ਨਵੀਂ ਦਿੱਲੀ :- ਬੀਤੇ ਦਿਨੀ ਗੁਰਬਾਣੀ ਕੀਰਤਨ ਗਾਇਨ ਕਰਦੇ ਅਕਾਲ ਚਲਾਨਾ ਕਰ ਗਏ ਭਾਈ ਮਲਕੀਅਤ ਸਿੰਘ ਬਟਾਲਾ ਵਾਲਿਆਂ ਦੇ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਮਾਇਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅਹੁਦੇਦਾਰ ਸਾਹਿਬਾਨਾਂ ਦੀ ਹੋਈ ਬੈਠਕ ‘ਚ ਇਸ ਬਾਬਤ ਫੈਸਲਾ ਲਿਆ ਗਿਆ। ਭਾਈ ਮਲਕੀਅਤ ਸਿੰਘ ਦੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮਿੰਡ ਹਿੱਲ ਅਮਰੀਕਾ ਵਿਖੇ ਕੀਰਤਨ ਕਰਨ ਦੌਰਾਨ ਆਏ ਹਾਰਟ ਅਟੈਕ ਉਪਰੰਤ ਅਕਾਲ ਚਲਾਨਾ ਕਰਨ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਭਾਈ ਸਾਹਿਬ ਦੇ ਪਰਿਵਾਰ ਬਾਰੇ ਜਾਣਕਾਰੀ ਸਾਹਮਣੇ ਆਉਣ ਉਪਰੰਤ ਕਮੇਟੀ ਵੱਲੋਂ ਉਕਤ ਮਾਇਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਭਾਈ ਸਾਹਿਬ ਦੀ ਧਰਮ ਸੁਪਤਨੀ ਨਵਨੀਤ ਕੌਰ ਅਤੇ ੳਨ੍ਹਾਂ ਦੀਆਂ ਦੋ ਛੋਟੀਆਂ ਬੱਚੀਆਂ ਦੇ ਇਸ ਦੁਖ ‘ਚ ਕਮੇਟੀ ਵੱਲੋਂ ਸ਼ਾਮਿਲ ਹੋਣ ਦਾ ਦਾਅਵਾ ਕਰਦੇ ਹੋਏ ਭਾਈ ਸਾਹਿਬ ਨੂੰ ਅਕਾਲ ਪੁਰਖ ਦੇ ਚਰਣਾ ‘ਚ ਨਿਵਾਸ ਮਿਲਨ ਲਈ ਸੰਗਤਾਂ ਨੂੰ ਅਰਦਾਸ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਮੌਜੂਦ ਸਨ।