ਨਵੀਂ ਦਿੱਲੀ :- ਸਕੱਰਟ ‘ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾ ਨੂੰ ਛਾਪਣ ਵਾਲੇ ਉੱਘੇ ਡਿਜ਼ਾਇਨਰ ਤਰੂਣ ਤਹਿਲਿਆਨੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਸਲੇ ‘ਤੇ ਮੁਆਫੀ ਮੰਗਦੇ ਹੋਏ ਵਿਵਾਦਿਤ ਸਕੱਰਟਾਂ ਦੇ ਸਟਾਕ ਨੂੰ ਤੁਰੰਤ ਆਪਣੇ ਸਟੋਰਾਂ ਤੋਂ ਗੋਦਾਮਾ ‘ਚ ਭੇਜਣ ਦਾ ਭਰੋਸਾ ਪੱਤਰ ਰਾਹੀਂ ਦਿੱਤਾ ਗਿਆ ਹੈ। ਬੀਤੇ ਦਿਨੀ ਦਿੱਲੀ ਕਮੇਟੀ ਵੱਲੋਂ ਤਰੁਣ ਤਹਿਲਿਆਨੀ ਨੂੰ ਇਸ ਸਬੰਧੀ ਚਿੱਠੀ ਭੇਜ ਕੇ ਬਿਨਾ ਸ਼ਰਤ ਮੁਆਫੀ ਮੰਗਣ ਅਤੇ ਵਿਵਾਦਿਤ ਸਕੱਰਟਾਂ ਨੂੰ ਸਟਾਕ ਚੋਂ ਹਟਾਉਣ ਦੀ ਹਿਦਾਇਤ ਦਿੱਤੀ ਗਈ ਸੀ। ਜਿਸ ਦੇ ਜਵਾਬ ‘ਚ ਤਹਿਲਿਆਨੀ ਡਿਜ਼ਾਇਨ ਪ੍ਰਾਇਵੇਟ ਲਿਮਿਟਡ ਦੀ ਅਧਿਕਾਰੀ ਬੀਬੀ ਮੋਨਿਕਾ ਸਹਿਗਲ ਵੱਲੋਂ ਅੱਜ ਸਿੱਖ ਸਿਧਾਂਤਾ ਬਾਰੇ ਹੋਏ ਅਣਜਾਨੇ ‘ਚ ਕਿਸੇ ਵੀ ਅਪਰਾਧ ਲਈ ਮਾਫੀ ਮੰਗੀ ਗਈ ਹੈ।
ਆਪਣੇ ਬਚਾਵ ‘ਚ ਸਹਿਗਲ ਵੱਲੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਉਨ੍ਹਾਂ ਨੂੰ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਜਾਣਬੁਝ ਕੇ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਨਾ ਮਾਰਣ ਦਾ ਵੀ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦੀ ਘਾਟ ਕਾਰਣ ਇਸ ਘਟਨਾ ਦੇ ਹੋਣ ਦੀ ਗੱਲ ਵੀ ਸਹਿਗਲ ਵੱਲੋਂ ਕੀਤੀ ਗਈ ਹੈ। ਇਸ ਸਬੰਧ ਵਿਚ ਕੋਈ ਗੈਰਕਾਨੂੰਨੀ ਕਾਰਜ ਨਾ ਕਰਨ ਦਾ ਦਾਅਵਾ ਕਰਦੇ ਹੋਏ ਸਹਿਗਲ ਵੱਲੋਂ ਕੰਪਨੀ ਦੀ ਭਾਈਚਾਰਾ ਵਧਾਉਣ ਦੀ ਨਿਤੀ ਅਤੇ ਕੰਪਨੀ ਦੇ ਅਕਸ ਨੂੰ ਬਚਾਉਣ ਵਾਸਤੇ ਮੁਆਫੀ ਮੰਗਣ ਦੀ ਵੀ ਗੱਲ ਕਹੀ ਗਈ ਹੈ। ਆਪਣੇ ਸਟੋਰ ਮੇਨੈਜਰਾਂ ਨੂੰ ਇਹ ਵਿਵਾਦਿਤ ਸਕੱਰਟਾਂ ਤੁਰੰਤ ਡਿਸਪਲੇ ਤੋਂ ਹਟਾ ਕੇ ਗੋਦਾਮਾ ‘ਚ ਭੇਜਣ ਦੀ ਵੀ ਜਾਣਕਾਰੀ ਕਮੇਟੀ ਨੂੰ ਦਿੱਤੀ ਗਈ ਹੈ।