ਲੁਧਿਆਣਾ – ਆਸਟਰੇਲੀਆ ਤੋਂ 29 ਮੈਂਬਰੀ ਕਿਸਾਨਾਂ ਦੇ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਸ੍ਰੀ ਡੇਲ ਪਰਾਈਸ ਕਰ ਰਹੇ ਸਨ । ਇਸ ਵਫ਼ਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਕੀਤੀ । ਵਫ਼ਦ ਨੂੰ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣੂੰ ਡਾ. ਕੇ ਐਸ ਥਿੰਦ ਨੇ ਕਰਵਾਇਆ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ 757 ਵੱਖ ਵੱਖ ਫ਼ਸਲਾਂ ਦੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ । ਜਿਨ੍ਹਾਂ ਵਿ¤ਚ 145 ਫ਼ਸਲਾਂ ਨੂੰ ਕੌਮਾਂਤਰੀ ਪੱਧਰ ਤੇ ਜਾਰੀ ਹੋਣ ਦਾ ਮਾਣ ਹਾਸਲ ਹੈ । ਡਾ. ਥਿੰਦ ਨੇ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਤਿਆਰ ਨਵੀਆਂ ਤਕਨੀਕਾਂ ਅਤੇ ਤਕਨਾਲੌਜੀਆਂ ਬਾਰੇ ਵੀ ਵਫ਼ਦ ਨੂੰ ਜਾਣੂੰ ਕਰਵਾਇਆ । ਯੂਨੀਵਰਸਿਟੀ ਦੀਆਂ ਪਸਾਰ ਸਿੱਖਿਆ ਗਤੀਵਿਧੀਆਂ ਬਾਰੇ ਜਾਣੂੰ ਨਿਰਦੇਸ਼ਕ ਪਸਾਰ ਸਿੱਖਿਆ ਤੋਂ ਵਿਗਿਆਨੀ ਡਾ. ਐਚ ਐਸ ਬਾਜਵਾ ਨੇ ਕਰਵਾਇਆ । ਆਪਣੀ ਪੇਸ਼ਕਾਰੀ ਦੌਰਾਨ ਡਾ. ਬਾਜਵਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਕੇਂਦਰ ਸਥਾਪਿਤ ਕੀਤੇ ਗਏ ਹਨ। ਯੂਨੀਵਰਸਿਟੀ ਵੱਲੋਂ ਕਿਸਾਨਾਂ ਤੱਕ ਹਰ ਤਰ੍ਹਾਂ ਦੀ ਸੂਚਨਾ ਪਹੁੰਚਾਉਣ ਦੇ ਲਈ ਵਰਕਸ਼ਾਪਾ, ਸਿਖਲਾਈਆਂ, ਜਾਗਰੂਕਤਾ ਮੁਹਿੰਮਾ, ਪ੍ਰਦਰਸ਼ਨੀ ਪਲਾਟ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ । ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਚੰਦਰ ਮੋਹਨ ਨੇ ਦੱਸਿਆ ਕਿ ਪੰਜਾਬ ਸੂਬਾ ਪੂਰੇ ਦੇਸ਼ ਦਾ 1.5 ਫੀਸਦੀ ਰਕਬਾ ਰਖਦਾ ਹੈ ਅਤੇ ਇਸ ਸੂਬੇ ਵੱਲੋਂ ਕੇਂਦਰੀ ਅੰਨ ਭੰਡਾਰ ਦੇ ਵਿੱਚ 40 ਫੀਸਦੀ ਕਣਕ ਅਤੇ 30 ਫੀਸਦੀ ਝੋਨਾ ਪਾਇਆ ਜਾਂਦਾ ਹੈ ।
ਸ੍ਰੀ ਪਰਾਈਸ ਨੇ ਯੂਨੀਵਰਸਿਟੀ ਦੇ ਖੋਜ ਕਾਰਜਾਂ ਅਤੇ ਪਸਾਰ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ ਖੋਜ ਡਾ. ਪਿਆਰਾ ਸਿੰਘ ਚਹਿਲ ਵੀ ਹਾਜ਼ਰ ਸਨ ।