ਅੰਮ੍ਰਿਤਸਰ: – “ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥” ਦੇ ਮਹਾਂਵਾਕ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗੇ ਸਰਵਉੱਚ ਪਾਵਨ ਅਸਥਾਨ ਵਰਗਾ ਕੋਈ ਹੋਰ ਅਸਥਾਨ ਨਹੀਂ ਹੋ ਸਕਦਾ। ਜੇ ਕੋਈ ਅਜਿਹੇ ਪਾਵਨ ਅਸਥਾਨ ਦੀ ਨਕਲ ਕਰਕੇ ਜਾਂ ਇਸ ਵਰਗਾ ਕੋਈ ਅਸਥਾਨ ਉਸਾਰ ਰਿਹਾ ਹੈ ਤਾਂ ਇਹ ਸਿੱਖ ਜਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਗੁਰੂ ਸਾਹਿਬ ਦੇ ਨਿਰਾਦਰ ਦੇ ਤੁਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਰਨਾਲਾ-ਸੰਗਰੂਰ ਰੋਡ ’ਤੇ ਮਸਤੂਆਣਾ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਅਧੀਨ ਇਮਾਰਤ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਗਤੀ ਤੇ ਸ਼ਕਤੀ ਦੇ ਸੋਮੇ ਅਤੇ ਰੂਹਾਨੀਅਤ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਸਾਹਿਬਾਨ ਦੀ ਦੇਣ ਹਨ ਇਨ੍ਹਾਂ ਪਾਵਨ ਅਸਥਾਨਾਂ ਨੂੰ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਤਿਆਰ ਕਰਵਾਇਆ ਅਤੇ ਅਜਿਹੇ ਪਾਵਨ ਅਸਥਾਨਾਂ ਵਰਗਾ ਹੋਰ ਅਸਥਾਨ ਤਿਆਰ ਕਰਨਾ, ਇਨ੍ਹਾਂ ਪਾਵਨ ਅਸਥਾਨਾਂ ਦੀ ਬਰਾਬਰੀ ਕਰਨਾ ਬਹੁਤ ਹੀ ਦੁਖਦਾਈ ਤੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਨਾਲ ਕਿਸੇ ਹੋਰ ਇਮਾਰਤ ਦੀ ਕਦਾਚਿਤ ਬ੍ਰਾਬਰੀ ਨਹੀਂ ਕੀਤੀ ਜਾ ਸਕਦੀ। ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੀ ਇਸ ਕਾਰਵਾਈ ਦੀ ਤੁਰੰਤ ਪੜਤਾਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ (ਐਡਵੋਕੇਟ), ਅੰਤਿੰ੍ਰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ ਤੇ ਸੰਤ ਟੇਕ ਸਿੰਘ ਧਨੌਲਾ ’ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ. ਰੂਪ ਸਿੰਘ ਕਮੇਟੀ ਨੂੰ ਕੋਆਰਡੀਨੇਟ ਕਰਨਗੇ ਅਤੇ ਕਮੇਟੀ ਨੂੰ 24 ਘੰਟੇ ਦੇ ਵਿਚ-ਵਿਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਸਿੱਖ ਸ਼ਕਤੀ ਨੂੰ ਵੰਡਣ ਦੀ ਭਾਵਨਾ ਨਾਲ ਕਿਸੇ ਸਾਜਿਸ਼ ਵੱਸ ਕੀਤੀ ਜਾ ਰਹੀ ਹੈ ਜਿਸ ਨੂੰ ਸਿੱਖ ਸੰਗਤਾਂ ਕਦੇ ਵੀ ਬ੍ਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਪੰਜ ਸਿੰਘ ਸਾਹਿਬਾਨ ਨੂੰ ਇਸ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਬੰਧਤਾਂ ਵਿਰੁੱਧ ਤੁਰੰਤ ਕਾਰਵਾਈ ਕੀਤੇ ਜਾਣ ਦੀ ਅਪੀਲ ਕੀਤੀ।