ਨਵੀਂ ਦਿੱਲੀ :- ਜਲੰਧਰ ਦੇ ਪਿੰਡ ਸਿੱਧੂਪੁਰ ਵਿਖੇ ਬੀਤੇ ਦਿਨੀ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਪਾਠੀ ਸਿੰਘਾਂ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ-ਹੁਦਰੀ ਤੇ ਸ਼ਰਮਨਾਕ ਕਾਰਵਾਈ ਕਰਾਰ ਦਿੱਤਾ ਹੈ। ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਵਿਸ਼ੇ ਤੇ ਪ੍ਰਤਿਕ੍ਰਮ ਦਿੰਦੇ ਹੋਏ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਪਾਠੀ ਸਿੰਘਾਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਦੇ ਧਾਰਮਿਕ ਚਿਨ੍ਹਾਂ ਦੀ ਬੇਅਦਬੀ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪੀੜਤ ਪਾਠੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਪੇਸ਼ਕਸ਼ ਕਰਦੇ ਹੋਏ ਸਿਰਸਾ ਨੇ ਸਤਿਕਾਰ ਕਮੇਟੀ ਮੈਂਬਰਾਂ ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹਵਾਲਾ ਦੇ ਕੇ ਕੀਤੀ ਗਈ ਕਰੂਰ ਹਰਕਤਾਂ ਨੂੰ ਆਪਹੁਦਰਾਪਨਾ ਤੇ ਸਿੱਖੀ ਦਾ ਤਾਲਿਬਾਨੀ ਕਰਨ ਵੀ ਕਰਾਰ ਦਿੱਤਾ ਹੈ।
ਸਤਿਕਾਰ ਕਮੇਟੀ ਮੈਂਬਰਾ ਵੱਲੋਂ ਬਦਨਿਯਤੀ ਨਾਲ ਪਾਠੀ ਸਿੰਘਾਂ ਦੀ ਕੁਟਮਾਰ ਦਾ ਵੀਡੀਓ ਬਣਾਕੇ ਸੋਸ਼ਲ ਮੀਡੀਆ ਤੇ ਪਾਉਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਵੀ ਸਿਰਸਾ ਨੇ ਦਾਅਵਾ ਕੀਤਾ। ਸਿਰਸਾ ਨੇ ਕਿਹਾ ਕਿ ਅਗਰ ਕਿਸੇ ਨੇ ਕੋਈ ਗਲਤੀ ਕੀਤੀ ਸੀ ਤੇ ਉਸ ਦੀ ਸ਼ਿਕਾਇਤ ਕਰਨ ਤੇ ਕਈ ਤਰੀਕੇ ਸਨ, ਪਰ ਅਜਿਹੀਆਂ ਆਪਹੁਦਰੀਆਂ ਹਰਕਤਾਂ ਕਰਕੇ ਅਖੌਤੀ ਕਮੇਟੀ ਮੈਂਬਰਾ ਨੇ ਸਿੱਖੀ ਦਾ ਅਕਸ ਵੀ ਖਰਾਬ ਕੀਤਾ ਹੈ। ਤਾਲਿਬਾਨ ਵੱਲੋਂ ਧਰਮ ਦੀ ਆੜ ‘ਚ ਮਾਸੂਮਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਨਾਲ ਵੀ ਸਿਰਸਾ ਨੇ ਇਸ ਘਟਨਾ ਨੂੰ ਜੋੜਦੇ ਹੋਏ ਪੁਲਿਸ ਵੱਲੋਂ ਇਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕਰਨ ਨੂੰ ਚੰਗਾ ਕਦਮ ਵੀ ਦੱਸਿਆ।