‘ਸੰਗੀਤ ਦੀ ਦੁਨੀਆਂ’ ਪੂਰਨ ਸਿੰਘ ਪਾਂਧੀ ਦੇ ਜੀਵਨ ਦੇ ਅਥਾਹ ਤਜ਼ਰਬੇ ਦੀ ਪ੍ਰਤੀਕ ਪੁਸਤਕ ਜਾਪਦੀ ਹੈ। ਉਹ ਆਪਣੀ ਉਮਰ ਦੇ 36 ਸਾਲ ਪੰਜਾਬੀ ਦਾ ਅਧਿਆਪਕ ਰਿਹਾ ਪ੍ਰੰਤੂ ਉਸ ਨੇ ਕਲਾਸੀਕਲ ਗਾਇਕੀ ਦਾ ਡਿਪਲੋਮਾ ਕੀਤਾ ਹੋਇਆ ਸੀ। ਉਹ ਆਪਣੇ ਕਿੱਤੇ ਦੇ ਨਾਲ ਵਾਇਲਨ, ਦਿਲਰੁਬਾ ਅਤੇ ਹੋਰ ਬਹੁਤ ਸਾਰੇ ਸਾਜਾਂ ਦਾ ਮਾਹਿਰ ਰਿਹਾ ਹੈ। ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਹ ਕੈਨੇਡਾ ਪ੍ਰਵਾਸ ਕਰ ਗਿਆ ਪ੍ਰੰਤੂ ਆਪਣੇ ਵਿਰਸੇ ਨਾਲ ਉਹ ਪੂਰੀ ਤਰ੍ਹਾਂ ਗੜੁਚ ਰਿਹਾ ਹੈ, ਇਸ ਕਰਕੇ ਹੁਣ ਤੱਕ ਉਸ ਨੇ ਪੰਜਾਬੀ ਭਾਸ਼ਾ ਵਿਚ 9 ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ, ਸੰਗੀਤ ਦੀ ਦੁਨੀਆਂ ਉਸਦੀ 10ਵੀਂ ਪੁਸਤਕ ਹੈ। ਇਸ ਪੁਸਤਕ ਵਿਚ 25 ਚੈਪਟਰ ਹਨ। ਭਾਰਤ ਦੀ ਸੰਸਕ੍ਰਿਤੀ ਵਿਚ ਜਦੋਂ ਤੋਂ ਸੰਗੀਤ ਸ਼ੁਰੂ ਹੋਇਆ ਹੈ ਉਦੋਂ ਤੋ ਦੇ ਹੀ ਇਸ ਦੇ ਵਿਕਾਸ ਨੂੰ ਵੱਖ ਵੱਖ ਚੈਪਟਰਾਂ ਵਿਚ ਦਰਸਾਇਆ ਗਿਆ ਹੈ। ਸੰਗੀਤ ਕੀ ਹੁੰਦਾ ਹੈ? ਇਹ ਕਿਵੇਂ ਪੈਦਾ ਹੁੰਦਾ ਹੈ, ਆਦਿ ਦਾ ਵਰਨਣ ਕੀਤਾ ਗਿਆ ਹੈ। ਪੂਰਨ ਸਿੰਘ ਪਾਂਧੀ ਨੇ ਸੰਗੀਤ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕਿਹਾ ਹੈ। ਪ੍ਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਬਣਾਇਆ ਹੈ। ਸੰਗੀਤ ਦੀਆਂ ਸੁਰੀਲੀਆਂ ਰੂਹਾਂ ਦੇ ਕਰਤਵ ਵੀ ਸੁਰੀਲੇ ਹੀ ਹੁੰਦੇ ਹਨ। ਸੰਗੀਤ ਦੀ ਧੁਨੀ ਆਨੰਦ ਦੀ ਪ੍ਰਾਪਤੀ ਦਾ ਸਾਧਨ ਹੈ। ਸੰਗੀਤਮਈ ਆਵਾਜ਼ ਨਾਦ ਹੁੰਦੀ ਹੈ। ਜਦੋਂ ਇਨਸਾਨ ਇਕਾਗਰ ਚਿਤ ਹੋ ਕੇ ਸਵਰਗ ਤੇ ਨਰਕ, ਖ਼ੁਸ਼ੀ ਤੇ ਗ਼ਮੀ, ਆਨੰਦ ਤੇ ਕਰੁਣਤਾ, ਦਿਨ ਤੇ ਰਾਤ, ਗਰਮੀ ਤੇ ਸਰਦੀ, ਤਰਲ ਤੇ ਠੋਸ, ਅੱਗ ਤੇ ਪਾਣੀ, ਸਵੇਰ ਤੇ ਸ਼ਾਮ, ਚੰਗੇ ਤੇ ਬੁਰੇ, ਪਵਿਤਰ ਅਤੇ ਅਪਵਿਤਰ, ਦੁਸ਼ਮਣ ਤੇ ਦੋਸਤ, ਜ਼ਿੰਦਗੀ ਤੇ ਮੌਤ ਦੇ ਅੰਤਰ ਬਾਰੇ ਸੋਚਦਾ ਹੈ ਤਾਂ ਉਸਦੇ ਮਨ ਵਿਚ ਸੰਗੀਤ ਦੀ ਧੁਨ ਸਰਸਰਾਹਟ ਪੈਦਾ ਕਰਦੀ ਹੈ। ਸੰਗੀਤ ਦੀ ਕਿਸਮ ਭਾਵੇਂ ਕੋਈ ਹੋਵੇ ਪ੍ਰੰਤੂ ਉਹ ਸਭ ਨੂੰ ਬਰਾਬਰ ਅਨੰਦ ਦਿੰਦਾ ਹੈ। ਸੰਗੀਤ ਕਿਸੇ ਵੀ ਹਰਕਤ, ਰਗੜ, ਚੋਟ ਜਾਂ ਫੂਕ ਤੋਂ ਪੈਦਾ ਹੁੰਦਾ ਹੈ। ਪ੍ਰਕ੍ਰਿਤੀ ਦੀ ਹਰ ਰਚਨਾ ਵਿਚ ਸੰਗੀਤ ਦੇ ਸੂਖ਼ਮ ਤੱਤ ਹੁੰਦੇ ਹਨ। ਟੱਲ, ਢੋਲ, ਚਿਮਟਾ, ਖੜਤਾਲ, ਬੰਸਰੀ, ਢੱਡ-ਸਾਰੰਗੀ, ਰਬਾਬ, ਵਾਜਾ, ਇਕਤਾਰਾ, ਡਮਰੂ, ਸੰਖ਼, ਝਾਂਜਰਾਂ, ਚੂੜੀਆਂ, ਗਿੱਧਾ, ਭੰਗੜਾ, ਇਹ ਸਾਰੀਆਂ ਵਸਤਾਂ ਸੰਗੀਤ ਦੀਆਂ ਰਸੀਲੀਆਂ ਧੁਨਾ ਪੈਦਾ ਕਰਦੀਆਂ ਹਨ। ਇਨ੍ਹਾਂ ਦੇ ਅਨੰਦ ਵਿਚ ਹੀ ਪਰਮਾਤਮਾ ਮਿਲਦਾ ਹੈ। ਪਾਂਧੀ ਅਨੁਸਾਰ ਮਨੁੱਖੀ ਗਿਆਨ ਇੰਦਰੀਆਂ ਦਾ ਸੰਗੀਤ ਨਾਲ ਗੂੜ੍ਹਾ ਸੰਬੰਧ ਹੈ। ਹਰ ਆਵਾਜ਼, ਆਹਟ, ਰੰਗ ਅਤੇ ਸ਼ਬਦ ਸੰਗੀਤ ਪੈਦਾ ਕਰਦੇ ਹਨ। ਜਦੋਂ ਮਨੁੱਖੀ ਰੂਹ ਰੱਜੀ ਹੁੰਦੀ ਹੈ ਤਾਂ ਸੁਰੀਲਾ ਸੰਗੀਤ ਪੈਦਾ ਹੁੰਦਾ ਹੈ। ਕਲਾ ਅਤੇ ਕੋਮਲ ਕਲਾਵਾਂ ਮਨੁੱਖੀ ਮਨਾਂ ਦੇ ਸਾਹਾਂ ਵਿਚ ਸਮੋਈਆਂ ਹੋਈਆਂ ਹੁੰਦੀਆਂ ਹਨ। ਕਲਾ ਦੇ ਕਈ ਰੂਪ ਹਨ, ਜਿਵੇਂ ਕਵਿਤਾ, ਬੁਤ ਤਰਾਸ਼ੀ, ਸ਼ਿਲਪ ਕਲਾ, ਨ੍ਰਿਤ, ਸੰਗੀਤ, ਹੱਥ ਕਰਘਾ ਜਿਸ ਵਿਚ ਦਰੀਆਂ, ਘੇਸ, ਸਿਲਾਈ ਅਤੇ ਕਢਾਈ ਆਦਿ ਸ਼ਾਮਲ ਹਨ। ਲਲਿਤ ਕਲਾ ਇਸ ਤੋਂ ਵੀ ਸੂਖ਼ਮ ਹੁੰਦੀ ਹੈ। ਇਨ੍ਹਾਂ ਸਾਰੀਆਂ ਕਲਾਵਾਂ ਦਾ ਸੰਬੰਧ ਸੰਗੀਤ ਨਾਲ ਹੈ। ਸੰਗੀਤ ਨੂੰ ਸੁਰੀਲਾ ਬਣਾਉਣ ਲਈ ਰਿਆਜ਼ ਅਤਿਅੰਤ ਜ਼ਰੂਰੀ ਹੈ। ਰਿਆਜ਼ ਤੋਂ ਬਿਨਾ ਸੰਗੀਤ ਸੁਰੀਲਾ ਹੋ ਹੀ ਨਹੀਂ ਸਕਦਾ। ਜਿਵੇਂ ਸਖਤ ਲਕੜ ਨੂੰ ਪਹਿਲਾਂ ਕੁਹਾੜੇ ਨਾਲ ਫਿਰ ਖਰਾਦਣ ਨਾਲ ਅੰਤ ਵਿਚ ਰੰਦੇ ਨਾਲ ਤਰਾਸ਼ਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸੰਗੀਤ ਨੂੰ ਸੁਰੀਲਾ ਬਣਾਉਣ ਲਈ ਵਾਰ ਵਾਰ ਰਿਆਜ਼ ਕਰਨਾ ਜ਼ਰੂਰੀ ਹੈ। ਪੂਰਨ ਸਿੰਘ ਪਾਂਧੀ ਅਨੁਸਾਰ ਕਈ ਲੋਕ ਕਿਸੇ ਕੰਮ ਨੂੰ ਵਾਰ ਵਾਰ ਕਰਨ ਨੂੰ ਹੀ ਰਿਆਜ਼ ਕਹਿੰਦੇ ਹਨ। ਅਸਲ ਵਿਚ ਰਿਆਜ਼ ਤਾਂ ਇਕਾਗਰ ਚਿਤ ਹੋ ਕੇ ਰੂਹ ਨਾਲ ਕਿਸੇ ਸਥਾਪਤ ਪੈਮਾਨੇ ਨਾਲ ਕੀਤਾ ਜਾਂਦਾ ਹੈ,ਨਾ ਕਿ ਵਾਰ ਵਾਰ ਕਰਨ ਨਾਲ। ਕਈ ਰਾਗੀ,ਢਾਡੀ ਜਾਂ ਕੀਰਤਨੀਏ ਕਹਿੰਦੇ ਹਨ ਕਿ ਅਸੀਂ ਤਾਂ ਹਰ ਰੋਜ ਆਪਣੇ ਪ੍ਰੋਗਰਾਮ, ਕੀਰਤਨ ਕਰਦੇ ਰਹਿੰਦੇ ਹਾਂ, ਇਸ ਨਾਲ ਸਾਡਾ ਰਿਆਜ਼ ਹੋ ਜਾਂਦਾ ਹੈ। ਇਹ ਬਿਲਕੁਲ ਗ਼ਲਤ ਹੈ। ਰਿਆਜ਼ ਵਿਓਪਾਰ ਨਾਲ ਨਹੀਂ ਹੁੰਦਾ। ਜਿਵੇਂ ਸਿਹਤਮੰਦ ਸਰੀਰ ਬਣਾਉਣ ਲਈ ਸੱਚੇ ਦਿਲੋਂ ਕਿਸੇ ਪ੍ਰਣਾਲੀ ਅਧੀਨ ਵਰਜਿਸ ਕਰਨੀ ਜ਼ਰੂਰੀ ਹੁੰਦੀ ਹੈ ਉਸੇ ਤਰ੍ਹਾਂ ਸੰਗੀਤ ਲਈ ਰਿਆਜ਼ ਬਹੁਤ ਹੀ ਜ਼ਰੂਰੀ ਹੈ। ਰਿਆਜ਼ ਸਾਧਨਾ ਨਾਲ ਕੀਤਾ ਜਾਂਦਾ ਹੈ।
ਗੁਰੂ ਕਾਲ ਤੋਂ ਹੀ ਸੰਗੀਤ ਦੀ ਪਰੰਪਰਾ ਚਲਦੀ ਆ ਰਹੀ ਹੈ। ਗੁਰਬਾਣੀ ਵਿਚ ਵੀ 31 ਰਾਗ ਹਨ ਅਤੇ 29 ਮਿਸ਼ਰਤ ਰਾਗ ਹਨ। ਇਸ ਪ੍ਰਕਾਰ ਕੁਲ 60 ਰਾਗਾਂ ਵਿਚ ਗੁਰਬਾਣੀ ਹੈ। ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਰਬਾਬ ਵਜਾਉਂਦੇ ਸਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਨ੍ਹਾਂ ਰਾਗਾਂ ਵਿਚ 9 ਰਸ ਹੁੰਦੇ ਹਨ, ਜਿਹੜੇ ਸੰਗੀਤ ਨੂੰ ਹੋਰ ਸੁਰੀਲਾ ਬਣਾਉਂਦੇ ਹਨ। ਅਸਲ ਵਿਚ ਅਨੰਦ ਅਤੇ ਵਿਸਮਾਦੀ ਅਵਸਥਾ ਹੀ ਸੰਗੀਤ ਹੈ। ਸੁਰ, ਲੈਅ ਅਤੇ ਤਾਲ ਦੀ ਮਨਮੋਹਕ ਧੁਨੀ ਹੀ ਸੰਗੀਤ ਪੈਦਾ ਕਰਦੀ ਹੈ। ਇਹ ਕੁਦਰਤ ਦਾ ਕਲਾਤਮਕ ਚਿੰਨ ਹੈ, ਜਿਹੜਾ ਇਨਸਾਨ ਨੂੰ ਹਸਾ ਅਤੇ ਰੁਆ ਸਕਦਾ ਹੈ। ਸੰਗੀਤ ਨੂੰ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਵੀ ਕਿਹਾ ਜਾ ਸਕਦਾ ਹੈ। ਹਰ ਦੇਸ਼, ਕੌਮ ਅਤੇ ਉਨ੍ਹਾਂ ਦੇ ਧਰਮਾ ਦਾ ਆਪੋ ਆਪਣਾ ਸੰਗੀਤ ਹੁੰਦਾ ਹੈ ਪ੍ਰੰਤੂ ਇਹ ਸੰਗੀਤ ਅਧਿਆਤਮਕ ਅਤੇ ਰੋਮਾਂਟਿਕ ਦੋ ਤਰ੍ਹਾਂ ਦਾ ਹੁੰਦਾ ਹੈ। ਪੂਰਨ ਸਿੰਘ ਪਾਂਧੀ ਕੀਰਤਨੀਆਂ ਅਤੇ ਰਾਗੀਆਂ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ ਕਿ ਸਾਡੇ ਬਹੁਤੇ ਕੀਰਤਨੀਆਂ ਅਤੇ ਰਾਗੀਆਂ ਨੂੰ ਰਾਗਾਂ ਬਾਰੇ ਡੂੰਘੀ ਜਾਣਕਾਰੀ ਨਹੀਂ,ਜਦੋਂ ਕਿ ਰਾਗ ਸੰਗੀਤ ਦੀ ਬੁਨਿਆਦ ਹਨ ਕਿਉਂਕਿ ਹਰ ਚੀਜ਼ ਦਾ ਕੋਈ ਵਿਧੀ ਵਿਧਾਨ ਹੁੰਦਾ ਹੈ। ਕਿਸੇ ਦੇ ਮੁਖ਼ਾਰਬਿੰਦ ਚੋਂ ਨਿਕਲੀ ਮਨਾ ਨੂੰ ਮੋਹਿਤ ਕਰਨ ਵਾਲੀ ਸੁਰੀਲੀ ਆਵਾਜ਼ ਨੂੰ ਅਲਾਪ ਕਿਹਾ ਜਾਂਦਾ ਹੈ, ਪ੍ਰੰਤੂ ਦੁਖ ਦੀ ਗੱਲ ਹੈ ਕਿ ਅੱਜ ਕਲ੍ਹ ਅਲਾਪ ਅਰਥਾਤ ਆਵਾਜ਼ ਨਾਲੋਂ ਸਾਜ਼ ਅੱਗੇ ਹਨ। ਆਵਾਜ਼ ਨਹੀਂ ਸੁਣਦੀ ਸਾਜ ਜ਼ਿਆਦਾ ਰੌਲਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸੰਗੀਤ ਦੀਆਂ ਵੀ ਗਾਇਨ ਸ਼ੈਲੀਆਂ ਹੁੰਦੀਆਂ ਹਨ। ਕਲਾਸੀਕਲ ਗਾਇਕੀ ਦੀਆਂ ਵੀ ਆਪਣੀਆਂ ਸ਼ੈਲੀਆਂ ਹੁੰਦੀਆਂ ਹਨ। ਪਾਂਧੀ ਨੇ ਆਪਣੀ ਪੁਸਤਕ ਵਿਚ ਪੁਰਾਤਨ ਚੋਟੀ ਦੇ ਗਾਇਕਾਂ ਦੀ ਸੂਚੀ ਵੀ ਦਿੱਤੀ ਹੈ। ਉਨ੍ਹਾਂ ਗਾਇਕੀ ਦੇ ਸਫਰ ਨੂੰ ਵੀ ਦਰਸਾਇਆ ਹੈ, ਜਿਸ ਵਿਚ ਪ੍ਰਾਚੀਨ ਕਾਲ, ਮੱਧ ਕਾਲ, ਆਧੁਨਿਕ ਕਾਲ, ਭਗਤੀ ਅੰਦੋਲਨ ਅਤੇ ਭਾਰਤੀ ਸੰਗੀਤ ਦੇ ਘਰਾਣਿਆਂ ਦਾ ਵੀ ਜ਼ਿਕਰ ਕੀਤਾ ਹੈ। ਇਹ ਪੁਸਤਕ ਸੰਗੀਤ ਦੇ ਸ਼ਰਧਾਲੂਆਂ ਅਤੇ ਸੰਗੀਤਕਾਰਾਂ ਲਈ ਵੀ ਲਾਭਦਾਇਕ ਹੋ ਸਕਦੀ ਹੈ। ਖ਼ਾਸ ਤੌਰ ਤੇ ਸੰਗੀਤ ਦੇ ਵਿਦਿਆਰਥੀਆਂ ਲਈ ਭਰਪੂਰ ਜਾਣਕਾਰੀ ਪ੍ਰਦਾਨ ਕਰੇਗੀ। ਆਮ ਤੌਰ ਤੇ ਰਾਗੀਆਂ ਅਤੇ ਕੀਰਤਨੀਆਂ ਬਾਰੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਂਦਾ ਪ੍ਰੰਤੂ ਪੂਰਨ ਸਿੰਘ ਪਾਂਧੀ ਨੇ ਕਚਘਰੜ ਕੀਰਤਨੀਆਂ ਅਤੇ ਰਾਗੀਆਂ ਨੂੰ ਚੇਤਾਵਨੀ ਦਿੰਦਿਆਂ ਲਿਖਿਆ ਹੈ ਕਿ ਉਹ ਗੁਰਬਾਣੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੀ ਥਾਂ ਤੇ ਸਾਖੀਆਂ ਦਾ ਵਧੇਰੇ ਵਿਖਿਆਨ ਕਰਦੇ ਹਨ,ਸਾਖੀਆਂ ਵਿਚ ਤਾਂ ਕਰਾਮਾਤਾਂ ਦਾ ਪ੍ਰਗਟਾਵਾ ਹੁੰਦਾ ਹੈ ਜਦੋਂ ਕਿ ਸਿਖ ਗੁਰੂ ਤਾਂ ਕਰਾਮਾਤਾਂ ਦੇ ਵਿਰੁਧ ਸਨ। ਉਹ ਤਾਂ ਕੀਰਤਨ ਦੀ ਥਾਂ ਜ਼ਿਆਦਾ ਸਮਾ ਸਾਖੀਆਂ ਸੁਣਾਉਣ ਤੇ ਹੀ ਲਾ ਦਿੰਦੇ ਹਨ। ਜਿਵੇਂ ਗੁਰਬਾਣੀ ਵਿਚ ਅੰਕਿਤ ਹੈ ਕਿ ਕਲਯੁਗ ਵਿਚ ਕੀਰਤਨ ਪ੍ਰਧਾਨਾ। ਜੇ ਸਾਡੇ ਕੀਰਤਨੀਏਂ ਅਤੇ ਰਾਗੀ ਇਸੇ ਤਰ੍ਹਾਂ ਕੀਰਤਨ ਕਰਨਗੇ ਤਾਂ ਉਹ ਸਿਖ ਧਰਮ ਦਾ ਗ਼ਲਤ ਪ੍ਰਚਾਰ ਕਰਕੇ ਸਿਖ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਅੱਗੋਂ ਲਿਖਿਆ ਕਿ ਕੀਰਤਨ ਵਿਚ ਕੀਰਤਨੀਆਂ ਦੀ ਸ਼ਰਧਾ ਭਾਵਨਾ ਦੀ ਥਾਂ ਤੇ ਵਿਓਪਾਰ ਪ੍ਰਧਾਨ ਹੋ ਗਿਆ ਹੈ। ਉਹ ਸੌਦੇਬਾਜ਼ੀ ਕਰਦੇ ਹਨ ਜਿਵੇਂ ਵਿਓਪਾਰ ਵਿਚ ਕੀਤੀ ਜਾਂਦੀ ਹੈ। ਉਹ ਘੜੀ ਵੇਖਕੇ ਕੀਰਤਨ ਕਰਦੇ ਹਨ। ਉਨ੍ਹਾਂ ਦੇ ਕੀਰਤਨ ਵਿਚ ਮਿਠਾਸ ਨਹੀਂ ਹੁੰਦੀ। ਪੂਰਨ ਸਿੰਘ ਪਾਂਧੀ ਦੀ ਪੁਸਤਕ ਵਿਚ ਚੋਟੀ ਦੇ ਰਾਗੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹੜੇ ਕੀਰਤਨ ਕਰਨ ਲਈ ਮਿਹਨਤਾਨਾ ਨਹੀਂ ਲੈਂਦੇ ਸਨ। ਉਨ੍ਹਾਂ ਦੀ ਆਵਾਜ਼ ਸੁਰੀਲੀ ਹੁੰਦੀ ਸੀ ।ਉਨ੍ਹਾਂ ਦਾ ਕੀਰਤਨ ਸੁਣਨ ਵਾਲਿਆਂ ਨੂੰ ਮੰਤਰ ਮੁਗਧ ਕਰ ਦਿੰਦਾ ਸੀ। ਉਨ੍ਹਾਂ ਭਾਈ ਮਨਸ਼ਾ ਸਿੰਘ ਰਾਗੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਮਨਸ਼ਾ ਸਿੰਘ ਦੇ ਕੀਰਤਨ ਤੋਂ ਖ਼ੁਸ਼ ਹੋ ਕੇ ਉਸ ਨੂੰ ਜਾਗੀਰ ਦੇਣ ਲਈ ਕਿਹਾ ਤਾਂ ਭਾਈ ਮਨਸ਼ਾ ਸਿੰਘ ਨੇ ਜਾਗੀਰ ਲੈਣ ਤੋਂ ਇਨਕਾਰ ਕਰ ਦਿੱਤਾ। ਅੱਜ ਕਲ੍ਹ ਦੇ ਰਾਗੀ ਅਜਿਹਾ ਨਹੀਂ ਕਰਦੇ ਸਗੋਂ ਉਹ ਤਾਂ ਕੀਰਤਨ ਨੂੰ ਵਿਓਪਾਰ ਦੇ ਤੌਰ ਤੇ ਲੈਂਦੇ ਹਨ। ਉਹ ਵਿਸ਼ੇਸ਼ ਤੌਰ ਤੇ ਲਿਖਦੇ ਹਨ ਕਿ 1947 ਤੋਂ ਬਾਅਦ ਕੀਰਤਨੀਆਂ ਵਿਚ ਗਿਰਾਵਟ ਆ ਗਈ। ਸ਼ਰਧਾ ਘੱਟ ਗਈ। ਕਲਾ ਵਿਹੁਣ ਲੋਕ ਇਸ ਖੇਤਰ ਵਿਚ ਸ਼ਾਮਲ ਹੋ ਗਏ ਹਨ। ਇਸ ਦਾ ਜ਼ਿੰਮੇਵਾਰ ਉਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮੰਨਦੇ ਹਨ। ਪੂਰਨ ਸਿੰਘ ਇਸ ਗਿਰਾਵਟ ਦਾ ਇੱਕ ਹੋਰ ਮੁਖ ਕਾਰਨ ਸੰਤ ਬਾਬਿਆਂ ਦਾ ਠਾਠ ਬਾਠ ਨਾਲ ਸ਼ਾਮ ਹੋ ਜਾਣਾ ਵੀ ਮੰਨਦੇ ਹਨ। ਸੰਤ ਬਾਬਿਆਂ ਦਾ ਮੁਖ ਜ਼ੋਰ ਵਧੀਆ ਕਾਰਾਂ ਅਤੇ ਸੁੰਦਰ ਪੁਸ਼ਾਕਾਂ ਹਨ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਪੂਰਨ ਸਿੰਘ ਪਾਂਧੀ ਦੀ ਇਹ ਪੁਸਤਕ ਸੰਗੀਤ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਦਿੱਤੀ ਗਈ ਚੇਤਾਵਨੀ ਹੈ। ਜੇਕਰ ਸਿਖਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਭਵਿਖ ਵਿਚ ਸਾਡਾ ਸੰਗੀਤ ਨੀਰਸ ਰਹਿ ਜਾਵੇਗਾ। ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ਤੋਂ ਅਸੀਂ ਭੱਟਕ ਜਾਵਾਂਗੇ। ਪੂਰਨ ਸਿੰਘ ਪਾਂਧੀ ਦੀ ਪੁਸਤਕ ਇੱਕ ਸ਼ਲਾਘਾਯੋਗ ਉਦਮ ਹੈ।