ਅਸੀਂ ਗੁਰੂ ਘਰ ਦੇ ਵਜ਼ੀਰ ਕਹਿ ਕੇ ਸਤਿਕਾਰਦੇ ਹਾਂ, ਆਪਣੇ ਉਚ ਅਸਥਾਨ ਨੂੰ ਛੱਡ ਕੇ ਇਕ ਦੇਸ਼ ਦੇ ਵਜ਼ੀਰ ਨੂੰ ਸਿਰੋਪਾਓ ਦੇਣ ਲਈ ਆਪ ਅੱਗੇ ਆਏ ਹਨ । ਕੀ ਇਹ ਬਾਦਲਾਂ ਦੇ ਹੁਕਮਾਂ ਦੀ ਤਾਮੀਲ ਕਰਨਾ ਸੀ ਜਾਂ ਆਪਣੀ ਜ਼ਮੀਰ ਨੂੰ ਕੁਚਲਨਾ ਸੀ । ਇਸ ਉਚੀ, ਸੁਚੀ ਤੇ ਪਵਿਤ੍ਰ ਮਹਾਨ ਗਦੀ ਉਤੇ ਪੰਥ ਦੇ ਮਹਾਨ ਵਿਦਵਾਨ ਬਾਬਾ ਬੁਢਾ ਜੀ ਬਿਰਾਜਮਾਨ ਰਹੇ ਸਨ । ਭਾਈ ਮਨੀ ਸਿੰਘ ਜੀ ਬੈਠੇ ਸਨ । ਇਸ ਪਦਵੀ ਦਾ ਆਦਰ ਸਾਰੇ ਦੁਨਿਆਵੀ ਆਦਰਾਂ ਤੇ ਸਨਮਾਨਾਂ ਤੋਂ ਉਚਾ ਤੇ ਸੁਚਾ ਹੈ, ਪਰ ਬਦਕਿਸਮਤੀ ਨਾਲ ਇਸਦਾ ਅਹਿਸਾਸ ਨਾ ਪੰਜਾਬ ਸਰਕਾਰ ਨੂੰ ਹੈ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਨਾ ਉਸਦੇ ਪ੍ਰਧਾਨ ਨੂੰ ਤੇ ਨਾ ਹੀ ਕਿਸੇ ਹੋਰ ਨੂੰ । ਮੈਨੂੰ ਆਪਣੇ ਬਚਪਨ ਦਾ ਸਮਾਂ ਪੂਰੀ ਤਰ੍ਹਾਂ ਯਾਦ ਹੈ, ਜਦ ਪੰਡਤ ਜਵਾਹਰ ਲਾਲ ਨਹਿਰੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਤਾਂ ਕੁਲ ਆਲਮ ਉਮੜ ਆਇਆ ਉਸਨੂੰ ਦੇਖਣ ਲਈ, ਪਰ ਜਦ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਰਾਹੀਂ ਅੰਦਰ ਦਾਖ਼ਲ ਹੋਇਆ ਤਾਂ ਉਸਨੂੰ ਸਿਰੋਪਾਓ ਉਸ ਸਮੇਂ ਦੇ ਅਰਦਾਸੀਏ ਭਾਈ ਸੁਰਜਨ ਸਿੰਘ ਜੀ ਧੂਪੀਏ ਨੇ ਦਿਤਾ ਸੀ, ਕਿਸੇ ਗ੍ਰੰਥੀ ਜਾਂ ਹੈਡ ਗ੍ਰੰਥੀ ਨੇ ਨਹੀਂ, ਕਿਉਂਕਿ ਉਹ ਗੁਰੂ ਘਰ ਦੇ ਵਜ਼ੀਰ ਹੁੰਦੇ ਹਨ ਤੇ ਭਾਰਤ ਦੇ ਸਾਰੇ ਵਜ਼ੀਰਾਂ ਤੇ ਪਰਧਾਨਾਂ ਤੋਂ ਉਨ੍ਹਾਂ ਦਾ ਦਰਜਾ ਬਹੁਤ ਵੱਡਾ ਤੇ ਸਨਮਾਨ ਵਾਲਾ ਹੁੰਦਾ ਹੈ । ਜਾਂ ਇੰਞ ਕਹਿ ਲਵੋ ਕਿ ਕਿਸੇ ਵੀ ਦੁਨੀਆਦਾਰ ਦਾ ਦਰਜਾ ਸਿੰਘ ਸਾਹਿਬਾਨ ਦੇ ਦਰਜੇ ਤੋਂ ਕਿਤੇ ਹੇਠਾਂ ਹੁੰਦਾ ਹੈ ।
ਮੈਨੂੰ ਇਕ ਹੋਰ ਘਟਨਾ ਦਾ ਵੀ ਪਤਾ ਹੈ । ਇਕ ਵਾਰ ਇੱਕ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਸੀ । ਕੁਝ ਦੇਰ ਬਾਅਦ ਭਾਈ ਵੀਰ ਸਿੰਘ ਉਸ ਕਮਰੇ ਅੰਦਰ ਦਾਖ਼ਿਲ ਹੋਏ ਤੇ ਗ੍ਰੰਥੀ ਸਿੱਖ ਨੇ ਉਨ੍ਹਾਂ ਨੂੰ ਫਤਿਹ ਬੁਲਾਈ । ਭੋਗ ਪੈਣ ਉਪ੍ਰੰਤ ਭਾਈ ਵੀਰ ਸਿੰਘ ਨੇ ਉਸ ਸਿੱਖ ਵੀਰ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੱਖ ਦਾ ਦਰਜਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਰੋਬਰ ਦਾ ਹੁੰਦਾ ਹੈ, ਇਸ ਲਈ ਉਹ ਕਦੇ ਵੀ ਕਿਸੇ ਵੱਡੇ ਤੋਂ ਵੱਡੇ ਵਿਅਕਤੀ ਨੂੰ ਸਤਿਕਾਰ ਜਾਂ ਫਤਿਹ ਨਾ ਬੁਲਾਵੇ ਤੇ ਆਪਣਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਲੀਨ ਰੱਖੇ ।
ਚਲੋ ਅਗੇ ਵੱਧਦੇ ਹਾਂ ਕਿ ਮੋਦੀ ਦੀ ਪੰਜਾਬ ਫੇਰੀ ਦਾ ਪੰਜਾਬੀਆਂ ਜਾਂ ਪੰਜਾਬ ਨੂੰ ਕੀ ਲਾਭ ਹੋਇਆ? ਪਿਛਲੇ ਸਾਲ ਹੋਈਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੋ ਅਕਾਲੀਆਂ ਤੇ ਭਾਜਪਾਈਆਂ ਨੇ ਕੇਂਦਰ ਵਿੱਚਲੀ ਕਾਂਗਰਸ ਸਰਕਾਰ ਵਿਰੁਧ ਭੰਡੀ ਪ੍ਰਚਾਰ ਦੀ ਮੁਹਿੰਮ ਛੇੜੀ ਸੀ, ਜਿਸ ਵਿੱਚ ਖਾਸ ਕਰਕੇ ਬਾਦਲ ਸਰਕਾਰ ਨੇ ਕੇਂਦਰ ਉਤੇ ਜੋ ਤੁਹਮਤਾਂ ਲਾਈਆਂ ਸਨ, ਉਹ ਬਹੁਤ ਹੀ ਘਿਨਾਉਣੀਆਂ ਸਨ । ਜੇ ਉਸ ਬਾਰੇ ਇਹ ਕਹਿ ਲਿਆ ਜਾਵੇ, ਕਿ ਜਿਸ ਥਾਲੀ ਵਿਚ ਉਹ ਖਾਂਦੇ ਸਨ ਉਸੇ ਵਿਚ ਛੇਕ ਕਰਦੇ ਸਨ, ਤਾਂ ਇਹ ਅਤ-ਕਥਨੀ ਨਹੀਂ ਹੋਵੇਗੀ । ਜਾਂ ਇਉਂ ਕਹਿ ਲਵੋ ਕਿ ਜਿਸਦਾ ਉਹ ਨਿਮਕ ਖਾਂਦੇ ਸਨ, ਉਸਦੇ ਹੀ ਉਹ ਨਿਮਕ ਹਰਾਮ ਹੋ ਰਹੇ ਸਨ । ਬਾਦਲਕਿਆਂ ਦਾ ਜੋ ਭੰਡੀ ਪ੍ਰਚਾਰ ਹੁੰਦਾ ਸੀ, ਉਹ ਬਾਰ ਬਾਰ ਇਕੋ ਘਸਿਆ ਪਿਟਿਆ ਬਿਆਨ, “ਕਾਂਗਰਸ ਪੰਜਾਬ ਨਾਲ ਵਿਤਕਰਾ ਕਰਦੀ ਹੈ, ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ” ।….. “ਇੱਕ ਵਾਰ ਇਹ ਸਰਕਾਰ ਬਦਲ ਦਿਓ, ਮੋਦੀ ਨੂੰ ਵੋਟਾਂ ਪਾ ਦਿਓ, ਅਰੁਣ ਜੇਤਲੀ ਨੂੰ ਜਿਤਾ ਦਿਓ, ਫੇਰ ਵੇਖੋ, ਕਿਵੇਂ ਟਰੱਕਾਂ ਦੇ ਟਰੱਕ ਪੈਸੇ ਨਾਲ ਲਦੇ ਹੋਏ ਪੰਜਾਬ ਵਲ ਰਵਾਨਾ ਹੁੰਦੇ ਹਨ”। ਇਸ ਕਿਸਮ ਦੇ ਬੇਹੂਦਾ, ਬੇਦਲੀਲ, ਬੇਤੁੱਕੇ, ਜਿਨ੍ਹਾਂ ਦਾ ਕੋਈ ਮੂੰਹ, ਸਿਰ, ਪੈਰ ਨਹੀਂ ਸੀ ਹੁੰਦਾ ਬਿਆਨਾਂ ਦੀ ਛਹਿਬਰ ਲਾ ਕੇ ਪੰਜਾਬੀਆਂ ਨੂੰ ਬੇਵਾਕੂਫ਼ ਬਨਾਉਣ ਦੀਆਂ ਕੋਝੀਆਂ ਚਾਲਾਂ ਚਲਦੀਆਂ ਗਈਆਂ, ਪਰ ਸਿਆਣੇ ਪੰਜਾਬੀਆਂ ਨੇ ਬਾਦਲਕਿਆਂ ਦੀ ਪੇਸ਼ ਨਾ ਜਾਣ ਦਿਤੀ ਤੇ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਤੌਰ ਉਤੇ ਭੇਜਿਆ । ਇਥੋਂ ਤਕ ਕਿ ਅਕਾਲੀਆਂ ਦਾ ਥੰਮ ਕਹਾਉਣ ਵਾਲਾ ਸੁਖਦੇਵ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਤੋਂ ਲੋਕ ਸਭਾ ਦੀ ਸੀਟ ਲਈ ਬੁਰੀ ਤਰ੍ਹਾਂ ਹਾਰਿਆ । ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਭਗਵੰਤ ਮਾਨ ਦਾ ਬੜੇ ਭਦੇ ਤੇ ਅਸਭਿਯ “ਬਲੂੰਬੜੇ” ਸ਼ਬਦ ਨਾਲ ਮਜ਼ਾਕ ਉਡਾਇਆ ਸੀ, ਪਰ ਉਸੇ “ਬਲੂੰਗੜੇ” ਨੇ ਢੀਂਡਸੇ ਨੂੰ ਉਹ ਕਰਾਰੀ ਹਾਰ ਦਿਤੀ ਕਿ ਢੀਂਡਸੇ ਨੂੰ ਹੀ ਚੋਣਾਂ ਵਿਚ ਬਲੂੰਗੜਾ ਬਣਾ ਕੇ ਰੱਖ ਦਿਤਾ ।
ਖ਼ੈਰ, ਆਖ਼ਰ ਬਾਦਲ ਦੇ ਸੁਪਨਿਆਂ ਦਾ ਪ੍ਰਧਾਨ ਮੰਤ੍ਰੀ, ਨਰਿੰਦਰ ਦਾਸ ਮੋਦੀ, ਪੰਜਾਬ ਆ ਹੀ ਗਿਆ । ਟਰੱਕਾਂ ਦੇ ਟਰੱਕ ਪੈਸੇ ਦੇਣ ਵਾਲਾ ਪ੍ਰਧਾਨ ਮੰਤ੍ਰੀ ਆ ਗਿਆ । ਦੇਸ਼ ਦਾ ਖਜ਼ਾਨਾ ਮੰਤ੍ਰੀ, ਅਰੁਣ ਜੇਤਲੀ, ਜੋ ਅੰਮ੍ਰਿਤਸਰ ਤੋਂ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੇ ਵਿਰੋਧੀਆਂ ਤੋਂ ਬਹੁਤ ਬੁਰੀ ਤਰ੍ਹਾਂ ਹਾਰਿਆ, ਜਿਸ ਬਾਰੇ ਬਾਦਲਕੇ ਲਗਾਤਾਰ ਪੰਜਾਬੀਆਂ ਨੂੰ ਕਹਿੰਦੇ ਰਹਿੰਦੇ ਸਨ ਕਿ ਇਕ ਵਾਰ ਇਸ ਨੂੰ ਜਿਤਾ ਕੇ ਕੇਂਦਰ ਵਿਚ ਭੇਜੋ, ਫੇਰ ਦੇਖੋ ਤੁਹਾਨੂੰ ਮਾਇਆ ਦੇ ਕਿੰਨੇ ਵੱਡੇ ਗਫੇ ਮਿਲਿਆ ਕਰਨਗੇ । ਪਰਨਾਲਿਆਂ ਦੇ ਪਰਨਾਲੇ ਇਧਰ ਵਹਿ ਤੁਰਨਗੇ । ਤੁਹਾਡੇ ਕੋਲੋਂ ਪੈਸਾ ਸਾਂਭਿਆ ਨਹੀਂ ਜਾਵੇਗਾ । ਤੁਹਾਡੇ ਸਾਰਿਆਂ ਦੇ ਕਰਜ਼ੇ ਮੁਆਫ਼ ਹੋ ਜਾਣਗੇ । ਪਰ ਹੋਇਆ ਕੀ? ਬਾਦਲ ਥੁਕੀਂ ਵੜੇ ਪਕਾਉਂਦਾ ਰਿਹਾ, ਝੂਠੀਆਂ ਤਸਲੀਆਂ ਦੇਂਦਾ ਰਿਹਾ, ਪਰ ਮੋਦੀ ਤੇ ਜੇਤਲੀ ਨੇ 4-5 ਵਾਰ ਬੇਰੰਗ ਲਿਫ਼ਾਫ਼ੇ ਵਾਂਗ ਬਾਦਲਕਿਆਂ ਦੇ ਹੱਥ ਵਿਚ ਖਾਲੀ ਠੂਠਾ ਫੜਾ ਕੇ ਵਾਪਸ ਭੇਜ ਦਿਤਾ । ਦਸਿਆ ਜਾਂਦਾ ਹੈ, ਕਿ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਆ ਕੇ “ਊਚੀ ਦੁਕਾਨ ਫੀਕਾ ਪਕਵਾਨ” ਵਾਂਗ ਫੜਾਂ ਤਾਂ ਬਹੁਤ ਮਾਰੀਆਂ, ਪਰ ਹਕੀਕਤਨ ਪੰਜਾਬ ਨੂੰ ਦਿੱਤਾ ਕੁਝ ਵੀ ਨਹੀਂ । ਲੁਭਾਉਣੇ ਸ਼ਬਦਾਂ ਦੀ ਵਰਤੋਂ ਕਰਕੇ ਤੇ ਵੱਡੇ ਵੱਡੇ, ਪਰ ਝੂਠੇ ਵਾਅਦੇ ਕਰ ਕੇ ਉਹ ਪੰਜਾਬ ਤੋਂ ਤੁਰਦਾ ਬਣਿਆ ਤੇ ਪੰਜਾਬੀ ਮੂੰਹ ਵੇਖਦੇ ਰਹਿ ਗਏ ।
ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਜੋ ਵੀ ਛੋਟੀਆਂ ਮੋਟੀਆਂ ਮੰਗਾਂ ਦਾ ਮੋਦੀ ਸਰਕਾਰ ਨਾਲ ਜ਼ਿਕਰ ਕੀਤਾ, ਇਹ ਹਾਸੋ ਹੀਣੀ ਗਲ ਹੈ ਕਿ ਮੋਦੀ ਨੇ ਕਿਸੇ ਇਕ ਦਾ ਵੀ ਹਾਂ ਪੱਖੀ ਜੁਆਬ ਨਹੀਂ ਦਿਤਾ, ਸਗੋਂ ਸਾਰੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਦਿਤਾ । ਹਾਂ, ਮੋਦੀ ਨੇ ਪੰਜਾਬੀਆਂ ਦੀ ਤਾਰੀਫ਼ ਜ਼ਰੂਰ ਕੀਤੀ ਤੇ ਬਾਦਲ ਨੂੰ ਫੋਕੀ ਫੂਕ ਛਕਾਉਣ ਵਿਚ ਕੋਈ ਕਸਰ ਵੀ ਨਹੀਂ ਰਹਿਣ ਦਿੱਤੀ ਤੇ ਕਿਹਾ ਕਿ ਬਾਦਲ ਉਨ੍ਹਾਂ ਦਾ “ਗੁਰੂ” ਹੈ । ਰਹੀ ਗਲ ਪੰਜਾਬ ਦੀਆਂ ਮੰਗਾਂ ਦੀ । ਮੋਦੀ ਨੇ ਬੜਾ ਹਾਸੋ ਹੀਣਾ ਰੋਲ ਅਦਾ ਕੀਤਾ । ਉਸਨੇ ਪੰਜਾਬ ਨੂੰ ਮਾਇਕ ਮੱਦਦ ਦੇਣ ਦਾ ਇਕ ਵੀ ਵਾਅਦਾ ਨਹੀਂ ਕੀਤਾ, ਪਰ ਇਹ ਕਹਿ ਦਿੱਤਾ ਕਿ ਤੁਹਾਡੀ ਕੋਈ ਵੀ ਮੰਗ ਠੁਕਰਾਈ ਨਹੀਂ ਜਾਵੇਗੀ । ਇਹ ਤਾਂ ਉਹ ਗੱਲ ਹੈ, “ਤੁਹਾਡਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ”। ਬਾਦਲ ਵਲੋਂ ਉਠਾਈ ਗਈ ਮੰਗ ਕਿ ਹੁਸੈਨੀਵਾਲਾ ਬਾਰਡਰ ਨੂੰ ਵਾਹਗਾ ਬਾਰਡਰ ਵਾਂਗ ਵਿਉਪਾਰਕ ਤੌਰ ਉਤੇ ਵੀ ਖੋਲ੍ਹਣ ਲਈ ਕੋਸ਼ਿਸ਼ ਕੀਤੀ ਜਾਵੇ, ਮੋਦੀ ਨੇ ਚੁਪ ਰਹਿਣਾ ਹੀ ਮੁਨਾਸਬ ਸਮਝਿਆ । ਚੇਤੇ ਰਹੇ ਕਿ 1971 ਦੀ ਭਾਰਤ-ਪਾਕਿਸਤਾਨ ਲੜਾਈ ਤੋਂ ਪਹਿਲਾਂ ਹੁਸੈਨੀਵਾਲਾ ਸਰਹਦ ਰਾਹੀਂ ਦੋਹਾਂ ਦੇਸ਼ਾਂ ਦਰਮਿਆਨ ਵਿਉਪਾਰ ਹੁੰਦਾ ਸੀ । ਜੇ ਇਹ ਰਸਤਾ ਖੁਲ੍ਹ ਜਾਂਦਾ ਹੈ, ਤਾਂ ਇਸ ਪੱਛੜੇ ਇਲਾਕੇ ਨੂੰ ਆਰਥਿਕ ਤੌਰ ਉਤੇ ਕਾਫ਼ੀ ਰਾਹਤ ਮਿਲ ਸਕਦੀ ਹੈ ।
ਇੱਥੇ ਕੁਝ ਹੋਰ ਮਸਲੇ ਵੀ ਹਨ, ਜੋ ਉਭਰ ਕੇ ਸਾਹਮਣੇ ਨਹੀਂ ਆਏ, ਹਾਲੇ ਤਕ ਉਹ ਦਬੀ ਅੱਗ ਵਾਂਗ ਹਨ । ਵੈਸੇ ਮੋਦੀ ਨੇ ਸਪਸ਼ਟ ਸ਼ਬਦਾਂ ਵਿਚ ਇਹ ਵੀ ਕਿਹਾ ਕਿ ਉਹ ਕੀੜੇ ਮਾਰ ਦੁਆਈਆਂ ਤੇ ਖਾਦਾਂ ਦੀ ਬੇਤਹਾਸ਼ਾ ਵਰਤੋਂ ਦੇ ਵਿਰੁਧ ਹੈ, ਪਰ ਪੰਜਾਬ ਵਿਚ ਖੇਤੀ ਬਾੜੀ ਯੂਨੀਵਰਸਿਟੀਆਂ ਵਲੋਂ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ । ਕਿਸਾਨ ਵੀ ਇਸ ਤੋਂ ਜਾਣੂ ਹੈ । ਇਨ੍ਹਾਂ ਤੋਂ ਬਚਣ ਦੇ ਸਾਧਨ ਤਾਂ ਹਨ, ਪਰ ਮੋਦੀ ਹਕੂਮਤ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਕਿਸਮ ਦਾ ਭਰੋਸਾ ਨਹੀਂ ਦੇਣਾ ਚਾਹੁੰਦੀ ਤੇ ਇਸ ਲਈ ਉਨ੍ਹਾਂ ਨੇ ਇਸ ਉਤੇ ਵੀ ਚੁੱਪ ਹੀ ਸਾਧ ਰਖੀ ।
ਦੇਸ਼ ਭਰ ਵਿਚ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਹੱਥਿਆਉਣ ਲਈ ਕਾਨੂੰਨ ਬਨਾਉਣ ਦਾ ਮਸਲਾ ਵੀ ਹਾਲੇ ਦੋਹਾਂ ਪਾਰਟੀਆਂ ਅਕਾਲੀਆਂ ਤੇ ਭਾਜਪਾਈਆਂ ਵਿਚ ਨਜਿਠਣ ਵਾਲਾ ਪਿਆ ਹੈ । ਉਹ ਵੀ ਹਾਲੇ ਤਕ ਕਿਸੇ ਸਿੱਟੇ ਉਤੇ ਨਹੀਂ ਪਹੁੰਚਿਆ। ਪਰ ਜਾਂਦੇ ਜਾਂਦੇ ਮੋਦੀ ਹੁਰੀਂ ਗੋਂਗਲੂਆਂ ਤੋਂ ਥੋੜੀ ਜੇਹੀ ਮਿਟੀ ਝਾੜ ਗਏ ਹਨ । ਉਹ ਇਹ ਕਿ ਅੰਮ੍ਰਿਤਸਰ ਵਿਚ ਤਜਵੀਜ਼ਸ਼ੁਦਾ ਕੇਂਦਰੀ ਹਾਰਟੀਕਲਚਰ ਇੰਸਟੀਚੂਅਟ ਦਾ ਨਾਮ ਭਗਤ ਸਿੰਘ ਸ਼ਹੀਦ ਦੇ ਨਾਮ ਉਤੇ ਰੱਖ ਦਿਤਾ ਜਾਵੇਗਾ । ਚਲੋ ਘਟੋ ਘੱਟ ਬਾਲ ਪਰਚਾਉਣ ਲਈ ਮੋਦੀ ਹੁਰੀਂ ਮੂੰਗਫਲੀ ਦੇ ਕੁਝ ਦਾਣੇ ਬਾਦਲਾਂ ਦੇ ਹੱਥ ਫੜਾ ਗਏ ਹਨ, ਜਿਸਨੂੰ ਬਾਦਲਕੇ ਥੋੜੀ ਦੇਰ ਲਈ ਚਬਾਉਂਦੇ ਰਹਿਣਗੇ, ਪੰਜਾਬ ਤੇ ਪੰਜਾਬੀਆਂ ਦੀਆਂ ਸਮਸਿਆਵਾਂ ਨੂੰ ਭੁੱਲ ਜਾਣਗੇ ਤੇ ਮੋਦੀ ਹਕੂਮਤ ਦੇ ਗੁਣ ਗਾਇਨ ਕਰਦੇ ਰਹਿਣਗੇ ।