ਆਮ ਆਦਮੀ ਪਾਰਟੀ ਦੇ ਜਿਲਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਹਾਲ ਹੀ ਵਿੱਚ ਬਾਦਲ ਦੀ ਓਰਬਿਟ ਬੱਸ ਵਿੱਚ ਵਾਪਰੀ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਹੈ, ਜਿਸ ਵਿੱਚ ਕਿ ਇੱਕ 13 ਸਾਲਾਂ ਦੀ ਨੰਨ੍ਹੀ ਛਾਂ ਅਤੇ ਉਸਦੀ ਮਾਂ ਆਪਣੇ ਨਾਲ ਹੁੰਦੀ ਛੇੜਖਾਨੀ ਦਾ ਵਿਰੋਧ ਕਰ ਰਹੀਆਂ ਸਨ ਤਾਂ ਉਨ੍ਹਾਂ ਨੂੰ ਚਲਦੀ ਬੱਸ ਵਿੱਚੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿਤਾ ਗਿਆ। ਜਿਸ ਵਿੱਚ 13 ਸਾਲਾਂ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ ਮਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਗਰੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ, ਦੂਜੀ ਗੱਲ ਇਹ ਕਿ ਇਹ ਬੱਸ ਖੁਦ ਬਾਦਲ ਪਰਿਵਾਰ ਦੀ ਕੰਪਨੀ ਦੀ ਹੈ, ਜਿਸ ਵਿੱਚ ਪਹਿਲਾਂ ਵੀ ਸ਼ਰੇਆਮ ਗੁੰਡਾਗਰਦੀ ਦੇ ਨਾਚ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਇੱਕੋ ਹੀ ਪਰਮਿਟ ਤੇ ਕਈ ਬੱਸਾਂ ਚਲਾਈਆਂ ਜਾਂਦੀਆਂ ਹਨ ਅਤੇ ਸੜਕਾਂ ਉੱਤੇ ਮੌਤ ਬਣ ਕੇ ਦੌੜਦੀਆਂ ਹਨ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ। ਜਿੱਥੇ ਹਰਸਿਮਰਤ ਕੌਰ ਬਾਦਲ ਨੰਨ੍ਹੀ ਛਾਂ ਨੂੰ ਬਚਾਉਣ ਦੀਆਂ ਗੱਲਾਂ ਕਰਦੀ ਹੈ, ਉੱਥੇ ਉਹਨਾਂ ਦੀਆਂ ਆਪਣੀਆਂ ਬੱਸਾਂ ਵਿੱਚ ਹੀ ਨੰਨ੍ਹੀ ਛਾਂ ਸੁਰੱਖਿਅਤ ਨਹੀਂ ਰਹੀ, ਇਸ ਤੋਂ ਵਧ ਕੇ ਪੰਜਾਬ ਸਰਕਾਰ ਲਈ ਹੋਰ ਸ਼ਰਮ ਦੀ ਗੱਲ ਕੀ ਹੋਵੇਗੀ।
ਆਮ ਆਦਮੀ ਪਾਰਟੀ ਨੇ ਲੁਧਿਆਣਾ ਵਿੱਚ ਇਸ ਘਟਨਾ ਦੇ ਰੋਸ ਵੱਜੋਂ ਆਰਤੀ ਚੌਂਕ ਵਿੱਚ ਕੈਂਡਲ ਲਾਈਟ ਮਾਰਚ ਕੱਢਿਆ ਅਤੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਬੱਸ ਕੰਪਨੀ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਤੇ ਆਪਣੀ ਰਿਸ਼ਤੇਦਾਰੀ ਨੂੰ ਭੁੱਲ ਕੇ ਉਸ ਬੱਚੀ ਤੇ ਉਸਦੀ ਪੀੜਤ ਮਾਂ ਨਾਲ ਇਨਸਾਫ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਨਤੀਜਾ ਬਹੁਤ ਜਲਦ ਹੀ ਦੇਖਣ ਨੂੰ ਮਿਲੇਗਾ। ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰ ਪੀੜਤ ਪਰਿਵਾਰ ਨਾਲ ਸਹਿਯੋਗ ਲਈ ਖੜੇ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਕੀਤੀ ਵਧੀਕੀ ਨੂੰ ਸਹਿਣ ਨਹੀਂ ਜਾਵੇਗਾ।