ਫ਼ਤਹਿਗੜ੍ਹ ਸਾਹਿਬ – “1984 ਵਿਚ ਹਿੰਦੂਤਵ ਹੁਕਮਰਾਨਾਂ ਵੱਲੋਂ ਨਿਰਦੋਸ਼ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ, ਉਹਨਾਂ ਉਤੇ ਸਾਜ਼ਸੀ ਢੰਗ ਨਾਲ ਕਤਲੇਆਮ ਕਰਨ ਦੀਆਂ ਗੈਰ-ਵਿਧਾਨਿਕ ਅਤੇ ਗੈਰ ਸਮਾਜਿਕ ਕਾਰਵਾਈਆਂ ਕੀਤੀਆਂ ਗਈਆਂ ਸਨ । ਜਿਨ੍ਹਾਂ ਵਿਚ ਹੋਰਨਾਂ ਤੋ ਇਲਾਵਾ ਕਾਂਗਰਸੀ ਆਗੂ ਜਗਦੀਸ ਟਾਈਟਲਰ ਸਿੱਖ ਕੌਮ ਦੇ ਕਾਤਲ ਵੱਜੋ ਸਾਹਮਣੇ ਆਇਆ ਹੈ ਅਤੇ ਕਤਲ ਹੋਣ ਵਾਲੇ ਪਰਿਵਾਰਾਂ ਦੇ ਮੈਬਰਾਂ ਨੇ ਜਗਦੀਸ ਟਾਈਟਲਰ ਦੀ ਕਈ ਵਾਰ ਅਦਾਲਤਾਂ ਵਿਚ ਪਹਿਚਾਣ ਵੀ ਕੀਤੀ ਹੈ ਅਤੇ ਗਵਾਹੀਆਂ ਵੀ ਦਰਜ ਕਰਵਾਈਆਂ ਹਨ । ਪਰ ਇਸ ਦੇ ਬਾਵਜੂਦ ਵੀ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੇ ਉਪਰੋਕਤ ਕਾਤਲ ਜਗਦੀਸ ਟਾਈਟਲਰ ਨੂੰ ਕਾਨੂੰਨੀ ਸਜ਼ਾਵਾਂ ਤੋ ਬਚਾਉਣ ਲਈ “ਚੋਰ ਦਰਵਾਜਿਓ” ਅਸਫ਼ਲ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ । ਅਜਿਹੇ ਅਮਲ ਹਿੰਦ ਦੇ ਵਿਧਾਨ, ਇਨਸਾਫ਼ ਦੀ ਆਵਾਜ਼ ਦਾ ਘਾਣ ਕਰਨ ਵਾਲੇ ਹਨ । ਜੋ ਸੀ.ਬੀ.ਆਈ. ਵੱਲੋ ਉਪਰੋਕਤ ਕਾਤਲ ਨੂੰ ਤੀਜੀ ਵਾਰ ਕਲੀਨ ਚਿੱਟ ਦਿੱਤੀ ਗਈ ਹੈ, ਇਹ ਸਿੱਖ ਕੌਮ ਦੇ ਅੱਲੇ ਜਖ਼ਮਾਂ ਉਤੇ ਲੂਣ ਛਿੜਕਣ ਦੀ ਅਤਿ ਦੁੱਖਦਾਇਕ ਅਸਹਿ ਕਾਰਵਾਈ ਹੈ । ਜਿਸ ਨੂੰ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗੀ ਅਤੇ ਸਿੱਖ ਕੌਮ ਵਿਚ ਇਸ ਮੁੱਦੇ ਤੇ ਉੱਠਣ ਵਾਲੇ ਰੋਸ ਨੂੰ ਹੁਕਮਰਾਨ ਕਾਬੂ ਨਹੀਂ ਕਰ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੀ.ਬੀ.ਆਈ. ਵੱਲੋ ਸਿੱਖ ਕੌਮ ਦੇ ਉਪਰੋਕਤ ਕਾਤਲ ਨੂੰ ਕਲੀਨ ਚਿੱਟ ਦੇਣ ਦੇ ਕੀਤੇ ਗਏ ਅਮਲ ਉਤੇ ਡੂੰਘਾਂ ਦੁੱਖ ਅਤੇ ਅਫਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸ ਕਤਲੇਆਮ ਨੂੰ ਹੋਇਆ ਕੋਈ 30 ਸਾਲ ਦਾ ਸਮਾਂ ਬੀਤ ਚੁੱਕਾ ਹੈ । ਐਨੇ ਲੰਮੇ ਸਮੇ ਬਾਅਦ ਸਿੱਖ ਕੌਮ ਦੇ ਕਾਤਲਾਂ ਦੀ ਪਹਿਚਾਣ ਨਾ ਕਰਨਾ ਅਤੇ ਉਹਨਾਂ ਨੂੰ ਹਿੰਦ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਨਾ ਦੇਣ ਦੇ ਅਮਲ ਸਿੱਖ ਕੌਮ ਨਾਲ ਘੋਰ ਵਿਤਕਰੇ ਅਤੇ ਬੇਇਨਸਾਫ਼ੀਆਂ ਨੂੰ ਪ੍ਰਗਟਾਉਦੇ ਹਨ । ਅਜਿਹੀਆ ਕਾਰਵਾਈਆਂ ਸਿੱਖ ਕੌਮ ਵਿਚ ਬੇਗਾਨਗੀ ਦੀ ਭਾਵਨਾ ਨੂੰ ਮਜ਼ਬੂਤ ਕਰ ਰਹੀਆਂ ਹਨ । ਜਿਸ ਨਾਲ ਹਿੰਦ ਵਿਚ ਵੱਸਣ ਵਾਲੀਆਂ ਦੂਸਰੀਆਂ ਘੱਟ ਗਿਣਤੀ ਕੌਮਾਂ ਦੇ ਮਨ-ਆਤਮਾ ਵਿਚ ਵੀ ਇਨਸਾਫ਼ ਨਾ ਮਿਲਣ ਦੀ ਬਦੌਲਤ ਦਹਿਸਤ ਅਤੇ ਵੱਡੇ ਪੱਧਰ ਤੇ ਰੋਸ ਉਤਪੰਨ ਹੋ ਰਿਹਾ ਹੈ । ਜਿਸ ਨਾਲ ਇਥੋ ਦੇ ਮਾਹੌਲ ਨੂੰ ਸਥਾਈ ਤੌਰ ਤੇ ਅਮਨ ਵਾਲਾ ਅਤੇ ਜ਼ਮਹੂਰੀਅਤ ਵਾਲਾ ਕਾਇਮ ਰੱਖਣਾ ਅਤਿ ਮੁਸ਼ਕਿਲ ਹੋ ਜਾਵੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਸਾਜਿ਼ਸ ਤੋ ਪ੍ਰੇਰਿਤ ਹੋਏ ਸਿੱਖ ਵਿਰੋਧੀ ਅਮਲ ਦੀ ਪੁਰਜੋਰ ਨਿਖੇਧੀ ਕਰਦਾ ਹੋਇਆ ਹਿੰਦੂਤਵ ਹੁਕਮਰਾਨਾਂ, ਜਾਂਚ ਏਜੰਸੀਆਂ ਅਤੇ ਅਦਾਲਤਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਸਿੱਖ ਕੌਮ ਨੂੰ ਇਨਸਾਫ਼ ਨਾ ਦੇ ਕੇ ਖੁਦ ਹੀ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਨਾ ਬਣਾਉਣ ਤਾ ਬਹਿਤਰ ਹੋਵੇਗਾ । ਸ. ਮਾਨ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਨੂੰ ਹਿੰਦੂਤਵ ਹੁਕਮਰਾਨਾਂ ਅਤੇ ਅਦਾਲਤਾਂ ਦੇ ਪੱਖਪਾਤੀ ਫੈਸਲਿਆ ਪ੍ਰਤੀ ਪਹਿਲੋ ਹੀ ਬੇਵਿਸ਼ਵਾਸੀ ਬਣੀ ਹੋਈ ਹੈ । ਜੋ ਸੀ.ਬੀ.ਆਈ. ਨੇ ਸਿੱਖ ਕੌਮ ਦੇ ਉਪਰੋਕਤ ਕਾਤਲ ਨੂੰ ਕਲੀਨ ਚਿੱਟ ਦੇਣ ਦਾ ਦੁੱਖਦਾਇਕ ਅਮਲ ਕੀਤਾ ਹੈ, ਇਸ ਨਾਲ ਸਿੱਖ ਕੌਮ ਦੇ ਮਨਾਂ ਅਤੇ ਆਤਮਾਂ ਵਿਚ ਬਹੁਤ ਵੱਡੀ ਬੇਚੈਨੀ ਅਤੇ ਰੋਸ ਪੈਦਾ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ । ਜਿਸ ਦੇ ਨਿਕਲਣ ਵਾਲੇ ਨਤੀਜਿਆ ਲਈ ਹਿੰਦੂਤਵ ਹੁਕਮਰਾਨ, ਸੀ.ਬੀ.ਆਈ. ਅਤੇ ਇਥੋ ਦੀਆਂ ਅਦਾਲਤਾਂ ਦੇ ਪੱਖਪਾਤੀ ਫੈਸਲੇ ਜਿ਼ੰਮੇਵਾਰ ਹੋਣਗੇ ।