ਅੰਮ੍ਰਿਤਸਰ – ਨੇਪਾਲ ਦੇ ਭੂਚਾਲ ਪੀੜ੍ਹਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਡੀਗੜ੍ਹ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਜਹਾਜ ਰਾਹੀਂ ਸੁੱਕੀ ਰਸਦ ਅੱਜ ਮੰਗਲਵਾਰ ੨੮-੪-੧੫ ਨੂੰ ਰਵਾਨਾ ਕਰੇਗੀ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅੱਜ ੨੮-੪-੧੫ ਮੰਗਲ ਵਾਰ ਨੂੰ ਚੰਡੀਗੜ੍ਹ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਸ। ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ੫੦ ਮੁਲਾਜ਼ਮ ਸੁੱਕੀ ਰਸਦ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਹਵਾਈ ਜਹਾਜ ਰਾਹੀਂ ਕਾਠਮੰਡੂ (ਨੇਪਾਲ) ਲਈ ਰਵਾਨਾ ਹੋਣਗੇ ਅਤੇ ਕੈਂਪ ‘ਚ ਲੰਗਰ ਤਿਆਰ ਕਰਕੇ ਭੂਚਾਲ ਪੀੜ੍ਹਤਾਂ ਦੀ ਸਹਾਇਤਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਰਸਦ ਚੰਡੀਗੜ੍ਹ ਤੋਂ ਖਰੀਦ ਕਰ ਲਈ ਗਈ ਹੈ।
ਜਿਕਰਯੋਗ ਹੈ ਕਿ ਮਿਤੀ ੨੬-੪-੧੫ ਨੂੰ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਜਾਇਜਾ ਲੈਣ ਲਈ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮੈਂਬਰੀ ਟੀਮ ਸ। ਰਜਿੰਦਰ ਸਿੰਘ ਮਹਿਤਾ, ਸ। ਮੋਹਨ ਸਿੰਘ ਬੰਗੀਂ ਅੰਤ੍ਰਿੰਗ ਮੈਂਬਰ, ਸ। ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਕੋ-ਆਰਡੀਨੇਟਰ ਸ। ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਨੇਪਾਲ ਵਿਖੇ ਪਹੁੰਚ ਚੁੱਕੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਬਿਹਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਏ ਭੂਚਾਲ ਕਾਰਣ ਜੋ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਰੋਟੀ ਤੋਂ ਮੁਹਥਾਜ ਹਨ ਲਈ ਰਾਸ਼ਨ ਭੇਜਿਆ ਜਾ ਰਿਹਾ ਹੈ।ਇਸ ਟੀਮ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ। ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ। ਹਰਪ੍ਰੀਤ ਸਿੰਘ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ। ਬਲਵਿੰਦਰ ਸਿੰਘ ਹੁੰਦਲ ਸੁਪਰਵਾਈਜ਼ਰ, ਸ। ਮਨਜੀਤ ਸਿੰਘ ਸਟੋਰ ਕੀਪਰ, ਸ। ਹਰਭਿੰਦਰ ਸਿੰਘ ਇੰਚਾਰਜ ਲੰਗਰ ਅਤੇ ਸ। ਜਸਵਿੰਦਰ ਸਿੰਘ ਲੁਧਿਆਣਾ, ਸ। ਸ਼ੈਲਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸ। ਸਰਜਿੰਦਰ ਸਿੰਘ ਜਨਰਲ ਸਕੱਤਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਦਿ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਲੋੜਵੰਦ ਭੂਚਾਲ ਪੀੜਤਾਂ ਲਈ ਰਾਸ਼ਨ (ਲੰਗਰ) ਤਿਆਰ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਧਰੇ ਜੇਕਰ ਕੁਦਰਤੀ ਆਫਤ ਆਉਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਆਪਣੇ ਗੁਰਸਿੱਖੀ ਸਿਧਾਂਤ ਮੁਤਾਬਿਕ ਉਸ ਸਥਾਨ ਤੇ ਪਹੁੰਚ ਕੇ ਪੀੜ੍ਹਤਾਂ ਦੀ ਹਰ ਸੰਭਵ ਮਦਦ ਕਰਦੀ ਹੈ।ਉਸੇ ਤਰ੍ਹਾਂ ਹੀ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਵੀ ਨੇਪਾਲ ਤੇ ਬਿਹਾਰ ਦੇ ਭੂਚਾਲ ਪੀੜ੍ਹਤਾਂ ਦੀ ਬਿਨਾਂ ਭੇਦਭਾਵ ਮਦਦ ਕੀਤੀ ਜਾਵੇਗੀ।