ਨਵੀਂ ਦਿੱਲੀ- ਇਥੇ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ 1031 ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਬਾਰਾ ਸ਼ੁਰੂ ਕੀਤਾ। ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਾਰ ਕਰਦੇ ਹੋਏ ਕਿਹਾ ਕਿ ਅਸੀਂ ਜੁਮਲੇ ਨਹੀਂ ਕਹਿੰਦੇ, ਵਾਅਦੇ ਪੂਰੇ ਕਰਦੇ ਹਾਂ।” ਜਿ਼ਕਰਯੋਗ ਹੈ ਕਿ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵਲੋਂ ਚੋਣਾਂ ਦੌਰਾਨ ਦਿੱਤੇ ਗਏ ਇਕ ਬਿਆਨ ਜਿਸ ਵਿਚ ਸ਼ਾਹ ਨੇ ਕਿਹਾ ਸੀ ਕਿ ਕਾਲਾ ਧਨ ਦੇਸ਼ ਵਿਚ ਵਾਪਸ ਲਿਆਂਦਾ ਜਾਵੇਗਾ ਅਤੇ ਹਰੇਕ ਭਾਰਤੀ ਦੇ ਖਾਤੇ ਵਿਚ 15-15 ਲਖ ਰੁਪਦੇ ਜਮ੍ਹਾਂ ਕਰਾਏ ਜਾਣਗੇ। ਇਸਨੂੰ ਕੇਜਰੀਵਾਲ ਨੇ ਇਕ ਚੋਣਾਂ ਦਾ ਜੁਮਲਾ ਕਿਹਾ।
ਕੇਜਰੀਵਾਲ ਸਰਕਾਰ ਵਲੋਂ ਰੀਲਾਂਚ ਕੀਤੀ ਗਈ ਇਸ ਹੈਲਪਲਾਈਨ ਰਾਹੀਂ ਲੋਕੀਂ ਸਰਕਾਰੀ ਮੁਲਾਜ਼ਮਾਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਸਿ਼ਕਾਇਤ ਕਰ ਸਕਣਗੇ। ਇਸਤੋਂ ਪਹਿਲਾਂ ਇਹ ਹੈਲਪਲਾਈਨ ਪਿਛਲੀ ਕੇਜਰੀਵਾਲ ਸਰਕਾਰ ਵਲੋਂ 2013 ਦੌਰਾਨ ਸ਼ੁਰੂ ਕੀਤੀ ਗਈ ਸੀ।
ਇਸ ਮੌਕੇ ‘ਤੇ ਬੋਲਦੇ ਹੋਏ ਕੇਜਰੀਵਾਲ ਨੇ ਮੋਦੀ ਸਰਕਾਰ ‘ਤੇ ਇਲਜ਼ਾਮ ਲਾਇਆ ਕਿ ਉਹ ਰਿਲਾਇੰਸ ਇੰਡਸਟਰੀ ਦੇ ਮੁੱਖੀ ਮੁਕੇਸ਼ ਅੰਬਾਨੀ ਨੂੰ ਬਚਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਤਿੰਨ ਵਾਅਦੇ ਦਿੱਲੀ ਦੀ ਜਨਤਾ ਨਾਲ ਕੀਤੇ ਸਨ। ਜਿਨ੍ਹਾਂ ਚੋਂ ਦੋ ਵਾਅਦੇ ਅਸੀਂ ਪਹਿਲਾਂ ਪੂਰੇ ਕਰ ਦਿੱਤੇ ਸਨ ਅਤੇ ਤੀਜਾ ਵਾਅਦਾ ਅੱਜ ਪੂਰਾ ਕਰ ਰਹੇ ਹਾਂ। ਇਹ ਤਿੰਨ ਵਾਅਦੇ ਸਨ ਕਿ ਸਰਕਾਰ ਲੋਕਾਂ ਨੂੰ ਬਿਜਲੀ ਅੱਧੇ ਮੁੱਲ ‘ਤੇ ਦੇਵੇਗੀ, ਪਾਣੀ ਮੁਫ਼ਤ ਮੁਹੱਈਆ ਕਰਾਇਆ ਜਾਵੇਗਾ ਅਤੇ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ।
ਇਸ ਹੈਲਪਲਾਈਨ ਦੌਰਾਨ ਲੋਕਾਂ ਵਲੋਂ ਕੀਤੀਆਂ ਗਈਆਂ ਸਿ਼ਕਾਇਤਾਂ ਦੇ ਆਧਾਰ ‘ਤੇ ਛਾਪੇ ਮਾਰੇ ਜਾਣਗੇ। ਸਿ਼ਕਾਇਤ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਦੋਸ਼ੀ ਮੁਲਾਜ਼ਮ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਇਹ ਕਾਲ ਸਹੀ ਵਿਅਕਤੀ ਵਲੋਂ ਕੀਤੀ ਜਾ ਰਹੀ ਹੈ ਇਸਦੀ ਪ੍ਰਮਾਣਿਕਤਾ ਲਈ ਸਿ਼ਕਾਇਤ ਕਰਤਾ ਨੂੰ ਦੁਬਾਰਾ ਕਾਲ ਕੀਤੀ ਜਾਵੇਗੀ। ਇਸ ਦੌਰਾਨ ਐਂਟੀ ਕੁਰਪਸ਼ਨ ਏਪ ਸ਼ੁਰੂ ਕੀਤਾ ਜਾਵੇਗਾ। ਸਟਿੰਗ ਦੀ ਆਡੀਓ ਵੀਡੀਓ ਰਿਕਾਰਡਿੰਗ ਦੀ ਸੁਵਿਧਾ ਹੋਵੇਗੀ।