ਨਵੀਂ ਦਿੱਲੀ :- ਸਿੱਖ ਪਰਿਵਾਰ ਨਾਲ ਸਬੰਧਿਤ ਐਨ.ਆਰ.ਆਈ. ਬ੍ਰਾਹਮੀ ਸਿੰਘ ਦੀ ਧੀ ਦੀ ਸ਼ਕੀ ਹਲਾਤਾਂ ‘ਚ ਕੁਰੂਕਸ਼ੇਤਰ ਵਿਖੇ ਹੋਈ ਮੌਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੋਸ਼ੀ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਭੇਜੇ ਗਏ ਇਸ ਪੱਤਰ ਦਾ ਉਤਾਰਾ ਸੂਬੇ ਦੇ ਡੀ.ਜੀ.ਪੀ. ਨੂੰ ਵੀ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੰਦਨ ਦੇ ਰਹਿਣ ਵਾਲੇ ਬ੍ਰਾਹਮੀ ਸਿੰਘ ਨੇ ਆਪਣੀ ਧੀ ਦੀ ਮੌਤ ਦੇ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਕਮੇਟੀ ਦਫਤਰ ਪੁੱਜ ਕੇ ਮਦਦ ਦੀ ਗੁਹਾਰ ਲਗਾਈ ਸੀ। ਦਰਅਸਲ ਬ੍ਰਾਹਮੀ ਸਿੰਘ ਦੀ ਧੀ ਸੀਤਾ ਜੋ ਕਿ ਬ੍ਰਿਟਿਸ਼ ਨਾਗਰਿਕ ਸਨ ਦਾ ਵਿਆਹ ਕੁਰੁਕਸ਼ੇਤਰ ਦੇ ਪਵਨ ਕੁਮਾਰ ਸੈਨੀ ਨਾਲ ਲਗਭਗ 10 ਸਾਲ ਪਹਿਲੇ ਲੰਦਨ ‘ਚ ਹੋਇਆ ਸੀ ਤੇ ਸੀਤਾ ਸੈਨੀ ਆਪਣੇ ਪਤੀ ਨਾਲ ਇਕ ਫਰਵਰੀ 2015 ਨੂੰ ਭਾਰਤ ਆਈ ਸੀ, ਪਰ 31 ਮਾਰਚ 2015 ਨੂੰ ਨਾ ਮਾਲੂਮ ਹਲਾਤਾਂ ‘ਚ ਸੀਤਾ ਦੀ ਮੌਤ ਦੀ ਖਬਰ ਉਸ ਦੇ ਪਰਿਵਾਰ ਨੂੰ ਦਿੱਤੀ ਗਈ ਸੀ।
ਦਿੱਲੀ ਕਮੇਟੀ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਬ੍ਰਾਹਮੀ ਸਿੰਘ ਵੱਲੋਂ ਆਪਣੇ ਜਵਾਈ ਦੇ ਮਾਤਾ ਪਿਤਾ, ਵੱਡੇ ਭਰਾ ਅਤੇ ਭਰਜਾਈ ਦੇ ਖਿਲਾਫ ਐਫ.ਆਈ.ਆਰ. ਨੰ. 234 ਥਾਣਾ ਥਾਨੇਸਰ ਸਿਟੀ ਵਿਖੇ 2 ਅਪ੍ਰੈਲ ਨੂੰ ਕਰਵਾਉਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਵਨ ਕੁਮਾਰ ਸੈਨੀ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਧਮਕਾਉਣ ਅਤੇ ਡਰਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਪੁਲਿਸ ਵੱਲੋਂ ਜਾਣਬੁਝ ਕੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਬ੍ਰਾਹਮੀ ਸਿੰਘ ਨੇ ਇਸ ਬਾਬਤ ਹਰਿਯਾਣਾ ਦੇ ਮੁੱਖ ਮੰਤਰੀ ਅਤੇ ਪੁਲਿਸ ਮੁੱਖੀ ਨੂੰ ਕਰੜੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਸੀਤਾ ਦੇ ਪਰਿਵਾਰ ਬਾਰੇ ਦੱਸਦੇ ਹੋਏ ਬ੍ਰਾਹਮੀ ਸਿੰਘ ਨੇ ਕਿਹਾ ਕਿ ਉਸ ਦੀ ਧੀ ਦੇ ਚਾਰ ਬੱਚੇ ਉਨ੍ਹਾਂ ਦੇ ਜਵਾਈ ਦੇ ਕੋਲ ਹਨ ਤੇ ਉਹ ਆਪਣੇ ਬੱਚਿਆਂ ਦੀ ਕਸਟਡੀ ਆਪਣੇ ਪਰਿਵਾਰ ਵਾਸਤੇ ਲੈਣ ਲਈ ਵੀ ਪੁਰਣ ਤੋੌਰ ਤੇ ਤਿਆਰ ਹਨ।