ਲੁਧਿਆਣਾ – ਉੱਘੇ ਪੰਜਾਬੀ ਸ਼ਾਇਰ ਪ੍ਰੀਤਮ ਪੰਧੇਰ ਦੇ ਗ਼ਜ਼ਲ ਸੰਗ੍ਰਹਿ ‘ਚੁੱਪ ਦੇ ਖਿਲਾਫ’ ਸਬੰਧੀ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ਼ ਲੋਕ ਅਰਪਣ ਸਮਾਗਮ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ , ਪ੍ਰੋ. ਗੁਰਭਜਨ ਸਿੰਘ ਗਿੱਲ, ਮਿੱਤਰ ਸੈਨ ਮੀਤ, ਡਾ. ਐਸ ਤਰਸੇਮ, ਸਰਦਾਰ ਪੰਛੀ ਅਤੇ ਡਾ. ਗੁਲਜ਼ਾਰ ਪੰਧੇਰ ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਮੰਚ ਸੰਚਾਲਨ ਦਲਬੀਰ ਲੁਧਿਆਣਵੀ ਵੱਲੋ ਕੀਤਾ ਗਿਆ।
ਪੁਸਤਕ ਤੇ ਪੇਪਰ ਪੇਸ਼ ਕਰਦਿਆਂ ਡਾ. ਗੁਲਜ਼ਾਰ ਪੰਧੇਰ ਨੇ ਆਖਿਆ ਕਿ ਪ੍ਰੀਤਮ ਪੰਧੇਰ ਹੋਰਾਂ ਦੀ ਗ਼ਜ਼ਲ ਅਯੋਕੇ ਯੁੱਗ ਦੇ ਨਵੇਂ ਮਸਲਿਆਂ ਨੂੰ ਬੜੇ ਕਲਾਤਮਕ ਅੰਦਾਜ਼ ਵਿੱਚ ਕਹਿਣ ਦੇ ਸਮਰੱਥ ਹੈ। ਇਹ ਗ਼ਜ਼ਲ ਸਾਡੇ ਮਸਲਿਆਂ ਦੀ ਚੁਣੌਤੀ ਨੂੰ ਸਾਹਿਤਕ ਤਰੀਕੇ ਨਾਲ਼ ਕਬੂਲਦੀ ਹੈ। ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਪ੍ਰੀਤਮ ਪੰਧੇਰ ਦੇ ਗ਼ਜ਼ਲ ਸੰਗ੍ਰਹਿ ‘ਚੁੱਪ ਦੇ ਖਿਲਾਫ’ ਪ੍ਰੋੜ ਸ਼ਾਇਰੀ ਨੂੰ ਪੇਸ਼ ਕਰਦਾ ਓਹ ਪ੍ਰਵਚਨ ਹੈ ਜਿਹੜਾ ਸੱਤਾ ਦੀ ਸਾਜ਼ਿਸ਼ੀ ਚੁੱਪ ਦੇ ਸਮਾਨ ਅੰਤਰ ਉੱਭਰ ਕੇ ਆਉਂਦਾ ਹੈ। ਐਸ ਤਰਸੇਮ ਨੇ ਕਿਹਾ ਕਿ ਪੰਧੇਰ ਦੀ ਸ਼ਾਇਰੀ ਗ਼ਜ਼ਲ ਦੇ ਇਤਿਹਾਸ ਵਿੱਚ ਇੱਕ ਖਾਸ ਪੜ੍ਹਾ ਤੇ ਆਉਂਦੀ ਹੈ ਅਤੇ ਪੰਜਾਬੀ ਗ਼ਜ਼ਲ ਦੇ ਵਿਕਾਸ ਵਿੱਚ ਯਥਾਯੋਗ ਯੋਗਦਾਨ ਪਾਉਂਦੀ ਹੈ। ਸਰਦਾਰ ਪੰਛੀ ਨੇ ਪੰਧੇਰ ਜੀ ਦੇ ਗ਼ਜ਼ਲ ਪ੍ਰਬੰਧ ਪੁਖਤਾ ਹੋਣ ਦੀ ਸਿਫਤ ਕੀਤੀ। ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਕਿਹਾ ਕਿ ਪੰਧੇਰ ਦੀ ਗਹਿਰੇ ਅਨੁਭਵ ਵਾਲ਼ੀ ਗ਼ਜ਼ਲ ਨੂੰ ਹੋਰ ਨਿੱਠ ਕੇ ਪੜ੍ਹਨ ਅਤੇ ਵਾਚਣ ਦੀ ਲੋੜ ਹੈ। ਪੁਸਤਕ ਬਾਰੇ ਇੰਜ. ਕਰਮਜੀਤ ਸਿੰਘ ਔਜਲਾ, ਜਨਮੇਜਾ ਜੌਹਲ, ਡਾ. ਪ੍ਰਿਤਪਾਲ ਕੌਰ ਚਾਹਲ, ਰਵਿੰਦਰ ਦਿਵਾਨਾ, ਜਸਵੀਰ ਝੱਜ ਆਦਿ ਨੇ ਅਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅਯੋਕੇ ਯੁੱਗ ਦੇ ਨਵੇਂ ਮਸਲਿਆਂ ਨੂੰ ਉੱਜਾਗਰ ਕਰਦੀ ਪੜ੍ਹਨਯੋਗ ਪੁਸਤਕ ਹੈ।
ਇਸ ਸਮੇਂ ਡਾ. ਤਰਸੇਮ ਸਿੰਘ ਗਰੇਵਾਲ਼, ਨਵਦੀਪ ਕੌਰ ਗਰੇਵਾਲ਼, ਭਗਵਾਨ ਢਿੱਲੋਂ, ਗੁਰਦਿਆਲ ਦਲਾਲ, ਜਸਵੀਰ ਝੱਜ, ਜਗੀਰ ਸਿੰਘ ਪ੍ਰੀਤ, ਰਵਿੰਦਰ ਰਵੀ, ਤ੍ਰਲੋਚਨ ਝਾਂਡੇ. ਬਲਵਿੰਦਰ ਗਲੈਕਸੀ, ਬਲਕੌਰ ਸਿੰਘ ਗਿੱਲ, ਕਮਿੱਕਰ ਸਿੰਘ ਸਿਆੜ, ਕੁਲਵਿੰਦਰ ਕੌਰ ਕਿਰਨ, ਇੰਦਰਜੀਤਪਾਲ ਕੌਰ ਭਿੰਡਰ, ਅਮਰਜੀਤ ਸ਼ੇਰਪੁਰੀ, ਅਵਤਾਰ ਰੈਣਾ, ਰਵਿੰਦਰ ਸ਼ੇਰਗਿੱਲ, ਇੰਜ. ਸੁਰਜਣ ਸਿੰਘ , ਸੰਪੂਰਨ ਸਿੰਘ ਸਨਮ ਅਤੇ ਸਰਬਜੀਤ ਵਿਰਦੀ ਆਦਿ ਹਾਜ਼ਰ ਹੋਏ।