ਨਵੀਂ ਦਿੱਲੀ : ਦਿੱਲੀ ਵਿਖੇ ਆਪਣੇ ਹੱਕਾਂ ਦੀ ਲਈ ਲੜਾਈ ਲੜਨ ਆਉਂਦੇ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਕਾਰਕੂੰਨਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਜ਼ਾਨਾ ਪਧੱਰੀ ਦੁਪਹਿਰ ਦੇ ਲੰਗਰ ਦੀ ਸੇਵਾ ਦੀ ਸ਼ੁਰੂਆਤ ਅੱਜ ਜੰਤਰ ਮੰਤਰ ਵਿਖੇ ਕੀਤੀ ਗਈ ਹੈ। ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਰਦਾਸ ਉਪਰੰਤ ਇਸ ਸੇਵਾ ਦੀ ਸ਼ੁਰੂਆਤ ਕੀਤੀ। ਇਸ ਸੇਵਾ ਨੂੰ ਸ਼ੁਰੂ ਕਰਨ ਦੇ ਕਾਰਣਾ ਬਾਰੇ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੁੂ ਨਾਨਕ ਦੇਵ ਜੀ ਵੱਲੋਂ ਭੁੂੱਖੇ ਸਾਧੂਆਂ ਨੂੰ ਲੰਗਰ ਛਕਾਕੇ ਸਿੱਖ ਧਰਮ ‘ਚ ਲੰਗਰ ਦੀ ਮਰਿਯਾਦਾ ਸ਼ੁਰੂ ਕਰਨ ਦੇ ਫਲਸਫੇ ਨੂੰ ਧਿਆਨ ‘ਚ ਰੱਖਦੇ ਹੋਏ ਕਮੇਟੀ ਵੱਲੋਂ ਉਕਤ ਸੇਵਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜੰਤਰ ਮੰਤਰ ਤੇ ਹੀ ਇਸ ਸੇਵਾ ਨੂੰ ਸ਼ੁਰੂ ਕਰਨ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਦੇਸ਼ ਭਰ ਚੋਂ ਆਪਣੇ ਹੱਕਾਂ ਤੇ ਮੰਗਾ ਨੂੰ ਲੈ ਕੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਵਾਸਤੇ ਆਉਂਦੇ ਸਮਾਜਿਕ ਅਤੇ ਸਿਆਸੀ ਕਾਰਕੂੰਨਾ ਨੂੰ ਦਿੱਲੀ ‘ਚ ਸਿਰਫ ਜੰਤਰ ਮੰਤਰ ਤੇ ਹੀ ਧਰਨਾ ਅਤੇ ਪ੍ਰਦਰਸ਼ਨ ਕਰਨ ਦੀ ਮੰਜ਼ੂਰੀ ਸਥਾਨਿਕ ਪੁਲਿਸ ਵੱਲੋਂ ਦਿੱਤੀ ਹੋਈ ਹੈ। ਇਸ ਕਰਕੇ ਅਕਸਰ ਆਪਣੀ ਮੰਗਾ ਨੂੰ ਪੂਰਾ ਨਾ ਹੁੰਦਾ ਦੇਖ ਕੇ ਧਰਨਾਕਾਰੀਆਂ ਵੱਲੋਂ ਕਈ-ਕਈ ਮਹੀਨਿਆ ਤੱਕ ਇਸ ਸਥਾਨ ਤੇ ਧਰਨੇ ਦਿੱਤੇ ਜਾ ਰਹੇ ਹਨ। ਜਿਸ ਕਰਕੇ ਤੰਗਹਾਲੀ ਦਾ ਸ਼ਿਕਾਰ ਹੋਏ ਇੰਸਾਫ ਪਸੰਦਾ ਨੂੰ ਬੜੀ ਤਕਲੀਫ ਝਲਨੀ ਪੈਂਦੀ ਹੈ।
ਸਿਰਸਾ ਨੇ ਦਾਅਵਾ ਕੀਤਾ ਕਿ ਪਹਿਲੇ ਵੀ ਸੰਸਦ ਦੀ ਕਾਰਵਾਹੀ ਦੌਰਾਨ ਜੰਤਰ ਮੰਤਰ ਤੇ ਅਕਸਰ ਹੋਣ ਵਾਲੇ ਪ੍ਰਦਰਸ਼ਨਾ ‘ਚ ਸ਼ਾਮਿਲ ਹੁੰਦੇ ਹਜ਼ਾਰਾ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੂੰਨ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲੰਗਰ ਛੱਕਦੇ ਸੀ, ਪਰ ਹੁਣ ਕਮੇਟੀ ਵੱਲੋਂ ਰੋਜ਼ਾਨਾ ਦਿੱਲੀ ਕਮੇਟੀ ਦੇ ਕਿਸੇ ਇਕ ਮੈਂਬਰ ਦੀ ਨਿਗਰਾਨੀ ਹੇਠ ਲੰਗਰ ਭੇਜ ਕੇ ਦੋਪਹਿਰ 12 ਤੋਂ 1 ਵਜ੍ਹੇ ਤੱਕ ਪੰਗਤਾਂ ‘ਚ ਛਕਾਇਆ ਜਾਵੇਗਾ। ਤਾਂਕਿ ਇਨਸਾਫ ਪਸੰਦਾ ਦੀ ਜਮੁਹਰੀ ਲੜਾਈ ‘ਚ ਦਿੱਲੀ ਕਮੇਟੀ ਸਿੱਖ ਧਰਮ ਦੇ ਵਿਸ਼ਾਲ ਵਿਰਸੇ ਤੋਂ ਪ੍ਰੇਰਣਾ ਲੈਂਦੀ ਹੋਈ ਆਪਣਾ ਹਿੱਸਾ ਪਾ ਸਕੇ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਪਰਮਜੀਤ ਸਿੰਘ ਰਾਣਾ, ਚਮਨ ਸਿੰਘ, ਰਵੇਲ ਸਿੰਘ, ਪਰਮਜੀਤ ਸਿੰਘ ਚੰਢੋਕ, ਬੀਬੀ ਧੀਰਜ ਕੌਰ, ਹਰਦੇਵ ਸਿੰਘ ਧਨੋਆ, ਦਰਸ਼ਨ ਸਿੰਘ, ਗੁਰਬਚਨ ਸਿੰਘ ਚੀਮਾ ਅਤੇ ਅਕਾਲੀ ਆਗੂ ਹਰਚਰਣ ਸਿੰਘ ਗੁਲਸ਼ਨ ਮੌਜੂਦ ਸਨ।