ਨਵੀਂ ਦਿੱਲੀ- ਰਾਜਦ ਮੁੱਖੀ ਲਾਲੂ ਪ੍ਰਸ਼ਾਦ ਯਾਦਵ ਨੂੰ ਲੋਕ ਸੱਭਾ ਵਿਚ ਮਿਲੀ ਕਰਾਰੀ ਹਾਰ ਦੇ ਬਾਵਜੂਦ ਉਨ੍ਹਾ ਦੇ ਮਜ਼ਾਕੀਆ ਅੰਦਾਜ਼ ਵਿਚ ਕੋਈ ਫਰਕ ਨਹੀਂ ਆਇਆ। ਮੰਗਲਵਾਰ ਨੂੰ ਉਹ ਆਪਣੇ ਪੁਰਾਣੇ ਰੂਪ ਵਿਚ ਨਜ਼ਰ ਆਏ ਅਤੇ ਸਦਨ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲ ਵੇਖ ਕੇ ਗੁਣਗੁਣਾਉਣ ਲਗ ਪਏ, “ਮਤਲਬ ਨਿਕਲ ਗਿਆ ਤੋ ਪਹਿਚਾਨਤੇ ਨਹੀਂ।” ਲਾਲੂ ਯਾਦਵ ਦੀ ਇਸ ਟਿਪਣੀ ਤੇ ਸੋਨੀਆ ਸਮੇਤ ਸਾਰਾ ਸਦਨ ਠਹਾਕਿਆਂ ਨਾਲ ਗੂੰਜ ਉਠਿਆ। ਗਾਣੇ ਦੀਆਂ ਇਹ ਸਤਰਾਂ ਬੋਲਣ ਤੋਂ ਬਾਅਦ ਲਾਲੂ ਨੇ ਇਹ ਸਫਾਈ ਦਿਤੀ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਕੋਈ ਸਿ਼ਕਾਇਤ ਨਹੀਂ ਹੈ। ਇਹ ਦੋਵੈਂ ਹੀ ਬਹੁਤ ਭਲੇ ਲੋਕ ਹਨ। ਉਨ੍ਹਾਂ ਨੇ ਕਿਹਾ, “ਮੈਂ ਟੀਟੀਐਮ ਨਹੀਂ ਕਰ ਰਿਹਾ , ਇਹ ਸਚਾਈ ਹੈ।” ਉਨ੍ਹਾਂ ਨੂੰ ਸਿ਼ਕਾਇਤ ਹੈ ਤਾਂ ਟੀਟੀਐਮ ਤੋਂ ਹੈ। ਟੀਟੀਐਮ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਨੇ ਕਿਹਾ ਇਸਦਾ ਅੱਰਥ ਹੈ “ ਤਾਬੜਤੋੜ ਤੇਲ ਮਾਲਿਸ਼” ਕਰਨ ਵਾਲਿਆਂ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਹਰ ਪਾਰਟੀ ਵਿਚ ਟੀਟੀਐਮ ਹੁੰਦੇ ਹਨ। ਉਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਪਾਰਲੀਮੈਂਟ ਹਾਊਸ ਵਿਚ ਲਾਲੂ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਉਹ ਕਾਂਗਰਸ ਦੇ ਫਰੀਲਾਂਸਰ ਰਹੇ ਹਨ ਅਤੇ ਹੁਣ ਮੈਂ ਇਥੇ ਬੈਠਾ ਹਾਂ। ਉਨ੍ਹਾਂ ਨੇ ਸੋਨੀਆ ਗਾਂਧੀ ਵਲ ਵੇਖਦੇ ਹੋਏ ਕਿਹਾ ਕਿ ਇਥੇ ਮੈਨੂੰ ਉਨ੍ਹਾਂ ਨੇ ਨਹੀਂ ਬਿਠਾਇਆ, ਜਨਤਾ ਨੇ ਬਿਠਾਇਆ ਹੈ। ਸਾਨੂੰ ਚਾਰ ਸੀਟਾਂ ਮਿਲੀਆਂ ਹਨ। ਠਹਾਕਿਆਂ ਦੀ ਗੂੰਜ ਵਿਚ ਉਨ੍ਹਾਂ ਨੇ ਕਿਹਾ, “ਅਸੀਂ ਸੀਪੀਆਈ ਦੇ ਬਰਾਬਰ ਹੋ ਗਏ ਹਾਂ, ਉਨ੍ਹਾਂ ਨੂੰ ਵੀ ਚਾਰ ਸੀਟਾਂ ਤੇ ਆ ਗਏ ਹਨ।” ਦਿੱਲੀ ਮਾਇਆ ਦੀ ਨਗਰੀ ਹੈ। ਕਿੰਨੇ ਬਾਹਰ ਤੋਂ ਆਏ ਅਤੇ ਖਤਮ ਹੋ ਗਏ। ਉਨ੍ਹਾਂ ਨੇ ਫਿਰ ਆਪਣੇ ਅੰਦਾਜ਼ ਵਿਚ ਕਿਹਾ, “ਦੂਲ੍ਹਾ ਮਰ ਗਿਆ ਦੁਲਹਨ ਮਰ ਗਈ, ਮਰ ਗਈ ਬੁਢੀ ਦਾਦੀ……ਕ੍ਰਿਸ਼ਨ ਚਲੇ ਗਏ ਰਾਮ ਚਲੇ ਔਰ ਚਲੇ ਗਏ ਰਹੀੰਮ।” ਭਾਜਪਾ ਦੇ ਪ੍ਰਧਾਨਮੰਤਰੀ ਬਣਨ ਦੀ ਉਮੀਦ ਰੱਖਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਵਲ ਵੇਖ ਕੇ ਲਾਲੂ ਕਹਿਣ ਲਗੇ, “ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਪੀ ਐਮ ਬਣਨਾ ਤੁਹਾਡੀ ਕੁੰਡਲੀ ਵਿਚ ਨਹੀਂ ਹੈ।” ਉਨ੍ਹਾਂ ਦੇ ਇਹ ਕਹਿਣ ਤੇ ਅਡਵਾਨੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਫਿਰ ਲਾਲੂ ਪ੍ਰਧਾਨਮੰਤਰੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਦੇ ਕਈ ਨੇਤਾਵਾਂ ਵਲੋਂ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਸਾਨੂੰ ਕੋਈ ਲਾਲਚ ਨਹੀਂ ਹੈ ਪਰ ਕੋਈ ਸਾਡੇ ਸਵਾਅਭਿਮਾਨ ਨੂੰ ਸੱਟ ਮਾਰੇਗਾ ਤਾਂ ਇਹ ਬਰਦਾਸ਼ਤ ਤੋਂ ਬਾਹਰ ਹੈ।