ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿੱਚ ਪਿੱਛਲੇ ਕੁਝ ਅਰਸੇ ਤੋਂ ਉਚ ਪੱਧਰ ਤੇ ਮੱਤਭੇਦ ਚੱਲ ਰਹੇ ਸਨ, ਜੋ ਕਿ ਹੁਣ ਖੁਲ੍ਹ ਕੇ ਸਾਹਮਣੇ ਆ ਗਏ ਹਨ। ਆਪ ਨੇ ਪਾਰਟੀ ਦੇ ਮਹੱਤਵਪੂਰਣ ਨੇਤਾਵਾਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਸਮੇਤ ਚਾਰ ਮੈਂਬਰਾਂ ਨੂੰ ਰਾਸ਼ਟਰੀ ਕਾਰਜਕਾਰਣੀ ਕਮੇਟੀ ਤੋਂ ਬਾਹਰ ਕੱਢ ਦਿੱਤਾ ਹੈ।
ਰਾਸ਼ਟਰੀ ਕਾਰਜਕਾਰਣੀ ਦੀ ਬੈਠਕ ਵਿੱਚ ਉਸ ਸਮੇਂ 300 ਦੇ ਕਰੀਬ ਲੋਕ ਮੌਜੂਦ ਸਨ, ਜਦੋਂ ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੌਦੀਆ ਨੇ ਭੂਸ਼ਣ ਅਤੇ ਯੋਗੇਂਦਰ ਯਾਦਵ ਨੂੰ ਹਟਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਤੇ ਪਾਰਟੀ ਦੇ ਸਿਧਾਂਤਾਂ ਤੋਂ ਦੂਰ ਜਾਣ ਦਾ ਆਰੋਪ ਲਗਾਇਆ ਗਿਆ। ਆਪ ਵੱਲੋਂ ਉਨ੍ਹਾਂ ਤੇ ਦਿੱਲੀ ਚੋਣਾਂ ਦੌਰਾਨ ਪਾਰਟੀ ਨੂੰ ਹਰਾਉਣ ਦਾ ਵੀ ਆਰੋਪ ਲਗਾਇਆ ਗਿਆ। ਰਾਸ਼ਟਰੀ ਕਾਰਜਕਾਰਣੀ ਦੇ 247 ਮੈਂਬਰਾਂ ਨੇ ਇਨ੍ਹਾਂ ਚਾਰ ਮੈਂਬਰਾਂ ਨੂੰ ਹਟਾਉਣ ਦੇ ਪੱਖ ਵਿੱਚ ਵੋਟ ਦਿੱਤਾ ਅਤੇ ਸਿਰਫ਼ 8 ਮੈਂਬਰਾਂ ਨੇ ਹੀ ਵਿਰੋਧ ਵਿੱਚ ਵੋਟ ਦਿੱਤਾ। 54 ਮੈਂਬਰਾਂ ਨੇ ਕਿਸੇ ਪਾਸੇ ਵੀ ਵੋਟ ਨਹੀਂ ਦਿੱਤਾ।
ਯੋਗੇਂਦਰ ਨੇ ਦਾਅਵੇ ਨਾਲ ਕਿਹਾ ਹੈ ਕਿ ਉਨ੍ਹਾਂ ਨੂੰ ਹਟਾਉਣ ਲਈ ਵੋਟਿੰਗ ਸਹੀ ਢੰਗ ਨਾਲ ਨਹੀਂ ਹੋਈ। ਉਨ੍ਹਾਂ ਅਨੁਸਾਰ ਇਹ ਲੋਕਤੰਤਰ ਦੀ ਹੱਤਿਆ ਹੈ। ਭੂਸ਼ਣ ਨੇ ਵੀ ਕਿਹਾ ਕਿ ਇਹ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਰਟੀ ਨਹੀਂ ਛਡਾਂਗੇ ਅਤੇ ਨਾਂ ਹੀ ਪਾਰਟੀ ਨੂੰ ਤੋੜਾਂਗੇ।