ਮੋਗਾ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਆਪਣੀ ਆਰਬਿਟ ਐਵੀਏਸ਼ਨ ਕੰਪਨੀ ਦੀਆਂ ਬੱਸਾਂ ਦੀ ਆਵਾਜਾਈ ਹਾਲ ਦੀ ਘੜੀ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਕੰਪਨੀ ਦੀ ਬੱਸ ਵਿੱਚੋਂ ਬੁੱਧਵਾਰ ਨੂੰ ਇੱਕ 13 ਸਾਲ ਦੀ ਲੜਕੀ ਨਾਲ ਛੇੜਛਾੜ ਕਰਨ ਤੋਂ ਬਾਅਦ ਉਸ ਨੂੰ ਅਤੇ ਉਸ ਦੀ ਮਾਂ ਨੂੰ ਚੱਲਦੀ ਬੱਸ ਵਿੱਚੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ ਸੀ।ਜਿਸ ਕਾਰਨ ਉਸ ਬੱਚੀ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਜਖਮੀ ਹੈ।ਇਸ ਦੁੱਖਦਾਈ ਘਟਨਾ ਤੋਂ ਬਾਅਦ ਪੰਜਾਬ ਵਿੱਚ ਕੁਝ ਜੱਥੇਬੰਦੀਆਂ ਵੱਲੋਂ ਬਾਦਲ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਆਪਣੀ ਕੰਪਨੀ ਨੂੰ ਕਿਹਾ ਹੈ ਕਿ ਉਹ ਆਪਣੇ ਸਟਾਫ਼ ਨੂੰ ਓਰੀਅੰਟੇਸ਼ਨ ਕੋਰਸ ਦੇ ਲਈ ਭੇਜੇ। ਜਦੋਂ ਤੱਕ ਇਹ ਕੋਰਸ ਪੂਰਾ ਨਹੀਂ ਹੋ ਜਾਂਦਾ ਤਦ ਤੱਕ ਕੰਪਨੀ ਦੀਆਂ ਬੱਸਾਂ ਨਹੀਂ ਚੱਲਣਗੀਆਂ। ਪੰਜਾਬ ਵਿੱਚ ਅਕਾਲੀ ਸਰਕਾਰ ਲੜਕੀ ਦੀ ਮੌਤ ਤੋਂ ਬਾਅਦ ਰਾਜਨੀਤਕ ਤੌਰ ਤੇ ਸਾਰਿਆਂ ਪਾਸਿਆਂ ਤੋਂ ਬੁਰੀ ਤਰ੍ਹਾਂ ਘਿਰ ਗਈ ਹੈ। ਕਾਂਗਰਸ ਅਤੇ ਆਪ ਪਾਰਟੀ ਵੱਲੋਂ ਪੰਜਾਬ ਅਤੇ ਦਿੱਲੀ ਵਿੱਚ ਉਨ੍ਹਾਂ ਦੇ ਖਿਲਾਫ਼ ਵਿਰੋਧ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੋਵਾਂ ਪਾਰਟੀਆਂ ਵੱਲੋਂ ਇਸ ਕੰਪਨੀ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਰੇਪ ਦੀ ਵਾਰਦਾਤ ਤੋਂ ਬਾਅਦ ਊਬਰ ਕੈਬ ਨੂੰ ਬੰਦ ਕਰ ਦਿੱਤਾ ਗਿਆ ਸੀ। ਉਸੇ ਤਰ੍ਹਾਂ ਇਸ ਕੰਪਨੀ ਨੂੰ ਵੀ ਬੰਦ ਕੀਤਾ ਜਾਵੇ।
ਬੱਸ ਦੀਆਂ ਖਿੜਕੀਆਂ ਰੰਗੀਆਂ ਹੋਈਆਂ ਹਨ ਅਤੇ ਉਨ੍ਹਾਂ ਤੇ ਪਰਦੇ ਲਗੇ ਹੋਏ ਹਨ ਜੋ ਕਿ ਗੈਰ ਕਾਨੂੰਨੀ ਹਨ।ਕਾਂਗਰਸ ਦਾ ਕਹਿਣਾ ਹੈ ਕਿ ਆਰਬਿਟ ਕੰਪਨੀ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ।ਕੰਪਨੀ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਕਿਉਂਕਿ ਕੰਪਨੀ ਸੱਤਾਧਾਰੀ ਫੈਮਿਲੀ ਦੀ ਹੈ। ਪਰੀਵਾਰ ਵਾਲਿਆਂ ਨੇ ਅਜੇ ਤੱਕ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ।ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਤੇ ਮੁਕਦਮਾ ਦਰਜ਼ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ਼ ਚਾਹੀਦਾ ਹੈ। ਲੜਕੀ ਦੇ ਪਰੀਵਾਰ ਵੱਲੋਂ 20 ਲੱਖ ਰੁਪੈ ਦੀ ਮੱਦਦ ਅਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਗਈ ਹੈ।