ਵਸਿ਼ਗਟਨ- ਓਬਾਮਾ ਪ੍ਰਸ਼ਾਸਨ ਨੇ ਅਗਲੇ 100 ਦਿਨਾਂ ਵਿਚ ਦੇਸ਼ ਵਿਚ 6 ਲਖ ਨੌਕਰੀਆਂ ਮੁਹਈਆ ਕਰਵਾਉਣ ਦੀ ਯੋਜਨਾ ਬਣਾਈ ਹੈ। ਓਬਾਮਾ ਨੇ ਵਾਈਟ ਹਾਊਸ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਰਥਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਅਜੇ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ ਅਤੇ ਸਹੀ ਦਿਸ਼ਾ ਵਿਚ ਯਤਨ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨ ਦੀ ਯੋਜਨਾ ਦੇ ਤਹਿਤ ਅਗਲੇ ਤਿੰਨ ਮਹੀਨਿਆਂ ਵਿਚ ਦਸ ਵਡੀਆਂ ਯੋਜਨਾਵਾਂ ਸ਼ੁਰੂ ਕਰੇਗਾ। ਵਰਨਣਯੋਗ ਹੈ ਕਿ ਅਮਰੀਕੀ ਅਰਥਵਿਵਸਥਾ ਵਿਚ ਤੇਜ਼ੀ ਲਿਆਉਣ ਲਈ ਓਬਾਮਾ ਪ੍ਰਸ਼ਾਸਨ ਆਰਥਿਕ ਪੈਕੇਜ ਦੇ ਤਹਿਤ ਅਰਬਾਂ ਡਾਲਰ ਖਰਚ ਕਰ ਰਿਹਾ ਹੈ। ਇਸ ਸੌ ਦਿਨਾਂ ਵਿਚ ਰੁਜ਼ਗਾਰ ਪੈਦਾ ਕਰਨ ਦੀਆਂ ਮੁੱਖ ਯੋਜਨਾਵਾਂ ਇਹ ਹਨ। ਲੇਬਰ ਵਿਭਾਗ ਦੇਸ਼ਭਰ ਵਿਚ 1,25,000 ਨੌਜਵਾਨਾਂ ਨੂੰ ਗਰਮੀਆਂ ਦੇ ਸੀਜ਼ਨ ਵਿਚ ਨੌਕਰੀਆਂ ਦੇਵੇਗਾ। ਸਿਖਿਆ ਵਿਭਾਗ 1,35,000 ਲੋਕਾਂ ਨੂੰ ਜੌਬਾਂ ਦੇਵੇਗਾ। ਸਿਹਤ ਮਾਨਵ ਸੇਵਾ ਵਿਭਾਗ ਦੇਸ਼ਭਰ ਵਿਚ ਤਿੰਨ ਲਖ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਉਪਲਭਦ ਕਰਵਾਉਣ ਲਈ 1,129 ਸਿਹਤ ਕੇਂਦਰ ਸਥਾਪਤ ਕਰੇਗਾ। ਪਰਿਵਾਹਨ ਵਿਭਾਗ ਦੇਸ਼ਭਰ ਵਿਚ 98 ਹਵਾਈਅੱਡਿਆਂ ਅਤੇ ਰਾਜਮਾਰਗਾਂ ਤੇ ਸਥਿਤ 1,500 ਤੋਂ ਜਿਆਦਾ ਥਾਂਵਾਂ ਤੇ ਪੁਨਰਵਾਸ ਅਤੇ ਸੁਧਾਰ ਯੋਜਨਾਵਾਂ ਸ਼ੁਰੂ ਕਰੇਗਾ। ਰੱਖਿਆ ਵਿਭਾਗ ਦੁਆਰਾ ਦੇਸ਼ਭਰ ਵਿਚ ਸੰਚਾਲਿਤ 359 ਮਿਲਟਰੀ ਕਾਰਖਾਨਿਆਂ ਵਿਚ 2,300 ਕੰਸਟਰਕਸ਼ਨ ਅਤੇ ਪੁਨਰਵਾਸ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਵਿਧੀ ਵਿਭਾਗ 5,000 ਲਾਅ ਇਨਫੋਰਸਮੈਂਟ ਅਧਿਕਾਰੀਆਂ ਨੂੰ ਨਿਯੁਕਤ ਕਰੇਗਾ। 38 ਰਾਜਾਂ ਵਿਚ 90 ਸੀਨੀਅਰ ਸਿਟੀਜ਼ਨ ਮੈਡੀਕਲ ਕੇਂਦਰਾਂ ਵਿਚ ਸੁਧਾਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ। 107 ਨੈਸ਼ਨਲ ਪਾਰਕ ਸ਼ੁਰੂ ਕੀਤੇ ਜਾਣਗੇ।