ਮੋਦੀ ਨੰਬਰ ਦੋ, ਭਾਵ ਸ੍ਰੀ ਅਮਿਤ ਸ਼ਾਹ ਜੀ, ਪ੍ਰਧਾਨ ਭਾਰਤੀ ਜਨਤਾ ਪਾਰਟੀ, ਆਪਣੀ ਸ਼ਾਹੀ ਜਿੱਤ ਪਿੱਛੋਂ ਪਹਿਲੀ ਵਾਰ, 2 ਮਈ ਨੂੰ ਚਾਰ ਸਿੱਖ ਗੁਰੂ ਸਾਹਿਬਾਨ ਦੀ ਉਸਾਰੀ ਅਤੇ ਛੋਹ ਪ੍ਰਾਪਤ ਧਰਤੀ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਵਾਮੀ ਦਇਆਨੰਦੀ ਆਰੀਆ ਸਮਾਜੀ ਰੰਗ ’ਚ ਰੰਗਣ ਆ ਰਹੇ ਹਨ। ਖਬਰਾਂ ਅਨੁਸਾਰ ਉਸ ਦਿਨ ਉਹ ਪੰਜ ਹਜ਼ਾਰ ਟਕਸਾਲੀ ਬੀ.ਜੇ.ਪੀ. ਵਰਕਰਾਂ ਨੂੰ ਸੰਬੋਧਨ ਕਰਕੇ, ਪੰਜਾਬ ਲਈ ਨਵੀਂ ਰਾਜਨੀਤਿਕ ਸੇਧ ਦੇ ਕੇ 2017 ਵਿੱਚ ਹੋ ਰਹੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਪੰਜਾਬ ਦੇ ਦਲਿਤ ਭਾਈਚਾਰੇ ਨਾਲ ਸਬੰਧ ਪੱਕੇ ਕਰਨ ਪਿੱਛੋਂ, ਕੇਵਲ ਆਪਣੀ ਸਰਦਾਰੀ ਥੱਲੇ ਸਰਕਾਰ ਬਣਾਉਣਗੇ। ਇਸ ਮਨਸ਼ੇ ਦੀ ਪੂਰਤੀ ਲਈ ਸ੍ਰੀ ਅਮਿਤ ਸ਼ਾਹ 16 ਮਈ ਨੂੰ ਫਿਰ ਜਲੰਧਰ ਵਿਖੇ ਆਪਣੀ ਪਾਰਟੀ ਦੀ ਕੌਮੀ ਐਗਜ਼ੈਕਟਿਵ ਦੀ ਮੀਟਿੰਗ ਕਰਨਗੇ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੋਦੀ ਹੁਰਾਂ ਸਣੇ ਵੱਡੇ ਆਗੂ ਤਾਂ ਸ਼ਾਮਲ ਹੋਣਗੇ ਹੀ, ਪਰ ਇਸ ਮੀਟਿੰਗ ਦੀ ਅਸਲੀ ਮਹੱਤਤਾ ਇਹ ਦੱਸੀ ਜਾ ਰਹੀ ਹੈ ਕਿ ਇਸ ਵਿੱਚ ਪੰਜਾਬ ਦੇ 25 ਅਸੈਂਬਲੀ ਹਲਕਿਆਂ ਅੰਦਰ ਹਰ ਥਾਂ 39 ਪ੍ਰਤੀਸ਼ਤ ਦਲਿਤ ਵੋਟ ਦੀ ਹੋਂਦ, ਪਾਰਟੀ ਲਈ ਇਹ ਤਸੱਲੀ ਕਰਵਾਉਂਦੀ ਹੈ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਰਾਜਨੀਤਿਕ ਵਾਰਸ ਭਾਜਪਾਈ ਹੋਣਗੇ। ਇਹ ਮੀਟਿੰਗ ਇਸ ਪ੍ਰਭਾਵ ਨੂੰ ਪੱਕਿਆਂ ਕਰੇਗੀ, ਕਿਉਂਕਿ ਭਾਜਪਾਈ ਹੁਣ ਤੋਂ ਹੀ ਇਹ ਸਮਝੀ ਬੈਠੇ ਹਨ ਕਿ ਪੰਜਾਬ ਦੀ ਦਲਿਤ ਵੋਟ ਉਨ੍ਹਾਂ ਦੇ ਬੋਝੇ ਵਿੱਚ ਹੈ। ਹੁਸ਼ਿਆਰਪੁਰ ਤੋਂ ਪਾਰਲੀਮੈਂਟ ਲਈ ਚੁਣੇ ਗਏ ਸ੍ਰੀ ਵਿਜੇ ਸਾਂਪਲਾ ਜੀ ਆਪ ਰਵੀਦਾਸੀਏ ਹੋਣ ਕਾਰਨ ਇਹ ਵਿਸ਼ਵਾਸ਼ ਬਣਾਈ ਬੈਠੇ ਹਨ ਕਿ ਰਵੀਦਾਸੀਆਂ ਸਮੇਤ ਸਾਰੀ ਪੰਜਾਬ ਦੀ ਦਲਿਤ ਵੋਟ ਉਨ੍ਹਾਂ ਦੀ ਮੁੱਠੀ ਵਿੱਚ ਹੈ ਅਤੇ ਕੇਂਦਰ ਵਿੱਚ ਭਾਜਪਾਈ ਸਰਕਾਰ ਦੇ ਹੁੰਦਿਆਂ ਇਸਦੇ ਸਹਾਰੇ ਨਾਲ ਉਹ ਵੱਡੀ ਪੱਧਰ ਤੇ ਸਿੱਖ ਅਤੇ ਹੋਰ ਦੂਜਿਆਂ ਧਾਰਮਿਕ ਭਾਈਚਾਰਿਆਂ ਦੀਆਂ ਵੋਟਾਂ ਵੀ ਪ੍ਰਾਪਤ ਕਰ ਲੈਣਗੇ। ਕੀ ਇਹ ਹਿਸਾਬ-ਕਿਤਾਬ ਅਤੇ ਪੈਂਤੜੇਬਾਜ਼ੀ ਆਉਂਦੇ ਸਮੇਂ ਸਚਮੁੱਚ ਬੀ.ਜੇ.ਪੀ. ਦਾ ਸਾਥ ਦੇਵੇਗਾ?
ਲਗਭਗ ਇੱਕ ਸਦੀ ਪਹਿਲਾਂ, ਨਾਨਕ-ਗੋਬਿੰਦ ਵਿਚਾਰਧਾਰਾ ਨੂੰ ਵੰਗਾਰਨ ਲਈ ਪਹਿਲੀ ਵਾਰ ਆਰੀਆ ਸਮਾਜੀ ਸਵਾਮੀ ਦਇਆਨੰਦ ਲਾਹੌਰ ਆਏ ਸਨ। ਉਨ੍ਹਾਂ ਵੱਲੋਂ ਲਿਖੀ ਗਈ ਧਾਰਮਿਕ ਪੁਸਤਕ ‘ਸਤਿਆਰਥ ਪ੍ਰਕਾਸ਼’ ਵਿੱਚ ਉਨ੍ਹੀਂ ਦਿਨੀਂ ਗੁਰੂ ਨਾਨਕ ਦੇਵ ਜੀ ਸਬੰਧੀ ਚਰਚਾ ਇਹ ਸੀ ਕਿ ਗੁਰੂ ਜੀ ਗਿਆਨਹੀਣ ਮਨੁੱਖ ਸਨ। ਸਿੱਖਾਂ ਵੱਲੋਂ ਉਸਦਾ ਵਿਰੋਧ ਹੋਣ ਸਦਕਾ ਉਹ ਅੱਖਰ ਤਾਂ ਉਸ ਪੁਸਤਕ ਵਿੱਚੋਂ ਕੱਢੇ ਗਏ, ਪਰ ਆਰੀਆ ਸਮਾਜੀ ਪਹੁੰਚ ਅੱਜ ਤਾਈਂ ਵੀ ਗੁਰੂ ਗ੍ਰੰਥ, ਗੁਰਮੁਖੀ ਲਿਪੀ ਸਮੇਤ ਪੰਜਾਬੀ ਬੋਲੀ ਨੂੰ ਅਤੇ ਸਿੱਖ ਵਿਚਾਰਧਾਰਾ ਨੂੰ ਨਖਿਧ ਮੰਨਦੀ ਹੈ। ਅਮਲੀ ਜੀਵਨ ਵਿੱਚ ਤਾਂ ਪਿਛਲੇ 30 ਸਾਲ ਪੰਜਾਬ ਅੰਦਰ ਆਰੀਆ ਸਮਾਜੀ ਵਿਚਾਰਧਾਰਾ ਦੇ ਸਮਰਥਕਾਂ ਨੇ ਸਰਕਾਰੀ ਸ਼ਕਤੀ ਨਾਲ ਮਿਲ ਕੇ ਸਿੱਖ ਭਾਈਚਾਰੇ ਉੱਪਰ ਜੋ ਜ਼ੁਲਮ ਕਰਵਾਏ, ਭਾਵੇਂ ਉਨ੍ਹਾਂ ਦਾ ਟਕਸਾਲੀ ਲੇਖਾ ਜੋਖਾ ਅਜੇ ਤਾਈਂ ਨਹੀਂ ਮਿਲਿਆ, ਪਰ ਇਤਿਹਾਸਿਕ ਪੱਖੋਂ ਉਹ ਅਥਾਹ ਘ੍ਰਿਣਤ ਸਿਖਰਾਂ ਛੋਹ ਗਏ ਸਨ। ਕੀ ਸ੍ਰੀ ਵਿਜੇ ਸਾਂਪਲਾ ਜੀ ਉਨ੍ਹਾਂ ਬੁਝੀਆਂ ਹੋਈਆਂ ਜਾਂ ਧੂੰਆਂ ਛੱਡ ਰਹੀਆਂ ਬੱਤੀਆਂ ਨੂੰ ਫਿਰ ਰੌਸ਼ਨ ਕਰਨਗੇ? ਜਾਪਦਾ ਇਹ ਹੈ ਕਿ ਗੱਲ ਕੇਵਲ ਸ੍ਰੀ ਵਿਜੇ ਸਾਂਪਲਾ ਤੇ ਸੀਮਤ ਨਹੀਂ ਹੁੰਦੀ, ਸਗੋਂ ਇਸ ਪਿੱਛੇ ਕੰਮ ਕਰਦੀ ਸੋਚ ਦਾ ਖਿਲਾਰਾ ਕੌਮਾਂਤਰੀ ਪੱਧਰ ਤਾਈਂ ਹੈ। ਸੋਚ ਦੇ ਖਿਲਾਰੇ ਤੋਂ ਅੱਗੇ ਉਸਦਾ ਵਰਤਾਰਾ ਹੈ, ਸ੍ਰੀ ਨਰਿੰਦਰ ਮੋਦੀ ਨੂੰ ਅਜੋਕੀ ਧਰਤੀ ਉ¤ਪਰ ਕਥਿਤ ‘ਅੱਤਵਾਦੀ’ ਸ਼ਕਤੀਆਂ ਵਿਰੁੱਧ ਵੱਡੀ ਸੰਧਿਆ ਦੇ ਕੇ ਖੜ੍ਹੇ ਕਰਨਾ। ਘਰ ਵਿੱਚ ਇੱਕ ਗਰੀਬ ਪਦਵੀ ਤੋਂ ਉ¤ਠ ਕੇ 2014 ਵਿੱਚ ਭਾਰਤ ਦੀ ਵਿਸ਼ਾਲ ਵਸੋਂ ਵੱਲੋਂ ਬਹੁਮਤ ਪ੍ਰਾਪਤ ਕਰਕੇ ਪ੍ਰਧਾਨ ਮੰਤਰੀ ਬਣਨਾ, ਧਰਤੀ ਦੇ ਸ਼ਕਤੀਸ਼ਾਲੀ ਆਗੂ ਸ੍ਰੀ ਬਰਾਕ ਓਬਾਮਾ ਨੂੰ ਵੀ ਇੱਕ ਉੱਚਤਮ ਹਸਤੀ ਵਾਲੇ ਮੈਗਜ਼ੀਨ ‘ਟਾਈਮ’ ਅੰਦਰ ਇੱਕ ਲੇਖ ਰਾਹੀਂ ਉਨ੍ਹਾਂ ਦੀ ਸਿਫਤ ਕਰਨ ਦਾ ਪੈਂਤੜਾ ਲਿਆ। ਪਰ ਅਸਲੀਅਤ ਕੁਝ ਹੋਰ ਹੈ। ਉਹ ਹੈ ਕੈਨੇਡਾ ਅੰਦਰ ਸਾਢੇ ਚਾਰ ਕਰੋੜ ਵਸੋਂ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ, ਸਟੀਫਨ ਹਾਰਪਰ ਅਤੇ ਲਗਭਗ ਏਨੇ ਕੁ ਵਜ਼ਨ ਦੇ ਮਾਲਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਕੁਝ ਹੋਰ ਰਾਜਨੀਤਿਕ ਪੈਂਤੜੇ ਸਾਹਮਣੇ ਰੱਖ ਕੇ ਪੱਛਮੀ ਦੇਸ਼ਾਂ ਦੇ ਆਗੂਆਂ ਨੇ ਮੋਦੀ ਨੂੰ ਅੱਤਵਾਦ ਵਿਰੋਧੀ ‘ਹੀਰੋ’ ਵਜੋਂ ਉਭਾਰਨ ਦਾ ਪੈਂਤੜਾ ਲਿਆ ਹੋਇਆ ਹੈ। ਅਮਲੀ ਰੂਪ ਵਿੱਚ ਤਾਂ ਇਸਦਾ ਪਹਿਲਾ ਨਤੀਜਾ ਹੋਵੇਗਾ ਧਰਤੀ ਤੇ ਵਸਦੇ 31 ਪ੍ਰਤੀਸ਼ਤ ਈਸਾਈ ਭਾਈਚਾਰੇ ਅਤੇ 21 ਪ੍ਰਤੀਸ਼ਤ ਇਸਲਾਮੀ ਭਾਈਚਾਰੇ ਵੱਲੋਂ ਹਿੰਦੂ ਭਾਈਚਾਰੇ ਦੀ ਵਿਰੋਧਤਾ, ਜਿਸਦੇ ਥੋੜੇ ਚਿੰਨ ਪੱਛਮੀ ਦੇਸ਼ਾਂ, ਅਫਗਾਨਿਸਤਾਨ, ਪਾਕਿਸਤਾਨ ਅਤੇ ਕਸ਼ਮੀਰ ਵਿੱਚ ਦਿਖਣੇ ਆਰੰਭ ਹੋ ਗਏ ਹਨ।
ਭਾਜਪਾਈਆਂ ਦਾ ਅਸਲੀ ਰੂਪ ਤਾਂ ਬ੍ਰਾਹਮਣਵਾਦੀ ਕਾਂਗਰਸੀਆਂ ਦੀ ਹਾਰ ਪਿੱਛੋਂ ਬਾਣੀਆਵਾਦੀ ਰੂਪ ਵਿੱਚ ਉੱਭਰ ਆਇਆ ਹੈ। ਕਿਸਾਨ ਦੀ ਜ਼ਮੀਨ ਪ੍ਰਾਪਤੀ ਦਾ ਬਿੱਲ ਇਸਦਾ ਇੱਕ ਨਮੂਨਾ ਹੈ। ਪੰਜਾਬ ਅੰਦਰ ਤਾਂ ਲੰਮੇ ਸਮੇਂ ਤੋਂ ਕਿਸਾਨੀ ਜਿਣਸਾਂ ਪੈਦਾ ਕਰਕੇ ਬਾਕੀ ਭਾਰਤ ਦਾ ਬਾਣੀਆ ਰਾਹੀਂ ਢਿੱਡ ਭਰਨਾ ਪ੍ਰਚਲਿਤ ਹੈ। ਪਰ ਇੱਥੋਂ ਉ¤ਭਰੀ ਸੱਚ ਦੀ ਸੋਚ ਬਾਣੀਆ ਨੂੰ ਪ੍ਰਵਾਨ ਨਹੀਂ, ਕਿਉਂਕਿ ਇਹ ਉਹਨਾਂ ਦੇ ਲੋਟੂ ਸੁਭਾਅ ਨੂੰ ਫਿੱਟ ਨਹੀਂ ਬੈਠਦੀ। ਤਾਂ ਫਿਰ ਕਿਸ ਕਿਸਮ ਦਾ ਰਾਜਨੀਤਿਕ ਵਾਯੂਮੰਡਲ ਉੱਭਰ ਸਕਦਾ ਹੈ ਪੰਜਾਬ ਵਿੱਚ ਆਉਣ ਵਾਲੇ ਲਗਭਗ ਇੱਕ-ਦੋ ਸਾਲਾਂ ਵਿੱਚ?
ਬਾਣੀਏ ਪੇਟ ਪਾਲਕ ਨੂੰ ਤਾਂ ‘ਵਿਸ਼ਨੂੰ’ ਮੰਨਦੇ ਹਨ, ਪਰ ਅਸਲੀਅਤ ਵਿੱਚ ਇਹ ਕੰਮ ਕਿਸਾਨ ਕਰਦਾ ਹੈ ਅਤੇ ਹਾਕਮਾਂ ਦੀ ਇਹ ਬੇਸ਼ਰਮੀ ਹੈ ਕਿ ਆਤਮ-ਹੱਤਿਆਵਾਂ ਵੀ ਕਿਸਾਨਾਂ ਨੂੰ ਹੀ ਕਰਨੀਆਂ ਪੈ ਰਹੀਆਂ ਹਨ। ਇਹ ਨਖਿਧ ਵਰਤਾਰਾ ਤਾਂ ਅੰਗਰੇਜ਼ ਦੀ ਗੁਲਾਮੀ ਸਮੇਂ ਵੀ ਕਿਧਰੇ ਨਜ਼ਰੀ ਨਹੀਂ ਸੀ ਆਇਆ, ਭਾਵੇਂ ਸ਼ਾਹੂਕਾਰਾਂ ਦੀਆਂ ਕੁਰਕੀਆਂ ਦੇ ਚਰਚੇ ਚੱਲਦੇ ਰਹਿੰਦੇ ਸਨ। ਕੀ ਇਹ ਸੱਚਾਈ ਨਹੀਂ ਕਿ ਖੁਦਕੁਸ਼ੀਆਂ ਦਾ ਇਹ ਵਰਤਾਰਾ ਮੁੱਖ ਰੂਪ ਵਿੱਚ ਜਗੀਰਦਾਰ ਨਾਨਕ-ਵਿਰੋਧੀ ਬਾਦਲਕਿਆਂ ਅਤੇ ਬਾਣੀਆ ਦੀ ਮਿਲੀਭੁਗਤ ਉੱਪਰ ਉਸਰੇ ਪੰਜਾਬ ਦੇ ਰਾਜਨੀਤਿਕ ਮਹਿਲਾਂ ਵਿੱਚੋਂ ਉਪਜਿਆ ਹੈ?
2002 ਤੋਂ ਪੰਜਾਬ ਦੇ ਰਾਜਨੀਤਿਕ ਪ੍ਰਬੰਧ ਤੇ ਕਾਬਜ਼ ਹੁੰਦਿਆਂ ਹੀ ਬਾਦਲੀ-ਭਾਜਪਾਈ ਗਠਜੋੜ ਨੇ ਮੁੱਖ ਰੂਪ ਵਿੱਚ ਸਾਲ਼ੇ-ਭਣੋਈਏ ਦੀ ਜੋੜੀ ਰਾਹੀਂ ਜੋ ਕਰੂਪ ਵਿਖਾਏ ਉਸਦੀ ਉਪਰੋਕਤ ਚਰਚਾ ਤਿੱਖੀ ਤਾਂ ਹੈ, ਪਰ ਹੈ ਥੋੜੀ। ਇਹਨਾਂ ਦੀ ‘ਕਮਾਈ’ ਜਾਂ ਲੁੱਟ ਤੇ ਕੁੱਟ ਦਾ ਵਰਣਨ ਕਾਫੀ ਵਿਸਥਾਰ ਮੰਗਦਾ ਹੈ। 12000 ਤੋਂ ਵੱਧ ਪੰਜਾਬ ਦੇ ਪਿੰਡਾਂ ’ਚ ਪਈਆਂ ਸਰਕਾਰੀ, ਪੰਚਾਇਤੀ ਜਾਂ ਕੱਚੀਆਂ ਮਾਲਕੀਆਂ ਹੇਠ ਪਈਆਂ ਜ਼ਮੀਨਾਂ ‘ਸਾਡੀਆਂ’ ਹਨ, ਮਿੱਥ ਲਿਆ ‘ਸਾਲ਼ਾ ਭਣੋਈਆ’ ਜੋੜੀ ਨੇ। ਰਾਜਨੀਤਿਕ ਤੇ ਸਰਕਾਰੀ ਹਾਕਮਾਂ ਨੇ ਇਸ ਵਿੱਚ ਹਾਂ ਮਿਲਾ ਕੇ ਭਾਈਚਾਰਕ ਸਾਂਝ ਪਾ ਲਈ। ਥੋੜੀ ਕਨਸੋਅ ਪਹੁੰਚ ਗਈ ਅਦਾਲਤਾਂ ਵਿੱਚ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅਸੈਂਬਲੀ ਮੈਂਬਰਾਂ ਦੀ ਕੋ-ਅੱਪਰੇਟਿਵ ਸੁਸਾਇਟੀ ਵਿਰੁੱਧ ਕੇਸ ਦਰਜ ਕੀਤਾ ਅਤੇ ਮੋਹਾਲੀ ਦੇ ਗਿਰਦ ਵੱਡੀ ਪੱਧਰ ’ਤੇ ਪਈਆਂ ਖਾਲੀ ਜ਼ਮੀਨਾਂ ਤੇ ਹੋਏ ਜਾਲ੍ਹੀ ਤੇ ਬੇਨਾਮੀ ਕਬਜ਼ਿਆਂ ਦੀ ਪੜਤਾਲ ਲਈ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸ੍ਰੀ ਕੁਲਦੀਪ ਸਿੰਘ ਜੀ ਦੀ ਅਗਵਾਈ ਹੇਠ ਇੱਕ ਪੜਤਾਲੀਆ ਕਮਿਸ਼ਨ ਨਿਯੁਕਤ ਕਰ ਦਿੱਤਾ। ਪਰ ਛੇਤੀ ਇਹ ਪਤਾ ਲੱਗਣ ਤੇ ਕਿ ਇਹ ਰੋਗ ਸਾਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ, ਹਾਈਕੋਰਟ ਨੇ ਇਸ ਪੜਤਾਲ ਦਾ ਘੇਰਾ ਸਾਰੇ ਪੰਜਾਬ ਤਾਈਂ ਵਧਾ ਦਿੱਤਾ। ਬਾਦਲ ਸਰਕਾਰ ਹਾਈਕੋਰਟ ਦੇ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਚਲੀ ਗਈ। ਦੋ ਸਾਲ ਮਗਰੋਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਰੱਦ ਕਰ ਦਿੱਤੀ। ਹੁਣ ਇੱਕ ਵਾਰ ਫਿਰ ਇਹ ਮਸਲਾ ਪੰਜਾਬ ਹਾਈਕੋਰਟ ਸਾਹਮਣੇ 24 ਅਪ੍ਰੈਲ ਨੂੰ ਵਿਚਾਰ ਅਧੀਨ ਹੈ ਕਿ ਸਾਰੇ ਪੰਜਾਬ ਅੰਦਰ ਜ਼ਮੀਨਾਂ ਦੇ ਇਹ ਜਾਲ੍ਹੀ ਕਬਜ਼ੇ ਕਿਉਂ ਤੇ ਕਿਹਨਾਂ ਕੋਲ ਹਨ? ਨੀਮ ਪਹਾੜੀ ਪਿੰਡ ਮਿਰਜ਼ਾਪੁਰ (ਜ਼ਿਲ੍ਹਾ ਮੁਹਾਲੀ) ਵਿਖੇ 200 ਏਕੜ ਦੀ ਇੱਕ ਪਹਾੜੀ ਬੇਨਾਮੀ ਰੂਪ ਵਿੱਚ ਸੁਖਬੀਰ ਬਾਦਲ ਦੀ ਹੈ ਅਤੇ ਦੂਜੀ 500 ਏਕੜ ਏਸੇ ਰੂਪ ਵਿੱਚ ਅਮਰਿੰਦਰ ਸਿੰਘ ਦੀ ਹੈ। ਇਹ ਗੱਲ ਤਾਂ ਨਾ-ਮਾਤਰ ਹੈ। ਅਸਲੀ ਲੁੱਟ ਦੇ ਵਰਤਾਰੇ ਤਾਂ ਪਿੰਡ-ਪਿੰਡ ਵਿੱਚ, ਨਦੀ, ਨਾਲ਼ਿਆਂ, ਸੜਕਾਂ, ਬਿਲਡਿੰਗਾਂ, ਸ਼ਹਿਰੀ ਪੇਂਡੂ ਵਸੋਂ, ਆਦਿ-ਆਦਿ ਵਿਖੇ ਤੁਹਾਨੂੰ ਹਰ ਥਾਂ ਮਿਲਣਗੇ। ਜੇ 2017 ਤੱਕ ਇਹ ਪਰਤਾਂ ਖੁੱਲ੍ਹ ਗਈਆਂ ਅਤੇ ਨਾਲ ਦੀ ਨਾਲ ਪੁਲਿਸ ਦੇ ਡੰਡੇ, ਵੱਡੀ ਪੱਧਰ ਤੇ ਹੋਏ ਕਤਲੇਆਮ, ਨਸ਼ਿਆਂ ਦਾ ਖਿਲਾਰਾ ਅਤੇ ਸਾਰੇ ਪੰਜਾਬ ਵਿੱਚ ਕੁੱਤਿਆਂ, ਬਾਂਦਰਾਂ, ਵੱਛਿਆਂ, ਬਾਬਿਆਂ, ਨਸ਼ੱਈਆਂ ਅਤੇ ਗੁੰਡਿਆਂ ਦੀਆਂ ਹੇੜਾਂ ਦੇ ਹਿਸਾਬ-ਕਿਤਾਬ ਲੱਗ ਕੇ ਵੋਟਰਾਂ ਦੇ ਸਾਹਮਣੇ ਆ ਗਏ ਤਾਂ ਅਮਿਤ ਸ਼ਾਹ ਜੀ ਤੁਹਾਡਾ ਗਠਜੋੜ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕੇਗਾ। ਚੇਤਾ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਢੂੰਡ ਤੇ ਪਰਖ ਦੇ ਚਲਦਿਆਂ ਜੇ ਨੇਕੀ ਦੀ ਆਵਾਜ਼ ਵੀ ਨਾਲ-ਨਾਲ ਉ¤ਠਦੀ ਰਹੀ ਤਾਂ ਸਾਰੇ ਵਿਸ਼ਾਲ ਵੋਟਰ ਭਾਈਚਾਰੇ ਨੂੰ ਤੁਸੀਂ ਅੰਨ੍ਹੇ-ਬੋਲ਼ੇ ਨਹੀਂ ਬਣਾ ਸਕੋਗੇ। ਇੱਕ ਹੋਰ ਰਾਜਨੀਤਿਕ ਪੱਖ ਜੋ ਪੰਜਾਬ ਅੰਦਰ ਖਾਸ ਰੂਪ ਵਿੱਚ ਧਿਆਨ ਮੰਗਦਾ ਹੈ, ਉਹ ਹੈ ਕਾਂਗਰਸੀਆਂ ਦੀਆਂ ਰਾਜਨੀਤਿਕ ਕਬਰਾਂ ਦੀ ਉਸਾਰੀ। ਜਿਸਨੂੰ ਰੋਕਣਾ ਹੁਣ ਔਖਾ ਜਾਪਦਾ ਹੈ। ਕਾਮਰੇਡ ਵੀ ਕਿਧਰੇ-ਕਿਧਰੇ ਸਿਰ ਤਾਂ ਚੁੱਕਦੇ ਹਨ, ਪਰ ਹੁਣੇ-ਹੁਣੇ ਧੂਰੀ ਦੀ ਚੋਣ ਵਿੱਚ ਸਿਖਰਲੀ ਨਮੋਸ਼ੀ ਭਰੀ ਜ਼ਮਾਨਤ ਦੀ ਜ਼ਬਤੀ ਕੁਝ ਹੋਰ ਹੀ ਸੇਧ ਦਿੰਦੀ ਹੈ। ਰਹਿ ਗਿਆ ਸਵਾਲ ‘ਆਮ ਆਦਮੀ ਪਾਰਟੀ’ ਦਾ।
ਬਾਦਲ-ਭਾਜਪਾਈ ਰਾਜ ਪ੍ਰਬੰਧ ਤੋਂ ਸਤਾਏ ਪੰਜਾਬੀਆਂ ਨੇ ਜੀ ਭਿਆਣੇ ਵੋਟ ਪਾ ਕੇ ਚਾਰ ਪਾਰਲੀਮਾਨੀ ਸੀਟਾਂ ਇਸ ਪਾਰਟੀ ਨੂੰ ਦੇ ਦਿੱਤੀਆਂ। ਹੁਣ ਇਹ 2017 ਦੀ ਅਸੈਂਬਲੀ ਚੋਣ ਤੇ ਅੱਖ ਲਾਈ ਬੈਠੇ ਹਨ। ਇਹਨਾਂ ਦੇ ਕਿਸੇ ਵੀ ਲੀਡਰ ਨੂੰ ਇਹ ਉ¤ਕਾ ਹੀ ਚੇਤਾ ਨਹੀਂ ਜਾਪਦਾ ਕਿ ਪੰਜਾਬ ਦਾ ਇੱਕ ਆਪਣਾ ਇਤਿਹਾਸ ਹੈ। ਉਹ ਇਤਿਹਾਸ ਕੀ ਹੈ? ਸੱਚ ਦੀ ਖੋਜ ਦਾ ਇਤਿਹਾਸ। ਉਸ ਤੇ ਪਹਿਰਾ ਦੇਣ ਤੇ ਕੁਰਬਾਨੀਆਂ ਦਾ ਇਤਿਹਾਸ। ‘ਵਰਣ ਆਸ਼ਰਮ ਪਰਮੋ ਧਰਮਾ’ (ਭਾਵ ਚਾਰ ਵਰਣਾਂ- ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ) ਵਿਰੁੱਧ ਨਾਨਕ-ਗੋਬਿੰਦ ਵਿਚਾਰਧਾਰਾ ਦਾ ਇਤਿਹਾਸ, ਮਨੁੱਖੀ ਅਧਿਕਾਰਾਂ ਦਾ ਇਤਿਹਾਸ, ਅਮੀਰੀ-ਗਰੀਬੀ ਦੇ ਪਾੜੇ ਦੇ ਖਾਤਮੇ ਦਾ ਇਤਿਹਾਸ, ਜੰਗੇ-ਏ-ਅਜ਼ਾਦੀ ਦਾ ਇਤਿਹਾਸ, ਅਤੇ ਸਮੁੱਚਾ ਸਿੱਖ ਇਤਿਹਾਸ। ਕੇਜਰੀਵਾਲ ਸਮਰਥਕ ਅਤੇ ਵਿਰੋਧੀ ਸੱਜਣੋ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਤਾਂ ਠੀਕ ਹੈ, ਪਰ ਪੰਜਾਬ ਤਾਂ ਇਸ ਤੋਂ ਕਈ ਗੁਣਾ ਵੱਡੀਆਂ ਲੜਾਈਆਂ ਵਿੱਚੋਂ ਦੀ ਲੰਘਿਆ ਹੈ, ਅਤੇ ਅਜਿਹੇ ਲੜਾਕੂਆਂ ਦੀ ਇੱਕ ਵੱਡੀ ਫੌਜ ਇਸ ਧਰਤੀ ਤੇ ਅਜੇ ਸੁਸ਼ੋਭਿਤ ਹੈ। ਭਗਵੰਤ ਮਾਨ ਭਾਸ਼ਣਾਂ ਦੀ ਕਲਾਬਾਜ਼ੀਆਂ ਰਾਹੀਂ ਤੁਹਾਨੂੰ ਕਿੱਥੇ ਤੱਕ ਲੈ ਕੇ ਜਾ ਸਕਦਾ ਹੈ? ਆਮ ਆਦਮੀ ਪਾਰਟੀ ਦੇ ਮੁਕਾਬਲੇ ਤੇ ਇਸ ਧਰਤੀ ਨੇ ਇੱਕ ‘ਸਰਬੱਤ ਖਾਲਸਾ’ ਪ੍ਰੰਪਰਾ ਨੂੰ ਵੀ ਜਨਮ ਦਿੱਤਾ ਸੀ, ਜਿਸਦਾ ਮੁਕਾਬਲਾ ਤਾਂ ਅਜੋਕੀਆਂ ਪੱਛਮ ਦੀਆਂ ਪਾਰਲੀਮੈਂਟਾਂ ਵੀ ਨਹੀਂ ਕਰ ਸਕਦੀਆਂ। ਤੁਹਾਡੀਆਂ ਆਸਾਂ ਤੁਹਾਨੂੰ ਮੁਬਾਰਕ, ਪਰ ਇਹਨਾਂ ਵਿੱਚ ਦਮ ਨਹੀਂ।
ਮੋਦੀ ਸਰਕਾਰ ਨੇ ਦੇਸ਼ ਵਿੱਚ ਇੱਕ ‘ਸਮਾਰਟ ਸਿਟੀ’ ਉਸਾਰਨ ਦੀ ਅਰਬਾਂ-ਖਬਰਾਂ ਰੁਪਏ ਖਰਚ ਕੇ ਵੱਡੀ ਸਕੀਮ ਅਰੰਭੀ। ਸਾਡੀ ਜਾਚੇ ਇਹ ਪੈਂਤੜਾ ‘ਵਰਣ ਆਸ਼ਰਮ ਪਰਮੋ ਧਰਮਾ’ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਦਾ ਉਪਰਾਲਾ ਹੈ, ਜਿਸ ਅਧੀਨ ਬ੍ਰਾਹਮਣਾਂ/ਬਾਣੀਆਂ ਨੂੰ ਉੱਚੀ ਪਦਵੀ ਤੇ ਰੱਖਿਆ ਜਾ ਸਕੇ। ਕਿਸਾਨਾਂ ਪਾਸੋਂ ਉਪਜਾਊ ਧਰਤੀ ਖੋਹ ਕੇ ਬਾਣੀਆ ਭਾਈਚਾਰੇ ਨੂੰ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਵਾਲੇ ਮਹੱਲਾਂ ’ਚ ਸੁਸ਼ੋਭਿਤ ਕਰਨਾ ਹੈ। ਪੰਜਾਬੀਓ ਤੇ ਸਿੱਖ ਵੀਰੋ ਪਾਪੀਆਂ ਦਾ ਇਹ ਪੈਂਤੜਾ ਤਾਂ ਸਾਡੀ ਅਣਖ ਨੂੰ ਵੰਗਾਰ ਹੈ। ਮੋਦੀ ਅਤੇ ਅਮਿਤ ਸ਼ਾਹ ਦੀਆਂ ਪੰਜਾਬ ਫੇਰੀਆਂ ਨੂੰ ਫਲ਼ ਨਹੀਂ ਪੈਣੇ ਚਾਹੀਦੇ।
ਅੰਤ ਵਿੱਚ ਅੱਜਕਲ੍ਹ ਚਰਚਿਤ ਮਹਾਨ ਦੇਸ਼ ਭਗਤ ਸ੍ਰੀ ਸੁਭਾਸ਼ ਚੰਦਰ ਬੋਸ ਜੀ ਸਬੰਧੀ ਭਾਰਤ ਸਰਕਾਰ ਵੱਲੋਂ ਲੁਕਾਏ ਜਾਂ ਗੁੰਮ ਕਰ ਦਿੱਤੇ ਗਏ ਇਤਿਹਾਸਕ ਰਿਕਾਰਡ ਦੀ ਚਰਚਾ ਬੜੀ ਵੱਡੀ ਪੱਧਰ ਤੇ ਚੱਲ ਰਹੀ ਹੈ। ਇਸ ਕਰਤੂਤ ਦੀ ਸਾਰੀ ਜ਼ਿੰਮੇਵਾਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੀ ਬੇਟੀ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਫਿਰ ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਹਾਕਮ ਰਾਜੀਵ ਗਾਂਧੀ ਆਦਿ ਤੇ ਪਾਈ ਜਾ ਰਹੀ ਹੈ। ਸਰਕਾਰੀ ਰਿਕਾਰਡ ਦਾ ਗੁੰਮ ਕਰਨਾ ਜਾਂ ਉਹਨੂੰ ਸਾੜ ਦੇਣਾ ਕਾਂਗਰਸ ਅਤੇ ਨਹਿਰੂ ਖਾਨਦਾਨ ਲਈ ਕੋਈ ਵੱਡੀ ਗੱਲ ਨਹੀਂ। ਭਾਰਤ ਦੇ ਪੁਰਾਣੇ 30 ਸਾਲਾ ਇਤਿਹਾਸ ਤੇ ਜੇਕਰ ਨਿਗ੍ਹਾ ਮਾਰੀਏ ਤਾਂ ‘ਸਾਕਾ ਨੀਲਾ ਤਾਰਾ’ ਦਾ ਇਤਿਹਾਸ, ਅਣਪਛਾਤੀਆਂ ਲਾਸ਼ਾਂ ਦਾ ਇਤਿਹਾਸ, ਝੂਠੇ ਪੁਲਿਸ ਮੁਕਾਬਲਿਆਂ ਦਾ ਇਤਿਹਾਸ, ਦਿੱਲੀ ਆਦਿ ਸ਼ਹਿਰਾਂ ਤੇ ਪਿੰਡਾਂ ਵਿੱਚ ਸਿੱਖਾਂ ਦੀ ‘ਕੁਲ਼ਨਾਸ’ ਦਾ ਇਤਿਹਾਸ, ਸਭ ਤੋਂ ਉ¤ਪਰ ਚੀਨ-ਭਾਰਤ ਸਰਹੱਦ ਦੇ ਝਗੜੇ ਦਾ ਇਤਿਹਾਸ। ਇਸ ਸਬੰਧੀ ਸ੍ਰੀ ਏ. ਜੀ. ਨੂਰਾਨੀ ਦੀ ਪੁਸਤਕ ‘ਇੰਡੀਆ ਚਾਈਨਾ ਬਾਊਂਡਰੀ ਪ੍ਰਾਬਲਮ 1846-1947 ਹਿਸਟਰੀ ਐਂਡ ਡਿਪਲੋਮੇਸੀ’ ਵਿੱਚ ਪੰਨਾ 225 ਉੱਪਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਦਾ ਇੱਕ 16 ਪਹਿਰਿਆਂ ਦਾ ਸਰਕਾਰੀ ਹੁਕਮ ਦਰਜ ਹੈ, ਜੋ ਉਨ੍ਹਾਂ ਨੇ ਆਪਣੇ ਤਿੰਨ ਅਫਸਰਾਂ- ਸੈਕਟਰੀ-ਜਨਰਲ, ਵਿਦੇਸ਼ ਸੈਕਟਰੀ ਅਤੇ ਜਾਇੰਟ ਸੈਕਟਰੀ ਨੂੰ 18 ਜੂਨ 1954 ਨੂੰ ਭੇਜਿਆ ਅਤੇ ਅੱਗੋਂ ਉਨ੍ਹਾਂ ਅਫਸਰਾਂ ਨੇ ਉਸ ਤੇ ਪਹਿਲੀ ਜੁਲਾਈ 1954 ਨੂੰ ਅਮਲ ਵਿੱਚ ਲੈ ਆਂਦਾ। ਇਸ ਹੁਕਮ ਅਧੀਨ 7 ਤੋਂ 10 ਨੰਬਰ ਪਹਿਰਿਆਂ ਵਿੱਚ ਕਿਹਾ ਗਿਆ ਸੀ ਕਿ ਭਾਰਤ ਅੰਦਰ ਉਪਲੱਬਧ ਇਸ ਸਰਹੱਦ ਦੇ ਸਾਰੇ ਨਕਸ਼ੇ ਸਾੜ ਦਿਓ ਅਤੇ ਅਜਿਹੇ ਨਵੇਂ ਨਕਸ਼ੇ ਬਣਾ ਲਓ ਜਿਨਾਂ ਤੇ ਲਗਭਗ ਸਿੱਧੀਆਂ ਸਰਹੱਦੀ ਲੀਕਾਂ ਖਿੱਚੀਆਂ ਹੋਣ ਅਤੇ ਹੋਰ ਕਿਸੇ ਲੀਕ ਨੂੰ ਮੰਨਣਾ ਛੱਡ ਦਿਓ। ਜੇ ਕਿਧਰੇ ਚੀਨੀ ਕਿਸੇ ਇਲਾਕੇ ਤੇ ਜ਼ੋਰ ਪਾਉਣ ਤਾਂ ਉੱਥੇ ਆਪਣੀਆਂ ਤਕੜੀਆਂ ਚੌਂਕੀਆਂ ਬਿਠਾ ਦਿਓ, ਪਿੱਛੇ ਹਟਣ ਦੀ ਲੋੜ ਨਹੀਂ ਕਿਉਂਕਿ ਚੀਨ ਲੜਾਈ ਤਾਈਂ ਨਹੀਂ ਜਾਏਗਾ। ਆਪਣੇ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਦਫਤਰਾਂ ਨੂੰ ਇਹ ਨਕਸ਼ੇ ਭੇਜ ਦਿਓ ਅਤੇ ਅੱਗੇ ਤੋਂ ਪੁਰਾਣੇ ਨਕਸ਼ਿਆਂ ਦੀ ਗੱਲ ਬੰਦ ਕਰ ਦਿਓ। ਇਸ ਪੁਸਤਕ ਦੇ ਲਿਖਾਰੀ ਸ੍ਰੀ ਏ. ਜੀ. ਨੂਰਾਨੀ ਕਹਿੰਦੇ ਹਨ ਕਿ ਇਹਨਾਂ ਨਕਸ਼ੇ ਸਾੜਨ ਵਾਲਿਆਂ ’ਚ ਇੱਕ ਸੱਜਣ ਅੱਜਕਲ੍ਹ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ ਜਿਸਨੇ ਉਨ੍ਹਾਂ ਨੂੰ ਇਹ ਦੱਸਿਆ ਕਿ ਨਕਸ਼ੇ ਸਾੜਨ ਸਮੇਂ ਉਹ ਇੱਕ ਛੋਟੇ ਅਫਸਰ ਸਨ, ਪਰ ਮਗਰੋਂ ਉਹ ‘ਵਿਦੇਸ਼ ਸਕੱਤਰ’ ਦੇ ਰੂਪ ਵਿੱਚ ਰਿਟਾਇਰ ਹੋਏ। ਰਿਕਾਰਡ ਗੁੰਮ ਕਰਨ ਦੀ ਇੱਕ ਦੂਜੀ ਘਟਨਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਜੀ ਦੀ ਮਾਸਕੋ ਵਿੱਚ ਹੋਈ ਮੌਤ। ਸ਼ਾਸਤਰੀ ਜੀ ਦੀ ਪਤਨੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਤੀ ਨੂੰ ਉੱਥੇ ਜ਼ਹਿਰ ਦੇ ਕੇ ਮਾਰਿਆ ਗਿਆ ਸੀ। ਪਰ ਅੱਜ ਤਾਈਂ ਇਸਦੀ ਕੋਈ ਪੜਤਾਲ ਨਹੀਂ ਹੋਈ। ਇੱਕ ਤੀਜੀ ਘਟਨਾ ਜਿਸਦੀ ਚਰਚਾ ‘ਇਤਿਹਾਸ ਅੰਦਰ ਸਿੱਖ’ ਪੁਸਤਕ ਵਿੱਚ ਸਰਦਾਰ ਸੰਗਤ ਸਿੰਘ ਹੁਰਾਂ ਨੇ ਕੀਤੀ ਹੈ। ਉਹ ਕਹਿੰਦੇ ਹਨ ਕਿ ਇੰਦਰਾ ਗਾਂਧੀ ਨੇ ਫੌਜੀ ਮੁਖੀ ਜਨਰਲ ਵੈਦੀਆ ਨਾਲ ਇਹ ਵਿਉਂਤ ਬਣਾਈ ਹੋਈ ਸੀ ਕਿ 8 ਦਸੰਬਰ 1984 ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਸਬੰਧੀ ਕੱਢੇ ਜਾਣ ਵਾਲੇ ਨਗਰ ਕੀਰਤਨਾਂ ਦੇ ਅਵਸਰ ਤੇ ਪਾਕਿਸਤਾਨ ਦੀ ਸਰਹੱਦ ਤੇ ਫੌਜੀ ਝੜਪਾਂ ਕਰਵਾਈਆਂ ਜਾਣ ਅਤੇ ਉਸ ਬਹਾਨੇ ਨਾਲ ਸਿੱਖ ਨਗਰ ਕੀਰਤਨਾਂ ਤੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਬੰਬਾਰੀ ਕੀਤੀ ਜਾਵੇ ਅਤੇ ਕਿਹਾ ਇਹ ਜਾਏ ਕਿ ਸਿੱਖਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਪਾਕਿਸਤਾਨ ਦੀ ਸਹਾਇਤਾ ਨਾਲ ਯੁੱਧ ਆਰੰਭ ਦਿੱਤਾ ਹੈ ਅਤੇ ਏਸੇ ਲੜੀ ਵਿੱਚ ਭਾਰਤ ਦੇ ਦੂਜਿਆਂ ਹਿੱਸਿਆਂ ਵਿੱਚ ਵਸਦੇ ਸਿੱਖਾਂ ਤੇ ਮਾਰੂ ਵਾਰ ਕੀਤੇ ਜਾਣ। ਪਰ ਕਿਉਂਕਿ ਇੰਦਰਾ ਦੀ ਆਪਣੀ ਮੌਤ 30 ਅਕਤੂਬਰ ਨੂੰ ਹੋ ਗਈ ਅਤੇ ਕਾਂਗਰਸੀ ਯੂਥ ਵਿੰਗ ਨੂੰ ਦਿੱਤੀਆਂ ਹਦਾਇਤਾਂ ਅਨੁਸਾਰ ਸਪਲਾਈ ਕੀਤਾ ਗਿਆ ਮਸਾਲਾ ਸਾਰਾ ਸਿੱਖਾਂ ਨੂੰ ਮਾਰਨ ਸਾੜਨ ਲਈ 1 ਤੇ 2 ਨਵੰਬਰ ਨੂੰ ਵਰਤਿਆ ਗਿਆ। ਭਾਰਤ ਦੇ ਅਨੇਕ ਹਿੱਸਿਆਂ ਵਿੱਚ ਫਿਰਕੂ ਦੰਗੇ ਅਤੇ ਸਰਹੱਦੀ ਲੜਾਈਆਂ ਕਿਵੇਂ ਹੋਈਆਂ ਤੇ ਉਨ੍ਹਾਂ ਦੀ ਜਾਣਕਾਰੀ ਦੀਆਂ ਸਰਕਾਰੀ ਫਾਈਲਾਂ ਕਿੱਥੇ ਨੇ? ਇਹਨਾਂ ਵੱਡੇ ਮਸਲਿਆਂ ਸਬੰਧੀ ਤਾਂ ਪੜਤਾਲਾਂ ਦਾ ਕਿਸੇ ਨੂੰ ਕੋਈ ਚਿੱਤ ਚੇਤਾ ਹੀ ਨਹੀਂ। ਰਿਕਾਰਡ ਗੁੰਮ ਕਰਨੇ ਜਾਂ ਸਾੜਨੇ ਇਹ ਤਾਂ ਅਜੋਕੀ ਸਰਕਾਰ ਦੇ ਖਾਤੇ ਵਿੱਚ ਵੀ ਪੈਣਗੇ।
ਸਤਿਕਾਰਯੋਗ ਨਾਨਕ, ਗੋਬਿੰਦ, ਕਬੀਰ, ਰਵੀਦਾਸ, ਸ਼ੇਖ ਫਰੀਦ, ਨਾਮਦੇਵ, ਤ੍ਰਿਲੋਚਨ, ਬੇਨੀ, ਧੰਨਾ, ਸੈਣ, ਪੀਪਾ, ਸਾਧਨਾ, ਜੈਦੇਵ, ਰਾਮਾਨੰਦ, ਪਰਮਾਨੰਦ, ਸੂਰਦਾਸ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਾਰਸੋ ਪੰਜਾਬ ਅੰਦਰ ਆਰੀਆ ਸਮਾਜੀ ਤੇ ਭਾਜਪਾਈ ਮਿਥਿਹਾਸਕ ਅਤੇ ਮੂਰਤੀ-ਪੂਜਕ ਸ਼ਕਤੀਆਂ ਦੇ ਪਲੀਤ ਪੈਰਾਂ ਦੇ ਨਿਸ਼ਾਨ ਨਾ ਲੱਗਣ ਦਿਓ, ਤਾਂ ਜੋ ਸਾਡੀ ਆਪਣੀ ਆਤਮਾ ਜ਼ਖਮੀ ਨਾ ਹੋਵੇ।