ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੁੂ ਤੇਗ ਬਹਾਦਰ ਖਾਲਸਾ ਕਾਲਜ ਦੇ 64ਵੇਂ ਸਲਾਨਾ ਦਿਹਾੜੇ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾਲਜ ਦੇ ਤਾਰਾ ਸਿੰਘ ਆਡੀਟੋਰੀਅਮ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਢੀਂਡਸਾ ਨੇ ਵਿਦਿਆਰਥੀਆਂ ਨੂੰ ਦਿੱਲੀ ਯੁੂਨਿਵਰਸਿਟੀ ਦੇ ਇਸ ਵਕਾਰੀ ਕਾਲਜ ਤੋਂ ਸਿੱਖਿਆ ਲੈਣ ਦੀ ਵਧਾਈ ਦਿੰਦੇ ਹੋਏ ਦੇਸ਼ ਦੀ ਵੱਡੀ ਅਬਾਦੀ ਦੇ ਅਨਪੜ੍ਹ ਹੋਣ ਦਾ ਵੀ ਹਵਾਲਾ ਦਿੱਤਾ ਹੈ।ਸਿੱਖਿਆ ਨੂੰ ਬੌਧਿਕ ਅਤੇ ਆਤਮਿਕ ਤਲ ਤੇ ਜ਼ਰੂਰੀ ਤਾਕਤ ਦੱਸਦੇ ਹੋਏ ਢੀਂਡਸਾ ਨੇ ਚੰਗੀ ਸਿੱਖਿਆ ਦੇ ਰਾਹੀਂ ਰਾਸ਼ਟਰ ਨਿਰਮਾਣ ਹੋਣ ਦਾ ਵੀ ਦਾਅਵਾ ਕੀਤਾ। ਕਿਤਾਬੀ ਸਿੱਖਿਆ ਲੈਣ ਦੇ ਨਾਲ ਹੀ ਢੀਂਡਸਾ ਨੇ ਵਿਦਿਆਰਥੀਆਂ ਨੂੰ ਸਕਿਲ ਡਵੈਲਪਮੈਂਟ ਅਧਾਰਿਤ ਪ੍ਰੋਗਰਾਮਾਂ ਦੇ ਨਾਲ ਜੁੜਨ ਤੇ ਵੀ ਜ਼ੋਰ ਦਿੱਤਾ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਦਿਆਰਥੀਆਂ ਨੂੰ ਸਮਾਜ ਨਿਰਮਾਣ ਦੇ ਕਾਰਜਾਂ ‘ਚ ਹਿੱਸਾ ਪਾਉਣ ਵਾਸਤੇ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਇਸੇ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਦਾ ਖੁਲਾਸਾ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਅਗਰ ਮਨੁੱਖ ‘ਚ ਇੱਛਾ ਸ਼ਕਤੀ ਹੋਵੇ ਤਾਂ ਕੋਈ ਕਾਰਜ ਮੁਸ਼ਿਕਲ ਨਹੀਂ। ਕਾਲਜ ਦੇ ਚੇਅਰਮੈਨ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਕਾਲਜ ਅਤੇ ਆਡੀਟੋਰੀਅਮ ਬਾਰੇ ਵਿਸ਼ੇਸ਼ ਜਾਣਕਾਰੀ ਦੇਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਹੀ ਵੀ ਕੀਤੀ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਵੱਲੋਂ ਕਾਲਜ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਵੀ ਪੇਸ਼ ਕੀਤਾ ਗਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ ਦੀ ਮੌਜੂਦਗੀ ‘ਚ ਆਏ ਹੋਏ ਮਹਿਮਾਨਾਂ ਵੱਲੋਂ ਅਕੈਡਮਿਕ, ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਵਜੀਫੇ ਵੀ ਤਕਸੀਮ ਕੀਤੇ ਗਏ।