ਜਲੰਧਰ- ਪੰਜਾਬ ਵਿਚ ਵਿਧਾਨਸਭਾ ਦੀ ਉਪਚੋਣ ਹਲਕਾ ਨੂਰ ਮਹਿਲ ਤੋਂ ਜਿੱਤ ਪ੍ਰਾਪਤ ਕਰਨ ਲਈ ਦਲਿਤ ਵੋਟਰਾਂ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਬਾਦਲ ਦਲ ਆਪਣਾ ਪੂਰਾ ਜੋਰ ਲਗਾ ਰਿਹਾ ਹੈ। ਦਲਿਤ ਵੋਟਰਾਂ ਨਾਲ ਸੰਪਰਕ ਰੱਖਣ ਲਈ ਅਕਾਲੀ ਦਲ ਨੇ ਦਲਿਤ ਵਰਗ ਨਾਲ ਸਬੰਧਤ ਮੰਤਰੀਆਂ, ਸੰਸਦ ਮੈਂਬਰਾਂ ਅਤੇ ਮੁੱਖ ਆਗੂਆਂ ਨੂੰ ਪਰਚਾਰ ਲਈ ਨੂਰ ਮਹਿਲ ਵਿਚ ਉਤਾਰਿਆ ਹੈ। ਇਨ੍ਹਾਂ ਵਿਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ, ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸਰਵਣ ਸਿੰਘ ਫਿਲੌਰ, ਅਵਿਨਾਸ਼ ਚੰਦਰ, ਮਹਿੰਦਰ ਕੌਰ ਜੋਸ਼, ਦੇਸਰਾਜ ਧੁਗਾ, ਪਵਨ ਟੀਨੂ, ਦਰਸ਼ਨ ਸਿੰਘ ਜੇਠੂਮਾਜ਼ਰਾ ਸ਼ਾਮਿਲ ਹਨ। ਨੇਤਾ ਘਰ-ਘਰ ਜਾ ਕੇ ਸਮਰਥਨ ਹਾਸਿਲ ਕਰਨ ਵਿਚ ਲਗੇ ਹੋਏ ਹਨ।
ਮੁੱਖਮੰਤਰੀ ਵਲੋਂ ਪੂਰੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਬਸਪਾ ਦੇ ਵੋਟ ਉਨ੍ਹਾਂ ਦੇ ਖਾਤੇ ਵਿਚ ਆ ਜਾਣ। ਇਸ ਸਬੰਧ ਵਿਚ ਬਸਪਾ ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹੁਣੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਵਿਚ ਬਸਪਾ ਨੂੰ ਨੂਰਮਹਿਲ ਹਲਕੇ ਤੋਂ 17 ਹਜ਼ਾਰ ਵੋਟ ਪਏ ਹਨ। ਇਸ ਲਈ ਇਨ੍ਹਾਂ ਵੋਟਾਂ ਨੂੰ ਹਾਸਿਲ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।