ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾ ਦੀ ਹੋਈ ਮੀਟਿੰਗ ‘ਚ ਅੱਜ ਨੇਪਾਲ ‘ਚ ਆਏ ਭੁਕੰਪ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਨੇਪਾਲ ਵਿਖੇ ਮੌਜੂਦ ਗੁਰਦੁਆਰਾ ਸਾਹਿਬਾਨਾ ਦੀ ਮੌਜੂਦਾ ਹਲਾਤਾਂ ਦੀ ਜਾਣਕਾਰੀ ਲੈਣ ਲਈ ਨੇਪਾਲੀ ਸ਼ਫੀਰ ਨਾਲ ਮੁਲਾਕਾਤ ਕਰਕੇ ਜਾਣਕਾਰੀ ਲੈਣ ਦਾ ਵੀ ਫੈਸਲਾ ਕੀਤਾ ਗਿਆ ਹੈ। ਜੀ.ਕੇ. ਨੇ ਨੇਪਾਲ ਸਰਕਾਰ ਵੱਲੋਂ ਬੀਤੇ ਦਿਨੀ ਗੁਰੂਨਾਨਕ ਸਾਹਿਬ ਦੇ ਬਾਰੇ ਸਿੱਕਾ ਜਾਰੀ ਕਰਨ ਦਾ ਧੰਨਵਾਦ ਕਰਦੇ ਹੋਏ ਨੇਪਾਲ ‘ਚ ਮੁਸੀਬਤ ‘ਚ ਫਸੇ ਲੋਕਾਂ ਵਾਸਤੇ ਲੰਗਰ ਆਦਿਕ ਭਾਰਤ ਸਰਕਾਰ ਦੀ ਮਾਰਫਤ ਭੇਜਣ ਦੀ ਵੀ ਪੇਸ਼ਕਸ਼ ਕੀਤੀ ਹੈ।
ਜੀ.ਕੇ. ਨੇ ਸਾਫ ਕੀਤਾ ਕਿ ਅਗਰ ਭਾਰਤ ਸਰਕਾਰ ਐਨ.ਡੀ.ਆਰ.ਐਫ. ਨੂੰ ਨੇਪਾਲੀ ਲੋਕਾਂ ਦੀ ਮਦਦ ਲਈ ਭੇਜੇਗੀ ਤੇ ਐਨ.ਡੀ.ਆਰ.ਐਫ. ਦੀ ਦੇਖ ਰੇਖ ‘ਚ ਦਿੱਲੀ ਕਮੇਟੀ ਵੱਲੋਂ ਵੀ ਉਤਰਾਖੰਡ ਅਤੇ ਕਸ਼ਮੀਰ ਕੁਦਰਤੀ ਕੁਰੋਪੀ ਦੌਰਾਨ ਸਮਾਜ ਕਲਿਯਾਣ ਅਤੇ ਸਰਬ ਸਾਂਝੀਵਾਲਤਾ ਦੇ ਸਿਧਾਂਤਾ ਨੂੰ ਸਾਹਮਣੇ ਰੱਖਦੇ ਹੋਏ ਕਮੇਟੀ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਦੋਹਰਾਉਣ ‘ਚ ਕੋਈ ਸੰਕੋਚ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ ਅਤੇ ਚਮਨ ਸਿੰਘ ਆਦਿਕ ਮੌਜੂਦ ਸਨ।